ਫ਼ਾਜ਼ਿਲਕਾ, 7 ਨਵੰਬਰ (ਅਮਰਜੀਤ ਸ਼ਰਮਾ)-1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਪੰਜਾਬ ਨੇ ਸੂਬੇ ਭਰ ਵਿਚ ਉਚੇਰੀ ਸਿੱਖਿਆ ਵਿਭਾਗ ਵਲੋਂ ਜਾਰੀ ਪੱਤਰ ਦੀਆਂ ਕਾਪੀਆਂ ਫੂਕਣ ਦੇ ਦਿੱਤੇ ਸੱਦੇ 'ਤੇ ਅੱਜ ਸਥਾਨਕ ਐਮ ਆਰ ਸਰਕਾਰੀ ਕਾਲਜ ਵਿਖੇ 1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਨੇ ਵੀ ਇਕੱਠੇ ਹੋ ਕੇ ਨਾਅਰੇਬਾਜ਼ੀ ਕੀਤੀ ਅਤੇ ਉਚੇਰੀ ਸਿੱਖਿਆ ਵਲੋਂ ਜਾਰੀ ਕੀਤੇ ਪੱਤਰ ਨੂੰ ਫ਼ੂਕ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਇਸ ਤੋਂ ਬਾਅਦ ਪ੍ਰੋਫ਼ੈਸਰਾਂ ਨੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਵੀ ਸੌਂਪਿਆ | ਪ੍ਰੋਫ਼ੈਸਰ ਜਸਕਰਨ ਸਿੰਘ ਨੇ ਕਿਹਾ ਕਿ ਉਚੇਰੀ ਸਿੱਖਿਆ ਵਿਭਾਗ ਵਲੋਂ ਜਾਰੀ ਇਸ ਪੱਤਰ ਵਿਚ ਨਾਦਰਸ਼ਾਹੀ ਢੰਗ ਨਾਲ 1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਦੀਆਂ ਨਿਯਮਤ ਸੇਵਾਵਾਂ ਨੂੰ ਸੰਕੇਤਕ ਰੂਪ ਵਿਚ 17 ਫਰਵਰੀ 2026 ਤੱਕ ਸੀਮਤ ਕੀਤਾ ਗਿਆ ਹੈ ਜਦੋਂ ਕਿ ਸਰਬ-ਉੱਚ ਅਦਾਲਤ ਵਲੋਂ ਸਪਸ਼ਟ ਰੂਪ ਵਿਚ ਅਜਿਹਾ ਕੋਈ ਆਦੇਸ਼ ਜਾਰੀ ਨਹੀਂ ਹੋਇਆ ਹੈ | ਪ੍ਰੋਫ਼ੈਸਰ ਸੁਖਮਨਪਰੀਤ ਕੌਰ ਨੇ ਦੱਸਿਆ ਕਿ ਪੱਤਰ ਮੁਤਾਬਿਕ 1158 ਫ਼ਰੰਟ ਦੇ ਮਹਿਲਾ ਪ੍ਰੋਫ਼ੈਸਰਾਂ ਨੂੰ ਮਿਲਣ ਵਾਲੀ ਜਣੇਪਾ ਛੁੱਟੀ ਤੱਕ ਨੂੰ ਵੀ 180 ਦਿਨਾਂ ਤੋਂ ਘੱਟ ਕਰਕੇ 17 ਫਰਵਰੀ 2026 ਤੱਕ ਸੀਮਤ ਕਰ ਦਿੱਤਾ ਗਿਆ ਹੈ, ਜੋ ਕਿ ਸੰਵਿਧਾਨਿਕ ਤੌਰ 'ਤੇ ਗੈਰ ਕਾਨੂੰਨੀ ਅਤੇ ਮਾਨਵੀ ਪੱਧਰ ਉੱਤੇ ਸ਼ਰਮਨਾਕ ਹੈ | ਉਨ੍ਹਾਂ ਕਿਹਾ ਕਿ ਪੱਤਰ ਵਿਚ 1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਦਾ ਸਪਸ਼ਟ ਤੌਰ 'ਤੇ ਜ਼ਿਕਰ ਕਰਦੇ ਹੋਏ 'ਉੱਚ ਅਧਿਆਨ ਲਈ ਛੁੱਟੀ', ਮੈਡੀਕਲ ਛੁੱਟੀ, ਇੱਥੋਂ ਤੱਕ ਕਿ ਤਨਖ਼ਾਹ ਤੋਂ ਬਿਨਾਂ ਛੁੱਟੀ ਉੱਤੇ ਵੀ ਪਾਬੰਦੀ ਲਾਉਣ ਦੀ ਗੱਲ ਆਖੀ ਗਈ ਹੈ | ਜੋ ਪੰਜਾਬ ਸਿਵਲ ਸੇਵਾ ਨਿਯਮਾਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ | ਇਕੱਤਰਿਤ ਪ੍ਰੋਫ਼ੈਸਰਾਂ ਨੇ ਵਿਰੋਧ ਜਿਤਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਰੁਜ਼ਗਾਰ ਨੂੰ ਵਿਭਾਗ ਵਲੋਂ ਸੰਕੇਤਕ ਰੂਪ ਵਿਚ 17 ਫਰਵਰੀ 2026 ਤੱਕ ਸੀਮਤ ਕਰਨਾ, ਹੱਕੀ ਛੁੱਟੀਆਂ ਉੱਪਰ ਜਬਰੀ ਪਾਬੰਦੀ ਆਇਦ ਕਰਨ ਦਾ ਵਤੀਰਾ ਪੰਜਾਬ ਸਰਕਾਰ ਦੇ ਲੋਕ ਵਿਰੋਧੀ ਚਿਹਰੇ ਨੂੰ ਨਸ਼ਰ ਕਰਦਾ ਹੈ | ਸਰਕਾਰ ਦੇ ਇਸ ਲੋਕ ਦੋਖੀ ਕਿਰਦਾਰ ਨੂੰ ਪੰਜਾਬ ਦੇ ਲੋਕਾਂ ਦੀ ਕਚਹਿਰੀ ਵਿਚ ਹੋਰ ਬੇਨਕਾਬ ਕਰਨ ਲਈ ਉਹ ਭਲਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਰਿਹਾਇਸ਼ ਦਾ ਘਿਰਾਓ ਕਰਨਗੇ | ਇਸ ਮੌਕੇ ਡਾ.ਅਮਰਜੀਤ ਸਿੰਘ ਨੇ ਕੇਂਦਰ ਸਰਕਾਰ ਦੁਆਰਾ ਚੰਡੀਗੜ੍ਹ ਯੂਨੀਵਰਸਿਟੀ ਦੀ ਸੈਨੇਟ ਨੂੰ ਭੰਗ ਕਰਨ ਦੇ ਹੁਕਮਾਂ ਦੀ ਫ਼ਰੰਟ ਵਲੋਂ ਨਿਖੇਧੀ ਕੀਤੀ | ਇਸ ਵਿਰੋਧ ਪ੍ਰਦਰਸ਼ਨ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਸਕੱਤਰ ਸਾਥੀਆਂ ਸਮੇਤ ਸ਼ਾਮਿਲ ਹੋਏ ਅਤੇ ਵਿਦਿਆਰਥੀ ਆਗੂ ਅਦਿੱਤਿਆ ਨੇ ਕਿਹਾ ਕਿ 1158 ਸਹਾਇਕ ਪ੍ਰੋਫ਼ੈਸਰਾਂ ਦੇ ਕਾਲਜਾਂ ਵਿਚ ਆਉਣ ਨਾਲ ਗ਼ਰੀਬ ਵਿਦਿਆਰਥੀਆਂ ਲਈ ਮਿਆਰੀ ਸਿੱਖਿਆ ਦਾ ਰਾਹ ਦਹਾਕਿਆਂ ਬਾਅਦ ਮੁੜ ਖੁੱਲ੍ਹਾ ਸੀ ਜਿਸ ਨੂੰ ਪੰਜਾਬ ਸਰਕਾਰ ਮੁੜ ਬੰਦ ਕਰਨਾ ਚਾਹੁੰਦੀ ਹੈ |