ਅਬੋਹਰ, 7 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ, ਸੁਖਜੀਤ ਸਿੰਘ ਬਰਾੜ)-ਭਾਰਤੀ ਸੰਵਿਧਾਨ ਦੇ ਅਨੁਛੇਦ 15 (4) ਅਤੇ 16 (4) ਅਨੁਸਾਰ ਪੰਜਾਬ ਵਿਚ ਘੱਟੋ-ਘੱਟ 25 ਗੁਣਾ ਰਾਖਵਾਂਕਰਨ ਲਾਗੂ ਕਰਨ ਅਤੇ ਪੰਜਾਬ ਰਾਜ ਵਿਧਾਨ ਸਭਾ, ਲੋਕ ਸਭਾ ਅਤੇ ਰਾਜ ਸਭਾ ਵਿਚ ਜਾਤੀ ਆਧਾਰਿਤ ਜਨਗਣਨਾ ਅਤੇ 27ਗੁਣਾ ਰਾਖਵਾਂਕਰਨ ਲਾਗੂ ਕਰਨ ਲਈ ਬੀ.ਸੀ. ਭਾਈਚਾਰੇ ਦੇ ਨੁਮਾਇੰਦਿਆਂ ਵੱਲੋਂ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਪੰਜਾਬ ਰਾਜ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਮਲਕੀਤ ਸਿੰਘ ਥਿੰਦ ਸਨ | ਸੈਮੀਨਾਰ ਵਿਚ ਸਮਾਜਿਕ ਸੰਗਠਨਾਂ ਦੇ ਨੁਮਾਇੰਦਿਆਂ ਜਿਨ੍ਹਾਂ ਵਿਚ ਕੰਬੋਜ ਸਭਾ ਦੇ ਪ੍ਰਧਾਨ ਮਹਿੰਦਰ ਕੰਬੋਜ, ਕੁਮਹਾਰ ਸਭਾ ਦੇ ਪ੍ਰਧਾਨ ਪਿ੍ਥੀ ਰਾਜ ਸੋਹਲ, ਪਰਜਾਪਤੀ ਸਮਾਜ ਦੇ ਪ੍ਰਧਾਨ ਗੁਰਮੀਤ ਸਿੰਘ, ਰਾਮਗੜ੍ਹੀਆ ਸਮਾਜ ਦੇ ਪ੍ਰਧਾਨ ਮਨਜੀਤ ਸਿੰਘ, ਸ਼ਾਕਿਆ ਸਮਾਜ ਦੇ ਪ੍ਰਧਾਨ ਸੱਤਿਆਵਾਨ ਪ੍ਰਸ਼ਾਦ, ਸ਼ਹੀਦ ਊਧਮ ਸਿੰਘ ਕਲੱਬ ਦੇ ਚੇਅਰਮੈਨ ਐਡਵੋਕੇਟ ਦੇਸਰਾਜ ਕੰਬੋਜ ਅਤੇ ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਦੇ ਪ੍ਰਧਾਨ ਕੇਵਲ ਕਿ੍ਸ਼ਨ ਕੰਬੋਜ ਨੇ ਹਿੱਸਾ ਲਿਆ ਅਤੇ ਬੀ.ਸੀ ਅਤੇ ਓ.ਬੀ.ਸੀ ਭਾਈਚਾਰੇ ਦੇ ਅਧਿਕਾਰਾਂ ਬਾਰੇ ਜਾਗਰੂਕਤਾ ਪੈਦਾ ਕੀਤੀ | ਇਸ ਮੌਕੇ ਚੇਅਰਮੈਨ ਮਲਕੀਤ ਸਿੰਘ ਥਿੰਦ ਨੇ ਕਿਹਾ ਕਿ ਪੰਜਾਬ ਰਾਜ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਜ਼ਿਲ੍ਹਾ ਅਤੇ ਉਪ-ਮੰਡਲ ਪ੍ਰਸ਼ਾਸਨਾਂ ਰਾਹੀਂ ਇਹ ਯਕੀਨੀ ਬਣਾਉਣ ਲਈ ਯਤਨ ਕਰ ਰਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਐਲਾਨੀਆਂ ਗਈਆਂ ਸਕਾਲਰਸ਼ਿਪਾਂ, ਸ਼ਗਨਾਂ ਅਤੇ ਹੋਰ ਵਿਭਾਗੀ ਯੋਜਨਾਵਾਂ ਦੇ ਲਾਭ ਬੀ.ਸੀ ਅਤੇ ਓ.ਬੀ.ਸੀ ਭਾਈਚਾਰੇ ਤੱਕ ਪਹੁੰਚਣ | ਥਿੰਦ ਨੇ ਕਿਹਾ ਕਿ ਪੰਜਾਬ ਰਾਜ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਨੂੰ ਰਾਸ਼ਟਰੀ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਦੀ ਤਰਜ਼ 'ਤੇ ਸੰਵਿਧਾਨਕ ਦਰਜਾ ਦਿੱਤਾ ਜਾਣਾ ਚਾਹੀਦਾ ਹੈ | ਪੰਜਾਬ ਵਿਚ ਕੁੱਲ ਆਬਾਦੀ ਦਾ ਲਗਭਗ 43 ਫ਼ੀਸਦੀ ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਹੈ | ਪੰਜਾਬ ਦੇ ਸਾਰੇ ਬੋਰਡਾਂ, ਕਾਰਪੋਰੇਸ਼ਨਾਂ, ਬਲਾਕ ਕਮੇਟੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਵਿਚ ਬੀ.ਸੀ ਭਾਈਚਾਰੇ ਨੂੰ 27 ਫ਼ੀਸਦੀ ਰਾਖਵਾਂਕਰਨ ਦਿੱਤਾ ਜਾਣਾ ਚਾਹੀਦਾ ਹੈ | ਕੁਮਹਾਰ ਸਭਾ ਦੇ ਜਨਰਲ ਸਕੱਤਰ ਇੰਜੀਨੀਅਰ ਭਗਵਾਨ ਦਾਸ ਕਾਰਗਵਾਲ , ਪਰਜਾਪਤੀ ਸਮਾਜ ਦੇ ਪ੍ਰਧਾਨ ਗੁਰਮੀਤ ਪਰਜਾਪਤੀ ਪੰਜਾਬ ਸਰਕਾਰ ਰਾਸ਼ਟਰੀ ਪਛੜੇ ਵਰਗ ਕਮਿਸ਼ਨ ਦੇ ਨਿਰਦੇਸ਼ਾਂ ਨੂੰ ਲਾਗੂ ਕਰਨ ਵਿਚ ਅਸਫਲ ਰਹਿ ਕੇ ਬੀ.ਸੀ ਦੇ ਅਧਿਕਾਰਾਂ ਦੀ ਉਲੰਘਣਾ ਕਰ ਰਹੀ ਹੈ | ਐਡਵੋਕੇਟ ਦੇਸਰਾਜ ਕੰਬੋਜ ਨੇ ਕਿਹਾ ਕਿ ਸਥਾਨਕ ਅਤੇ ਬੋਰਡ ਸੰਸਥਾਵਾਂ ਵਿਚ ਰਾਖਵਾਂਕਰਨ ਸਾਰੇ ਬੋਰਡਾਂ, ਕਾਰਪੋਰੇਸ਼ਨਾਂ, ਸਥਾਨਕ ਸਰਕਾਰਾਂ ਗਰਾਮ ਪੰਚਾਇਤਾਂ, ਨਗਰ ਨਿਗਮਾਂ, ਆਦਿ ਵਿਚ 27 ਗੁਣਾ ਰਾਖਵਾਂਕਰਨ ਲਾਗੂ ਕੀਤਾ ਜਾਣਾ ਚਾਹੀਦਾ ਹੈ | ਸ਼ੋਂਕੀ ਕੰਬੋਜ ਨੇ ਕਿਹਾ ਕਿ ਪਛੜੇ ਵਰਗਾਂ ਲਈ ਰਾਖਵੇਂਕਰਨ 'ਤੇ ਲਾਗੂ ਕਰੀਮੀ ਲੇਅਰ ਸੀਮਾ ਨੂੰ ਤੁਰੰਤ ਖ਼ਤਮ ਕੀਤਾ ਜਾਣਾ ਚਾਹੀਦਾ ਹੈ | ਇਸ ਮੌਕੇ ਐਡਵੋਕੇਟ ਅਮਨਦੀਪ ਕੰਬੋਜ, ਚੰਨਣ ਖੇੜਾ ਦੇ ਸਾਬਕਾ ਸਰਪੰਚ ਰਾਮ ਕਿਸ਼ਨ ਕੰਬੋਜ, ਢਾਣੀ ਲਟਕਣ ਦੇ ਸਾਬਕਾ ਸਰਪੰਚ ਗੁਰਦਿਆਲ ਕੰਬੋਜ, ਡਾ.ਧੰਨਾ ਸਿੰਘ ਕੰਬੋਜ, ਮਾਸਟਰ ਸੁਰਿੰਦਰ ਬਿੱਲਾ ਪੱਟੀ, ਸੋਮ ਪ੍ਰਕਾਸ਼ ਕੰਬੋਜ, ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਕਰਤਾਰ ਸਿੰਘ, ਕੰਬੋਜ ਸਭਾ ਮੈਂਬਰ ਰਾਮ ਕਿਸ਼ਨ ਕੰਬੋਜ, ਇੰਜੀਨੀਅਰ ਕੰਬੋਜ ਸਭਾ ਦੇ ਪ੍ਰਧਾਨ ਮਿਲਖ ਰਾਜ ਕੰਬੋਜ ਆਦਿ ਹਾਜ਼ਰ ਸਨ | ਇਸ ਦੌਰਾਨ ਲਾਲ ਮਲੇਠੀਆ ਨੇ ਕਿਹਾ ਕਿ ਬੀ.ਸੀ. ਭਾਈਚਾਰੇ ਦੇ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਸ਼ਹਿਰਾਂ ਤੋਂ ਇਲਾਵਾ ਪਿੰਡਾਂ ਵਿਚ ਵੀ ਜਾਗਰੂਕਤਾ ਕੈਂਪ ਲਗਾਏ ਜਾਣਗੇ |