ਅਬੋਹਰ, 17 ਜੁਲਾਈ (ਵਿਵੇਕ ਹੂੜੀਆ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੂਈਆਂ ਸਰਵਰ ਦੇ 12ਵੀਂ ਨਾਨ-ਮੈਡੀਕਲ ਦੇ ਵਿਦਿਆਰਥੀ ਅਰਸ਼ਦੀਪ ਨੂੰ ਆਪਣੀ ਲਗਨ ਅਤੇ ਅਣਥੱਕ ਮਿਹਨਤ ਸਦਕਾ ਆਈ. ਆਈ. ਟੀ. ਬੰਬੇ 'ਚ ਦਾਖਲਾ ਮਿਲਿਆ ਹੈ | ਪਿੰਡ ਕੋਠਾ (ਰਾਜਸਥਾਨ) ਦੇ ਰਹਿਣ ਵਾਲੇ ਅਤੇ ਪੜ੍ਹਾਈ 'ਚ ਬਹੁਤ ਮਿਹਨਤੀ ਅਤੇ ਬੁੱਧੀਮਾਨ ਅਰਸ਼ਦੀਪ ਨੇ ਸੈਸ਼ਨ 2024 'ਚ ਜੇ. ਈ. ਈ. ਮੇਨਜ਼ ਤੇ ਜੇ. ਈ. ਈ. ਐਡਵਾਂਸਡ ਪ੍ਰੀਖਿਆ ਵਿਚ ਚੰਗਾ ਰੈਂਕ ਪ੍ਰਾਪਤ ਕਰਕੇ ਪ੍ਰੀਖਿਆ ਪਾਸ ਕੀਤੀ ਸੀ, ਪਰ ਆਈ. ਆਈ. ਟੀ. ਬੰਬੇ 'ਚ ਦਾਖ਼ਲੇ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਉਸ ਨੇ ਦੁਬਾਰਾ ਤਿਆਰੀ ਕੀਤੀ ਅਤੇ 2025 ਦੀ ਜੇ. ਈ. ਈ. ਐਡਵਾਂਸਡ ਪ੍ਰੀਖਿਆ ਵਿਚ ਆਲ ਇੰਡੀਆ ਰੈਂਕ 290 ਪ੍ਰਾਪਤ ਕਰਕੇ ਆਈ. ਆਈ. ਟੀ. ਬੰਬੇ 'ਚ ਸੀ. ਐੱਸ. ਕੋਰਸ ਵਿਚ ਦਾਖਲਾ ਲਿਆ | ਵਿਦਿਆਰਥੀ ਅਰਸ਼ਦੀਪ ਦੇ ਸਕੂਲ ਵਿਹੜੇ 'ਚ ਪਹੁੰਚਣ 'ਤੇ ਪਿ੍ੰਸੀਪਲ ਰਾਮ ਸਿੰਘ ਬਰਾੜ ਅਤੇ ਸਕੂਲ ਦੇ ਵਿਗਿਆਨ ਵਿਭਾਗ ਦੇ ਮੁਖੀ ਤੇਜਿੰਦਰ ਪਰਨਾਮੀ, ਅਸ਼ੀਸ਼ ਮਦਾਨ, ਪੂਰਨ ਚੰਦ ਤੇ ਸ੍ਰੀਮਤੀ ਸੋਨੀਆ ਰਹੇਜਾ ਨੇ ਵਿਦਿਆਰਥੀ ਅਤੇ ਉਸ ਦੇ ਪਰਿਵਾਰ ਦਾ ਸਵਾਗਤ ਕੀਤਾ | ਅਰਸ਼ਦੀਪ ਦੀ ਇਸ ਪ੍ਰਾਪਤੀ ਲਈ ਸਕੂਲ ਦੇ ਪਿ੍ੰਸੀਪਲ ਰਾਮ ਸਿੰਘ ਬਰਾੜ ਅਤੇ ਸਟਾਫ਼ ਨੇ ਅਰਸ਼ਦੀਪ ਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ | ਇਸ ਮੌਕੇ ਵਿਦਿਆਰਥੀ ਤੇ ਉਸ ਦੇ ਮਾਪਿਆਂ ਨੇ ਸਕੂਲ ਦੇ ਪਿ੍ੰਸੀਪਲ ਰਾਮ ਸਿੰਘ ਬਰਾੜ ਤੇ ਵਿਗਿਆਨ ਵਿਭਾਗ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਅਰਸ਼ਦੀਪ ਨੇ ਇਹ ਉਪਲਬਧੀ ਹਾਸਿਲ ਕੀਤੀ ਹੈ | ਇਸ ਪ੍ਰਾਪਤੀ ਲਈ ਸਕੂਲ ਦੇ ਪਿ੍ੰਸੀਪਲ ਰਾਮ ਸਿੰਘ ਬਰਾੜ ਨੇ ਅਰਸ਼ਦੀਪ ਨੂੰ 5100 ਰੁਪਏ ਅਤੇ ਸਾਇੰਸ ਵਿਭਾਗ ਦੇ ਮੁਖੀ ਨੇ 3100 ਰੁਪਏ ਅਤੇ ਤਗਮੇ ਦੇ ਕੇ ਸਨਮਾਨਿਤ ਕੀਤਾ ਅਤੇ ਅਰਸ਼ਦੀਪ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |