ਫ਼ਾਜ਼ਿਲਕਾ, 17 ਜੁਲਾਈ (ਦਵਿੰਦਰ ਪਾਲ ਸਿੰਘ)-ਪਿਛਲੇ ਦੋ ਤਿੰਨ ਦਿਨਾਂ ਵਿਚ ਇਲਾਕੇ 'ਚ ਹੋਈ ਭਰਵੀਂ ਬਾਰਿਸ਼ ਦੇ ਮੱਦੇਨਜ਼ਰ ਫਾਰਮਰ ਸਲਾਹਕਾਰ ਸੇਵਾ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਬੋਹਰ ਸਥਿਤ ਖੇਤਰੀ ਖੋਜ ਕੇਂਦਰ ਅਤੇ ਦੇ ਵਿਗਿਆਨੀਆਂ ਵਲੋਂ ਨਰਮੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਸਲਾਹ ਜਾਰੀ ਕੀਤੀ ਗਈ ਹੈ | ਖੇਤੀ ਵਿਗਿਆਨੀ ਡਾ. ਜਗਦੀਸ਼ ਅਰੋੜਾ ਤੇ ਡਾ. ਮਨਪ੍ਰੀਤ ਸਿੰਘ ਨੇ ਕਿਹਾ ਹੈ ਕਿ ਜਿੱਥੇ ਕਿਤੇ ਨਰਮੇ ਦੇ ਖੇਤਾਂ 'ਚ ਪਾਣੀ ਜਮਾਂ ਹੋਇਆ ਹੈ ਉਸ ਪਾਣੀ ਦੀ ਨਿਕਾਸੀ ਕਰ ਦੇਣੀ ਚਾਹੀਦੀ ਹੈ | ਉਨ੍ਹਾਂ ਨੇ ਕਿਹਾ ਕਿ ਕੁਝ ਥਾਵਾਂ 'ਤੇ ਇਸ ਨਾਲ ਪੈਰਾਵਿਲਟ ਦੀ ਸਮੱਸਿਆ ਆ ਸਕਦੀ ਹੈ, ਜਿਸ ਤਹਿਤ ਬੂਟੇ ਸੁੱਕਣੇ ਸ਼ੁਰੂ ਹੋ ਜਾਂਦੇ ਹਨ | ਜੇਕਰ ਇਹ ਨਿਸ਼ਾਨੀਆਂ ਦਿਖਾਈ ਦੇਣ ਤਾਂ ਤੁਰੰਤ ਬਿਨਾਂ ਦੇਰੀ 1 ਗਰਾਮ ਕੋਬਾਲਟ ਕਲੋਰਾਈਡ ਦਵਾਈ 100 ਲੀਟਰ ਪਾਣੀ 'ਚ ਘੋਲ ਕੇ ਪ੍ਰਭਾਵਿਤ ਬੂਟਿਆਂ 'ਤੇ ਛਿੜਕਾ ਕਰ ਦੇਣਾ ਚਾਹੀਦਾ ਹੈ | ਇਸੇ ਤਰ੍ਹਾਂ ਜਦੋਂ ਖੇਤ 'ਚ ਪੈਰ ਧਰਨ ਦੀ ਸਥਿਤੀ ਹੋ ਜਾਵੇ ਤਾਂ ਯੂਰੀਆ ਦੀ ਪਹਿਲੀ ਡੋਜ਼ ਪਾ ਦੇਣੀ ਚਾਹੀਦੀ ਹੈ | ਮਾਹਿਰਾਂ ਨੇ ਕਿਹਾ ਕਿ ਜਿਥੇ ਕਿਤੇ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ ਉਥੇ ਪੱਤਿਆਂ 'ਤੇ ਪੀਲਾਪਣ ਦਿਖਾਈ ਦੇ ਸਕਦਾ ਹੈ ਜੇਕਰ ਅਜਿਹੇ ਲੱਛਣ ਦਿਖਾਈ ਦੇ ਰਹੇ ਹੋਣ ਤਾਂ ਅੱਧਾ ਗੱਟਾ ਯੂਰੀਆ ਪਾਈ ਜਾ ਸਕਦੀ ਹੈ | ਮਾਹਿਰਾਂ ਨੇ ਕਿਹਾ ਕਿ ਕੋਈ ਵੀ ਹੋਰ ਤਕਨੀਕੀ ਜਾਣਕਾਰੀ ਲਈ ਆਪਣੇ ਬਲਾਕ ਖੇਤੀਬਾੜੀ ਅਫ਼ਸਰ ਜਾਂ ਖੇਤਰੀ ਖੋਜ ਕੇਂਦਰ ਨਾਲ ਰਾਬਤਾ ਕੀਤਾ ਜਾ ਸਕਦਾ ਹੈ |