ਘਰੋਟਾ, 19 ਨਵੰਬਰ (ਸੰਜੀਵ ਗੁਪਤਾ)- ਵੱਖ-ਵੱਖ ਅਹੁਦਿਆਂ 'ਤੇ ਕੰਮ ਕਰ ਚੁੱਕੇ ਸਾਬਕਾ ਸਰਪੰਚ ਨਰੇਸ਼ ਕੁਮਾਰ ਨੂੰ ਪਾਰਟੀ ਹਾਈ ਕਮਾਂਡ ਵਲੋਂ ਘਰੋਟਾ ਮੰਡਲ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਪਾਰਟੀ ਅੰਦਰ ਉਨ੍ਹਾਂ ਦੀ ਲੰਬੇ ਸਮੇਂ ਤੋਂ ਨਿਸ਼ਠਾ, ਸੇਵਾ-ਭਾਵ ਅਤੇ ਸੰਗਠਨਸ਼ੀਲ ਕਾਰਜਸ਼ੈਲੀ ਨੂੰ ਦੇਖਦਿਆਂ ਇਹ ਨਿਯੁਕਤੀ ਕੀਤੀ ਗਈ ਹੈ | ਜਿਵੇਂ ਹੀ ਇਸ ਫ਼ੈਸਲੇ ਦੀ ਖ਼ਬਰ ਸਥਾਨਕ ਪੱਧਰ 'ਤੇ ਪਹੁੰਚੀ, ਉਨ੍ਹਾਂ ਦੇ ਸਮਰਥਕਾਂ ਅਤੇ ਪਿੰਡ ਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਪਈ | ਕਈ ਸਥਾਨਾਂ 'ਤੇ ਵਧਾਈ ਸੰਦੇਸ਼ਾਂ ਦਾ ਸਿਲਸਿਲਾ ਜਾਰੀ ਹੈ | ਨਰੇਸ਼ ਕੁਮਾਰ ਨੇ ਆਪਣੀ ਨਵੀਂ ਨਿਯੁਕਤੀ 'ਤੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸੁਰੇਸ਼ ਕੁਮਾਰ, ਘਰੋਟਾ ਮੰਡਲ ਪ੍ਰਧਾਨ ਸੰਜੀਵ ਪਠਾਨੀਆ ਅਤੇ ਸਾਬਕਾ ਵਿਧਾਇਕਾ ਸੀਮਾ ਕੁਮਾਰੀ ਦਾ ਖ਼ਾਸ ਤੌਰ 'ਤੇ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਉਨ੍ਹਾਂ 'ਤੇ ਜੋ ਭਰੋਸਾ ਜਤਾਇਆ ਹੈ, ਉਹ ਉਸ 'ਤੇ ਖਰੇ ਉੱਤਰਨ ਲਈ ਕੋਈ ਵੀ ਕਮੀ ਨਹੀਂ ਛੱਡਣਗੇ | ਉਨ੍ਹਾਂ ਅੱਗੇ ਕਿਹਾ ਕਿ ਇਹ ਜ਼ਿੰਮੇਵਾਰੀ ਸਿਰਫ਼ ਇਕ ਅਹੁਦਾ ਨਹੀਂ, ਸਗੋਂ ਪਾਰਟੀ ਤੇ ਲੋਕਾਂ ਦੀ ਸੇਵਾ ਕਰਨ ਦਾ ਇਕ ਵੱਡਾ ਮੌਕਾ ਹੈ | ਇਸ ਮਹੱਤਵਪੂਰਨ ਨਿਯੁਕਤੀ ਨਾਲ ਘਰੋਟਾ ਖੇਤਰ ਵਿਚ ਰਾਜਨੀਤਿਕ ਚਹਿਲਕਦਮੀ ਵੀ ਵੱਧ ਗਈ ਹੈ |