ਗੁਰਦਾਸਪੁਰ, 5 ਨਵੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਦੇ ਪੁਰਾਣੇ ਨਿਊਜ਼ ਪੇਪਰ ਏਜੰਟ ਸੁਰੇਸ਼ ਮਹਾਜਨ ਉਰਫ਼ ਸ਼ਸ਼ੀ ਵਾਸੀ ਉਂਕਾਰ ਨਗਰ ਦੀ ਅਚਾਨਕ ਮੌਤ ਹੋ ਜਾਣ ਨਾਲ ਜਿਥੇ ਪਰਿਵਾਰ ਨੰੂ ਗਹਿਰਾ ਸਦਮਾ ਲੱਗਾ ਉੱਥੇ ਉਸ ਦੇ ਦੋਸਤਾਂ ਮਿੱਤਰਾਂ ਨੰੂ ਕਾਫ਼ੀ ਸੱਟ ਵੱਜੀ ਹੈ | ਇਸ ਸਬੰਧੀ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸ਼ਸ਼ੀ ਮਹਾਜਨ ਪਿਛਲੇ ਲੰਮੇ ਸਮੇਂ ਤੋਂ ਪੁਰਾਣੇ ਬੱਸ ਸਟੈਂਡ ਵਿਖੇ ਵੱਖ-ਵੱਖ ਅਖ਼ਬਾਰਾਂ ਦੀਆਂ ਨਿਊਜ਼ ਏਜੰਸੀਆਂ ਚਲਾਉਂਦੇ ਸੀ ਕਿ ਘਰੋਂ ਉਹ ਆਪਣੇ ਜ਼ਰੂਰੀ ਕੰਮ ਲਈ ਗਏ ਸੀ ਤੇ ਦੇਰ ਸ਼ਾਮ ਤੱਕ ਘਰ ਨਹੀਂ ਆਏ, ਅੱਜ ਸਵੇਰੇ ਉਨ੍ਹਾਂ ਦੀ ਲਾਸ਼ ਬਰਾਮਦ ਹੋਈ ਹੈ | ਉਨ੍ਹਾਂ ਦੀ ਅਚਾਨਕ ਮੌਤ ਨਾਲ ਪਰਿਵਾਰ ਨੰੂ ਗਹਿਰਾ ਸਦਮਾ ਲੱਗਾ ਹੈ | ਸ਼ਸ਼ੀ ਮਹਾਜਨ ਸ਼ਹਿਰ ਅੰਦਰ ਕਾਫ਼ੀ ਅਸਰ ਰਸੂਖ਼ ਰੱਖਦੇ ਸਨ ਤੇ ਉਨ੍ਹਾਂ ਦੇ ਲੜਕੇ ਵੀ ਉੱਘੇ ਫਾਈਨਾਂਸਰ ਹਨ | ਸ਼ਸ਼ੀ ਮਹਾਜਨ ਦਾ ਸ਼ਾਮ 4 ਵਜੇ ਬਟਾਲਾ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ ਜਿਥੇ ਉਨ੍ਹਾਂ ਨੰੂ ਅਗਨੀ ਉਨ੍ਹਾਂ ਦੇ ਪੁੱਤਰ ਪੁਨੀਤ ਮਹਾਜਨ ਵਲੋਂ ਦਿਖਾਈ ਗਈ | ਉਨ੍ਹਾਂ ਦੇ ਸਸਕਾਰ ਮੌਕੇ ਸ਼ਹਿਰ ਦੀਆਂ ਅਹਿਮ ਸ਼ਖ਼ਸੀਅਤਾਂ, ਦੋਸਤਾਂ ਮਿੱਤਰਾਂ, ਰਿਸ਼ਤੇਦਾਰ ਵੱਡੀ ਗਿਣਤੀ 'ਚ ਹਾਜ਼ਰ ਸਨ |