ਬਟਾਲਾ, 19 ਜੁਲਾਈ (ਸਤਿੰਦਰ ਸਿੰਘ)-ਸੰਤ ਬਾਬਾ ਹਜ਼ਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਛੀਨਾ ਵਿਚ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਬੀ.ਐੱਡ. ਦੇ ਦਾਖ਼ਲੇ ਲਈ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਪਿ੍ੰਸੀਪਲ ਮਧੂ ਬਾਲਾ ਨੇ ਦੱਸਿਆ ਕਿ ਕਾਲਜ ਵਲੋਂ ਦਿੱਤੀਆ ਜਾਣ ਵਾਲੀਆਂ ਸਹੂਲਤਾਂ ਅਤੇ ਯੂਨੀਵਰਸਿਟੀ ਵਿਚ ਆਉਣ ਵਾਲੀਆਂ ਪੁਜ਼ੀਸ਼ਨਾਂ ਕਾਰਨ ਕਾਲਜ ਵਿਦਿਆਰਥੀਆਂ ਦੀ ਖਿੱਚ ਦਾ ਕੇਂਦਰ ਬਣਦਾ ਹੈ | ਕਾਲਜ ਦੇ ਵਿਦਿਆਰਥੀ ਹਰ ਸਾਲ ਯੂਨੀਵਰਸਿਟੀ ਵਿਚੋਂ ਅੱਵਲ ਆਉਂਦੇ ਹਨ ਤੇ ਪਹਿਲੀਆਂ ਪੁਜੀਸ਼ਨਾ ਹਾਸਿਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕਰਦੇ ਹਨ | ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਆਨਲਾਈਨ ਦਾਖ਼ਲੇ ਦੀ ਮਿਤੀ ਵਧਾਉਣ ਕਾਰਨ ਹੁਣ ਵਿਦਿਆਰਥੀ 21 ਜੁਲਾਈ ਤੱਕ ਦਾਖ਼ਲਾ ਲੈ ਸਕਦੇ ਹਨ | ਕਾਲਜ ਵਿਚ ਵਿਦਿਆਰਥੀਆਂ ਨੂੰ ਹੋਰ ਸਹੂਲਤਾਂ ਦੇ ਨਾਲ-ਨਾਲ ਕੋਰਸ ਦੌਰਾਨ ਮੁਫ਼ਤ ਕਿਤਾਬਾਂ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ | ਲੋੜਵੰਦ ਵਿਦਿਆਰਥੀਆਂ ਨੂੰ ਫ਼ੀਸਾਂ ਵਿਚ ਭਾਰੀ ਛੋਟ ਦਿੱਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਕਾਲਜ ਵਲੋਂ ਹੋਰ ਵੀ ਕਿੱਤਾ ਮੁਖੀ ਕੋਰਸ ਖੋਲ੍ਹੇ ਜਾ ਰਹੇ ਹਨ ਤਾਂ ਜੋ ਵਿਦਿਆਰਥੀ ਆਪਣੇ ਪੈਰਾਂ 'ਤੇ ਖੜੇ੍ਹ ਹੋ ਸਕਣ |