ਜਖਵਾਲੀ, 18 ਜੁਲਾਈ (ਨਿਰਭੈ ਸਿੰਘ)-ਸਿਵਲ ਸਰਜਨ ਡਾ.ਦਵਿੰਦਰਜੀਤ ਕੌਰ ਦੇ ਹੁਕਮਾਂ ਤਹਿਤ, ਚਨਾਰਥਲ ਕਲਾਂ ਦੇ ਐਸ.ਐਮ.ਓ. ਡਾ. ਸੁਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੀ.ਐਚ.ਸੀ. ਸੰਗਤਪੁਰ ਸੋਢੀਆਂ ਦੇ ਸਟਾਫ਼ ਵਲੋਂ ਏ.ਐਮ.ਓ. ਡਾ. ਮੰਜੂ ਬਾਲਾ ਦੀ ਅਗਵਾਈ ਵਿਚ ਪਿੰਡ ਖਰੇ ਵਿਖੇ ਘਰਾਂ ਦੇ ਕੂਲਰਾਂ ਅਤੇ ਗਮਲਿਆਂ ਵਿਚ ਲਾਰਵੇ ਦੀ ਜਾਂਚ ਕੀਤੀ ਗਈ | ਇਸ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਮਲੇਰੀਆ ਅਤੇ ਡੇਂਗੂ ਸਬੰਧੀ ਜਾਗਰੂਕ ਕੀਤਾ ਗਿਆ ਤਾਂ ਜੋ ਮਲੇਰੀਆ ਅਤੇ ਡੇਂਗੂ ਦੇ ਮੱਛਰਾਂ ਤੋਂ ਬਚਿਆ ਜਾ ਸਕੇ | ਇਸ ਮੌਕੇ ਏ.ਐਮ.ਓ. ਡਾ. ਮੰਜੂ ਬਾਲਾ ਨੇ ਕਿਹਾ ਕਿ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਵਜੋਂ ਮਨਾਇਆ ਜਾਂਦਾ ਹੈ ਤਾਂ ਜੋ ਮਲੇਰੀਆ ਅਤੇ ਡੇਂਗੂ ਤੋਂ ਬਚਿਆ ਜਾ ਸਕੇ | ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਘਰਾਂ ਦਾ ਆਲਾ-ਦੁਆਲਾ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ, ਕੂਲਰਾਂ ਦਾ ਪਾਣੀ 2-4 ਦਿਨਾਂ ਬਾਅਦ ਬਦਲਣਾ ਚਾਹੀਦਾ ਹੈ ਅਤੇ ਸ਼ੁੱਕਰਵਾਰ ਨੂੰ ਕੂਲਰ ਦਾ ਪਾਣੀ ਕੱਢ ਕੇ ਸੁਕਾਉਣਾ ਚਾਹੀਦਾ ਹੈ | ਜੇਕਰ ਘਰਾਂ ਦੇ ਵਿਚ ਗਮਲੇ ਵਗ਼ੈਰਾ ਹਨ, ਤਾਂ ਵੀ ਖ਼ਿਆਲ ਰੱਖਿਆ ਜਾਵੇ ਕਿ ਗਮਲਿਆਂ ਵਿਚ ਪਾਣੀ ਨਾ ਖੜ੍ਹਨ ਦਿੱਤਾ ਜਾਵੇ | ਇਸ ਤੋਂ ਇਲਾਵਾ ਘਰਾਂ ਦੀਆਂ ਛੱਤਾਂ ਉੱਤੇ ਫ਼ਾਲਤੂ ਸਾਮਾਨ ਨਾ ਰੱਖਿਆ ਜਾਵੇ, ਜਿਸ ਵਿਚ ਬਰਸਾਤ ਦਾ ਪਾਣੀ ਭਰਦਾ ਹੋਵੇ | ਇਸ ਮੌਕੇ ਸਿਹਤ ਕਰਮਚਾਰੀ ਰਣਦੀਪ ਸਿੰਘ ਸੀ.ਐਚ. ਓ. ਗੁਰਦੀਪ ਕੌਰ ਆਸ਼ਾ ਨੇਹਾ, ਵਿਲੇਜ ਸਫ਼ਾਈ ਐਂਡ ਸੈਨੀਟੇਸ਼ਨ ਕਮੇਟੀ ਦੇ ਮੈਂਬਰ ਬਿਕਰਮਜੀਤ ਸਿੰਘ, ਪੰਚ ਗੁਰਪ੍ਰੀਤ ਸਿੰਘ ਹਾਜ਼ਰ ਸਨ |