ਫ਼ਤਹਿਗੜ੍ਹ ਸਾਹਿਬ, 15 ਜੁਲਾਈ (ਬਲਜਿੰਦਰ ਸਿੰਘ)-ਜ਼ਿਲ੍ਹਾ ਲਿਖਾਰੀ ਸਭਾ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਦੀਆਂ ਪਿਛਲੇ ਵਰ੍ਹੇ ਅਤੇ ਹੁਣੇ ਛਪੀਆਂ ਪੁਸਤਕਾਂ 'ਰਿਆਸਤ-ਏ-ਰਾਣਾ' ਸਰਹਿੰਦ ਵਿਖੇ ਲੋਕ ਅਰਪਣ ਕੀਤੀਆਂ ਗਈਆਂ | ਇਨ੍ਹਾਂ ਵਿਚ ਨਿਬੰਧ-ਸੰਗ੍ਰਹਿ, 'ਉਮਰੋਂ ਲੰਮਾ ਹਾਉਕਾ', 'ਬਾਬਲ ਤੇਰਾ ਪਿੰਡ ਲੰਘ ਕੇ' ਅਤੇ ਸਮੀਖਿਆ ਦੀ ਪੁਸਤਕ 'ਤੁਸੀਂ ਕਿਹਾ ਮੈਂ ਸੁਣਿਆਂ' ਤੋਂ ਇਲਾਵਾ ਪਿਛਲੇ ਸਾਲ ਜਿਸਮਾਨੀ ਤੌਰ 'ਤੇ ਵਿੱਛੜੇ ਆਪਣੇ ਹਮਸਫ਼ਰ ਮੈਨੇਜਰ ਊਧਮ ਸਿੰਘ ਦੀ ਯਾਦ ਵਿਚ ਉਨ੍ਹਾਂ ਨੂੰ ਸਮਰਪਿਤ ਕਾਵਿ-ਸੰਗ੍ਰਹਿ 'ਇਹ ਕੌਣ ਜੋਗੀ? ਸੰਖੇਪ ਤੇ ਪ੍ਰਭਾਵਸ਼ਾਲੀ ਪਰਿਵਾਰਿਕ ਸਮਾਗਮ ਕੀਤਾ ਗਿਆ | ਇਸ ਮੌਕੇ ਨਾਰਵੇ ਤੋਂ ਆਏ ਉਨ੍ਹਾਂ ਦੇ ਦਾਮਾਦ ਅੰਮਿ੍ਤਪਾਲ ਸਿੰਘ ਸੀਨੀਅਰ ਟੈਕਸ ਅਫ਼ਸਰ, ਦੋਸਤ ਇੰਦਰਜੀਤ ਸਿੰਘ ਬਾਗੀ, ਚੱਢਾ ਪਰਿਵਾਰ ਤੇ ਦੋਸਤ ਮਿੱਤਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਪਰਮਜੀਤ ਕੌਰ ਸਰਹਿੰਦ ਦੀ ਬੇਟੀ ਡਾ. ਮਨਦੀਪ ਕੌਰ ਨਾਰਵੇ, ਨੂੰਹ ਰੁਪਿੰਦਰਜੀਤ ਕੌਰ, ਦੋਹਤਾ-ਦੋਹਤੀ ਪਾਹੁਲ ਸਿੰਘ ਤੇ ਰਿਦਮ ਕੌਰ, ਪੋਤਰਾ ਪੂਨਮ ਪ੍ਰਤੀਕ ਸਿੰਘ ਅਤੇ ਪੋਤਰੀ ਸਾਹਿਬ ਸਵਾਬ ਕੌਰ ਵੀ ਪ੍ਰੋਗਰਾਮ ਵਿਚ ਸ਼ਾਮਿਲ ਹੋਏ | ਸਰਹਿੰਦ ਤੋਂ ਤਵਿੰਦਰ ਸਿੰਘ ਚੱਢਾ, ਹਰਜਿੰਦਰ ਸਿੰਘ ਚੱਢਾ, ਗੁਰਜੀਤ ਕੌਰ, ਦਰਸ਼ਨ ਕੌਰ, ਪਰਵਿੰਦਰ ਸਿੰਘ, ਵਿਕਰਮਜੀਤ ਸਿੰਘ, ਜਤਿੰਦਰਬੀਰ ਸਿੰਘ, ਜਸਲੀਨ ਕੌਰ, ਰਤਿੰਦਰ ਕੌਰ, ਸਵੀਟੀ, ਗੁਰਅਸੀਸ ਕੌਰ ਤੇ ਗੁਰਨਾਜ ਕੌਰ ਨੇ ਮੈਨੇਜਰ ਊਧਮ ਸਿੰਘ ਦੀਆਂ ਯਾਦਾਂ ਤਾਜ਼ਾ ਕੀਤੀਆਂ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਜੀਤ ਕੌਰ ਸਰਹਿੰਦ ਨੇ ਦੱਸਿਆ ਕਿ ਸਿਹਤ ਨਾਸਾਜ਼ ਹੋਣ ਕਾਰਨ ਉਹ ਇਸ ਮੁਹੱਬਤੀ ਮਿਲਣੀ ਵਿਚ ਥੋੜੀ ਦੇਰ ਹੀ ਸ਼ਾਮਿਲ ਹੋ ਸਕੇ, ਪ੍ਰੋਗਰਾਮ ਦਾ ਆਯੋਜਨ ਉਨ੍ਹਾਂ ਦੇ ਦਾਮਾਦ ਅੰਮਿ੍ਤਪਾਲ ਸਿੰਘ ਨੌਰਵੇ ਦੇ ਦੋਸਤ ਇੰਦਰਜੀਤ ਸਿੰਘ ਬਾਗੀ ਨੇ ਕੀਤਾ | ਜ਼ਿਕਰਯੋਗ ਹੈ ਕਿ ਪਰਮਜੀਤ ਕੌਰ ਸਰਹਿੰਦ ਨੇ ਆਪਣੇ ਮਹਿਬੂਬ ਪਤੀ ਦੇ ਵਿਛੋੜੇ ਤੋਂ ਬਾਅਦ ਕਲਮ ਨੂੰ ਆਪਣਾ ਸਾਥੀ ਬਣਾ ਕੇ ਆਪਣੇ ਗ਼ਮ ਨੂੰ ਗ਼ਲਤ ਕਰ ਕੇ ਪੰਜ ਪੁਸਤਕਾਂ ਦੀ ਸਿਰਜਣਾ ਕਿਸੇ ਤਪੱਸਿਆ ਵਾਂਗ ਕੀਤੀ | ਬੀਬੀ ਸਰਹਿੰਦ ਨੇ ਕਿਹਾ ਕਿ ਦੁੱਖਾਂ-ਗ਼ਮਾਂ ਦਾ ਇਲਾਜ ਆਪਣੇ ਆਪ ਨੂੰ ਉਸਾਰੂ ਕੰਮਾਂ ਵਿਚ ਲਗਾ ਕੇ ਕੀਤਾ ਜਾ ਸਕਦਾ ਹੈ ਇਹ ਮੈਂ ਆਪਣੇ ਵਿੱਛੜੇ ਸਾਥੀ ਤੋਂ ਸਿੱਖਿਆ ਹੈ | ਜਾਣਕਾਰੀ ਇੰਦਰਜੀਤ ਸਿੰਘ ਬਾਗੀ ਨੇ ਦਿੰਦਿਆਂ ਦੱਸਿਆ ਕਿ ਲੇਖਕਾ ਅਨੇਕਾਂ ਸੰਕਟਾਂ ਦਾ ਸਾਹਮਣਾ ਕਰਦੀ ਹੋਈ ਵੀ ਹੁਣ ਤੱਕ ਤੀਹ ਪੁਸਤਕਾਂ ਦੀ ਸਿਰਜਣਾ ਕਰ ਚੁੱਕੀ ਹੈ ਤੇ ਉਸ ਦਾ ਕਹਿਣਾ ਹੈ ਕਿ ਪ੍ਰਮਾਤਮਾ ਦੀ ਕਿਰਪਾ ਤੇ ਆਪਣੇ ਪਤੀ ਤੋਂ ਸਿੱਖੀ ਭਾਣਾ ਮੰਨਣ ਦੀ ਜੀਵਨ ਜਾਚ ਦੀ ਦੇਣ ਹੈ | ਬੀਬੀ ਸਰਹਿੰਦ ਤੇ ਉਨ੍ਹਾਂ ਦੇ ਪਰਿਵਾਰ ਨੇ ਇੰਦਰਜੀਤ ਸਿੰਘ ਬਾਗੀ ਅਤੇ ਸਮੂਹ ਚੱਢਾ ਪਰਿਵਾਰ ਦਾ ਧੰਨਵਾਦ ਕੀਤਾ |