ਨਵਾਂਸ਼ਹਿਰ, 20 ਜੁਲਾਈ (ਜਸਬੀਰ ਸਿੰਘ ਨੂਰਪੁਰ, ਅਮਰੀਕ ਸਿੰਘ ਢੀਂਡਸਾ)-ਨਵਾਂਸ਼ਹਿਰ ਮੁੱਖ ਮਾਰਗ 'ਤੇ ਜਦੋਂ ਇੱਕੋ ਪਾਸਿਉਂ ਆਉਂਦੀਆਂ ਦੋ ਗੱਡੀਆਂ ਦੀ ਆਪਸ 'ਚ ਜ਼ਬਰਦਸਤ ਟੱਕਰ ਹੋਈ ਤਾਂ ਬੁਰੀ ਤਰ੍ਹਾ ਚਕਨਾਚੂਰ ਹੋ ਗਈਆਂ | ਦੱਸਿਆ ਗਿਆ ਕਿ ਇੱਕ ਚਿੱਟੇ ਰੰਗ ਦੀ ਵਰਨਾ ਕਾਰ ਨੰਬਰ ਪੀ.ਬੀ 34 ਡੀ 4573 ਬੰਗਾ-ਨਵਾਂਸ਼ਹਿਰ ਹਾਈਵੇ 'ਤੇ ਕਾਹਮੇ ਪਾਸਿਉਂ ਆ ਕੇ ਸਰਵਿਸ ਲੇਨ 'ਤੇ ਉਤਰ ਕੇ ਬਸ ਅੱਡਾ ਖਟਕੜਕਲਾਂ ਤੋਂ ਸੱਜੇ ਪਾਸੇ ਨੌਰਾ ਸਾਈਡ ਨੂੰ ਮੁੜਨ ਲੱਗੀ ਤਾਂ ਚਾਲਕ ਨੂੰ ਨਵਾਂਸ਼ਹਿਰ ਵਾਲੇ ਪਾਸੇ ਤੋਂ ਹੀ ਆ ਰਹੀ ਇਕ ਗੱਡੀ ਦਾ ਪਤਾ ਨਾ ਲੱਗਾ ਤਾਂ ਵੇਖਦਿਆਂ ਹੀ ਵੇਖਦਿਆਂ ਵਰਨਾ ਕਾਰ 'ਚ ਇਕ ਕਾਲੇ ਰੰਗ ਦੀ ਥਾਰ ਨੰਬਰ ਸੀ.ਐਚ 01 ਸੀ.ਐਫ 3131 ਨਾਲ ਇੰਨੇ ਜ਼ੋਰ ਦੀ ਟਕਰਾਈ ਕੇ ਆਸ-ਪਾਸ ਦੇ ਲੋਕਾਂ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਬੰਬ ਫਟਿਆ ਹੋਵੇ, ਦੋਹਾਂ ਗੱਡੀਆਂ ਦੀ ਟੱਕਰ ਵੱਜਦਿਆਂ ਹੀ ਥਾਰ ਗੱਡੀ ਹਾਈਵੇ ਦੇ ਡਿਵਾਈਡਰ ਨਾਲ ਜਾ ਟਕਰਾਈ ਅਤੇ ਵਰਨਾ ਕਾਰ ਜ਼ਬਰਦਸਤ ਟੱਕਰ ਨਾਲ ਵਾਪਸ ਫਿਰ ਨਵਾਂਸ਼ਹਿਰ ਸਾਈਡ ਵੱਲ ਰੁਖ ਕਰ ਗਈ ਤੇ ਉਸ ਦੇ ਦੋਵਾਂ ਪਾਸਿਆਂ ਤੋਂ ਪਿਛਲੇ ਟਾਇਰ ਅਲੱਗ ਹੋ ਗਏ, ਜਦ ਕਿ ਕਾਰ 'ਚ ਸਵਾਰ ਕਾਰ ਚਾਲਕ ਵਾਲ-ਵਾਲ ਬਚ ਗਿਆ | ਉਹ ਇੰਨੀ ਭਿਆਨਕ ਟੱਕਰ ਹੋਣ ਕਾਰਨ ਬਹੁਤ ਘਬਰਾ ਗਿਆ ਤੇ ਆਸ-ਪਾਸ ਦੇ ਲੋਕਾਂ ਵਲੋਂ ਉਸ ਨੂੰ ਪਾਣੀ ਪਿਲਾਉਣ 'ਤੇ ਵੀ ਉਸ ਨੇ ਕਾਫ਼ੀ ਸਮਾਂ ਅੰਦਰੋਂ ਲੌਕ ਨਹੀਂ ਖੋਲਿ੍ਹਆ | ਥਾਰ 'ਚ ਚਾਰ ਨੌਜਵਾਨ ਸਵਾਰ ਸਨ, ਜੋ ਚੰਡੀਗੜ੍ਹ ਤੋਂ ਆ ਰਹੇ ਦੱਸਦੇ ਸਨ, ਸਿਤਮ ਦੀ ਗੱਲ ਇਹ ਹੈ ਕਿ ਦੋਵੇਂ ਗੱਡੀਆਂ ਚੰਡੀਗੜ੍ਹ ਤੋਂ ਹੀ ਆ ਰਹੀਆਂ ਸਨ ਕਿ ਅਚਾਨਕ ਖਟਕੜ ਕਲਾਂ ਬੱਸ ਸਟੈਂਡ ਤੋਂ ਸੱਜੇ ਪਾਸੇ ਟਰਨ ਕਰਨ ਲੱਗੀ ਗੱਡੀ ਵਰਨਾ ਕਾਰ ਦੇ ਮੁੜਨ ਨਾਲ ਇਹ ਹਾਦਸਾ ਵਾਪਰ ਗਿਆ ਗ਼ਨੀਮਤ ਇਹ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ |