ਬਹਿਰਾਮ, 20 ਜੁਲਾਈ (ਸਰਬਜੀਤ ਸਿੰਘ ਰਾਣਾ) - ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕ ਹਿੱਤ 'ਚ ਕੰਮ ਕਰਕੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦਿੱਤੀਆਂ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਨੇ ਪਿੰਡ ਬਾਹੜ ਮਜਾਰਾ ਵਿਖੇ ਜਸਪ੍ਰੀਤ ਸਿੰਘ ਰੌਬੀ ਕੰਗ ਦੇ ਪੈਟਰੋਲ ਪੰਪ 'ਤੇ ਗੱਲਬਾਤ ਕਰਦਿਆਂ ਕੀਤਾ | ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਵਾਸੀਆਂ ਲਈ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਸ਼ੁਰੂ ਕੀਤਾ, ਜਿਸ ਵਿੱਚ ਹਰੇਕ ਨਾਗਰਿਕ ਆਪਣਾ ਇਲਾਜ ਮੁਫ਼ਤ ਕਰਵਾ ਸਕਦਾ ਹੈ | ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ 'ਚੋਂ ਨਸ਼ਾ ਖਤਮ ਕਰਨ ਦਾ ਬੀੜਾ ਜੰਗੀ ਪੱਧਰ 'ਤੇ ਚੁੱਕਿਆ ਹੋਇਆ ਹੈ ਜੋ ਕਿ ਸਫ਼ਲਤਾ ਪੂਰਵਕ ਅੱਗੇ ਵਧ ਰਿਹਾ ਹੈ | ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਭਿ੍ਸ਼ਟਾਚਾਰ ਦਾ ਖਾਤਮਾ, ਬਿਨਾਂ ਰਿਸ਼ਵਤ ਤੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣਾ, ਸਰਕਾਰੀ ਅਫਸਰਸ਼ਾਹੀ ਵਿੱਚ ਸੁਧਾਰ, ਮੁਫ਼ਤ ਬਿਜਲੀ, ਬੀਬੀਆਂ ਨੂੰ ਮੁਫ਼ਤ ਬੱਸ ਸਫਰ ਦੀ ਸਹੂਲਤ ਦਿੱਤੀ ਹੈ | ਉਹਨਾਂ ਹੋਰ ਕਿਹਾ ਕਿ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਐਕਵਾਇਰ ਹੋਣ ਤੋਂ ਰੋਕਣ ਦਾ ਕੰਮ ਕਰ ਰਹੀਆਂ ਹਨ ਜਦੋਂ ਕਿ ਇਸ ਨਾਲ ਕਿਸਾਨਾਂ ਨੂੰ ਭਾਰੀ ਫਾਇਦਾ ਹੋਵੇਗਾ | ਉਹਨਾਂ ਕਿਸਾਨਾਂ ਨੂੰ ਵਿਰੋਧੀ ਪਾਰਟੀਆਂ ਦੇ ਬਹਿਕਾਵੇ ਵਿੱਚ ਨਾ ਆਉਣ ਦੀ ਅਪੀਲ ਕੀਤੀ | ਇਸ ਮੌਕੇ 'ਤੇ ਜਸਪ੍ਰੀਤ ਸਿੰਘ ਰੌਬੀ ਕੰਗ ਇੰਚਾਰਜ ਯੂਥ ਵਿੰਗ ਦੁਆਬਾ ਜੋਨ, ਤੀਰਥ ਸਿੰਘ ਨੰਬਰਦਾਰ, ਗੋਦਾਵਰ ਸਿੰਘ ਪੰਚ, ਸਰਪੰਚ ਰੋਸ਼ਨ ਲਾਲ, ਮੋਹਨ ਲਾਲ ਪੰਚ, ਪਰਮਜੀਤ ਪੰਚ, ਸਾਬੀ, ਨੰਬਰਦਾਰ ਲੈਂਬਰ ਕੁਮਾਰ, ਗੁਰਬੀਰ ਸਿੰਘ ਐਨ. ਆਰ. ਆਈ, ਜਸਬੀਰ ਸਿੰਘ ਪੀਟਾ, ਰਣਜੀਤ ਸਿੰਘ, ਸਾਬੀ ਆਦਿ ਹਾਜ਼ਰ ਸਨ |