ਸਿੱਧਵਾਂ ਬੇਟ, 19 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)-ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਮੁਖੀ ਡਾ. ਅੰਕੁਰ ਗੁਪਤਾ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਥਾਣਾ ਸਿੱਧਵਾਂ ਬੇਟ ਵਿਖੇ ਤਾਇਨਾਤ ਥਾਣੇਦਾਰ ਗੁਰਸੇਵਕ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੂੰ ਥਾਣੇ ਦੇ ਗੇਟ ਕੋਲ ਆ ਕੇ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਮਨਪ੍ਰੀਤ ਕੌਰ ਉਰਫ਼ ਮੰਨੂ ਪਤਨੀ ਜਰਨੈਲ ਸਿੰਘ ਵਾਸੀ ਸਲੇਮਪੁਰਾ ਟਿੱਬਾ ਥਾਣਾ ਸਿੱਧਵਾਂ ਬੇਟ (ਲੁਧਿਆਣਾ) ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦੀ ਹੈ ਜੋ ਅੱਜ ਵੀ ਦਾਣਾ ਮੰਡੀ ਸਿੱਧਵਾਂ ਬੇਟ ਦੇ ਕੋਲ ਖੜ੍ਹ ਕੇ ਨਸ਼ੀਲੀਆਂ ਗੋਲੀਆਂ ਵੇਚ ਰਹੀ ਹੈ ਜੇਕਰ ਹੁਣੇ ਹੀ ਰੇਡ ਮਾਰੀ ਜਾਵੇ ਤਾਂ ਉਕਤ ਔਰਤ ਕਾਬੂ ਆ ਸਕਦੀ ਹੈ | ਉਪਰੰਤ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮਨਪ੍ਰੀਤ ਕੌਰ ਉਰਫ਼ ਮੰਨੂ ਨੂੰ 20 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਲਿਆ | ਜਿਸ ਖ਼ਿਲਾਫ਼ ਥਾਣਾ ਸਿੱਧਵਾਂ ਬੇਟ ਵਿਖੇ ਨਸ਼ਾ ਵਿਰੋਧੀ ਐਕਟ ਤਹਿਤ ਮੁਕੱਦਮਾਂ ਨੰ. 237 ਦਰਜ ਕੀਤਾ | ਪੁਲਿਸ ਨੇ ਇਹ ਵੀ ਦੱਸਿਆ ਕਿ ਗਿ੍ਫ਼ਤਾਰ ਔਰਤ ਖਿਲਾਫ਼ ਪਹਿਲਾਂ ਵੀ ਥਾਣਾ ਸਿੱਧਵਾਂ ਬੇਟ ਵਿਚ ਨਸ਼ਾ ਵਿਰੋਧੀ ਐਕਟ ਦੇ ਚਾਰ ਮਾਮਲੇ ਦਰਜ ਕੀਤੇ ਗਏ ਸਨ | ਦੋ ਮਾਮਲੇ ਤਾਂ ਇਸੇ ਸਾਲ ਦੇ ਮਾਰਚ ਅਤੇ ਜੂਨ ਮਹੀਨੇ ਵਿਚ ਦਰਜ ਕੀਤੇ ਗਏ, ਪਰ ਫਿਰ ਵੀ ਇਸ ਨੇ ਨਸ਼ਿਆਂ ਦੀ ਕਾਲੀ ਕਮਾਈ ਦਾ ਖੈਹਿੜਾ ਨਹੀਂ ਛੱਡਿਆ |