ਰਾਏਕੋਟ, 16 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਅਸਥਾਨ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ ਦਸਵੀਂ ਰਾਏਕੋਟ ਵਿਖੇ ਸੰਗਤਾਂ ਦੇ ਉਤਸ਼ਾਹ ਤੇ ਭਾਰੀ ਸ਼ਰਧਾ ਨੂੰ ਦੇਖਦੇ ਹੋਏ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚੁਪਹਿਰਾ ਸਾਹਿਬ ਦੇ ਹਫ਼ਤਾਵਰੀ ਪਾਠ ਕਰਵਾਏ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਤਰਸੇਮ ਸਿੰਘ ਬਲਿਆਲ ਨੇ ਦੱਸਿਆ ਕਿ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ ਦਸਵੀਂ ਰਾਏਕੋਟ ਵਿਖੇ ਅੱਜ ਮਿਤੀ 16 ਜੁਲਾਈ ਦਿਨ ਬੁੱਧਵਾਰ ਨੂੰ ਸਵੇਰੇ 9:45 ਵਜੇ ਤੋਂ ਦੁਪਹਿਰ 2 ਵਜੇ ਤੱਕ ਸ੍ਰੀ ਚੁਪਹਿਰਾ ਸਾਹਿਬ ਜੀ ਦੇ ਜਾਪ ਕਰਵਾਏ ਗਏ ਹਨ | ਇਸ ਮੌਕੇ ਚੁਪਹਿਰਾ ਸਾਹਿਬ ਵਿਚ 5 ਪਾਠ ਸ੍ਰੀ ਜਪੁਜੀ ਸਾਹਿਬ ਜੀ, 2 ਪਾਠ ਸ਼੍ਰੀ ਚੌਪਈ ਸਾਹਿਬ ਜੀ, 1 ਪਾਠ ਸ੍ਰੀ ਸੁਖਮਨੀ ਸਾਹਿਬ ਜੀ, ਸ੍ਰੀ ਅਨੰਦ ਸਾਹਿਬ ਜੀ ਦੀਆਂ 6 ਪਾਉੜੀਆਂ ਦਾ ਪਾਠ ਕਰਨ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ | ਇਸ ਮੌਕੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਹਰੇਕ ਬੁੱਧਵਾਰ ਨੂੰ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਸ੍ਰੀ ਚੁਪਹਿਰਾ ਸਾਹਿਬ ਜੀ ਦੇ ਜਾਪ ਕੀਤੇ ਜਾਣਗੇ | ਉਨ੍ਹਾਂ ਆਖਿਆ ਕਿ ਇਲਾਕੇ ਭਰ ਦੀ ਸੰਗਤ ਵਿਚ ਸ੍ਰੀ ਚੁਪਹਿਰਾ ਸਾਹਿਬ ਜੀ ਦੇ ਪਾਠ ਸਬੰਧੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਹੁੰਮ-ਹੁਮਾ ਕੇ ਇਸ ਸਮਾਗਮ ਵਿਚ ਪੁੱਜ ਕੇ ਗੁਰੂ ਲੜ੍ਹ ਲੱਗਿਆ ਜਾਵੇ | ਇਸ ਸਮੇਂ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਹੈੱਡ ਗ੍ਰੰਥੀ ਗਿਆਨੀ ਮਹਿੰਦਰ ਸਿੰਘ ਮਾਣਕੀ, ਖ਼ਜ਼ਾਨਚੀ ਹਰਵਿੰਦਰ ਸਿੰਘ ਭੂੰਦੜੀ, ਅਕਾਊਟੈਂਟ ਹਰਪ੍ਰੀਤ ਸਿੰਘ, ਗੁਰਜੀਤ ਸਿੰਘ ਗੁੱਜਰਵਾਲ, ਹਰਜਿੰਦਰ ਸਿੰਘ ਆਰ.ਕੇ, ਬਲਜੀਤ ਸਿੰਘ ਆਰ.ਕੇ, ਗੁਰਦੀਪ ਸਿੰਘ ਐੱਸ.ਕੇ., ਹਰਪਾਲ ਸਿੰਘ, ਬਲਜੀਤ ਸਿੰਘ, ਗੁਰਕੀਰਤ ਸਿੰਘ ਐੱਸ.ਕੇ., ਗ੍ਰੰਥੀ ਗੁਰਵਿੰਦਰ ਸਿੰਘ, ਗ੍ਰੰਥੀ ਜੁਗਰਾਜ ਸਿੰਘ, ਸੇਵਾਦਾਰ ਵਰਿੰਦਰ ਸਿੰਘ, ਹਰਦੀਪ ਸਿੰਘ, ਰਾਮਦੀਪ ਸਿੰਘ, ਗ੍ਰੰਥੀ ਗੁਰਮੀਤ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |