ਟਾਂਡਾ ਉੜਮੁੜ, 20 ਨਵੰਬਰ (ਦੀਪਕ ਬਹਿਲ)- ਸਮਾਜ ਸੇਵੀ ਸੰਸਥਾ ਸੈਣੀ ਵੈੱਲਫੇਅਰ ਸੋਸਾਇਟੀ ਟਾਂਡਾ ਦੀ ਇਕ ਵਿਸ਼ੇਸ਼ ਮੀਟਿੰਗ ਸੁਸਾਇਟੀ ਦੇ ਚੀਫ਼ ਸਰਪ੍ਰਸਤ ਮਾਸਟਰ ਅੰਮਿ੍ਤਪਾਲ ਓਹੜਪੁਰ ਦੀ ਸਰਪ੍ਰਸਤੀ ਅਤੇ ਪ੍ਰਧਾਨ ਮਾਸਟਰ ਲਛਮਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਦੌਰਾਨ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਭਾਗ ਲੈਂਦੇ ਹੋਏ ਜਿੱਥੇ ਸੈਣੀ ਭਾਈਚਾਰੇ ਦੀ ਭਲਾਈ ਵਾਸਤੇ ਵਿਚਾਰ ਵਟਾਂਦਰਾ ਕੀਤਾ ਉੱਥੇ ਹੀ ਸਮਾਜ ਨਾਲ ਜੁੜੇ ਵੱਖ-ਵੱਖ ਮੁੱਦਿਆਂ 'ਤੇ ਵੀ ਵਿਚਾਰ ਚਰਚਾ ਕੀਤੀ | ਇਸ ਮੌਕੇ ਸੰਬੋਧਨ ਕਰਦੇ ਹੋਏ ਸੁਸਾਇਟੀ ਦੇ ਸਰਪ੍ਰਸਤ ਮਾਸਟਰ ਅੰਮਿ੍ਤਪਾਲ ਉਹੜਪੁਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਅਤੇ ਰਹਿੰਦ-ਖੰੂਹਦ ਨੂੰ ਖੇਤਾਂ ਵਿਚ ਅੱਗ ਲਗਾਉਣ ਤੋਂ ਗੁਰੇਜ਼ ਕੀਤਾ ਜਾਵੇ ਕਿਉਂਕਿ ਇਸ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ | ਇਸ ਮੌਕੇ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਆਵਾਰਾ ਡੰਗਰਾਂ 'ਤੇ ਕਾਬੂ ਪਾ ਕੇ ਕਿਸਾਨਾਂ ਦੇ ਹੋ ਰਹੇ ਉਜਾੜੇ ਨੂੰ ਰੋਕਿਆ ਜਾਵੇ ਕਿਉਂਕਿ ਸਰਕਾਰ ਵਲੋਂ ਲੋਕਾਂ ਤੋਂ ਗਊ ਸੈਸ ਲਿਆ ਜਾਂਦਾ ਹੈ ਜਿਸ ਨਾਲ ਮੌਜੂਦਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਨ੍ਹਾਂ ਡੰਗਰਾਂ ਅਤੇ ਸੰਭਾਲ ਕਰੇ | ਇਸ ਮੌਕੇ ਸੰਬੋਧਨ ਕਰਦੇ ਹੋਏ ਸੁਸਾਇਟੀ ਦੇ ਪ੍ਰਧਾਨ ਮਾਸਟਰ ਲਛਮਣ ਸਿੰਘ ਨੇ ਸਮੂਹ ਮੈਂਬਰਾਂ ਦੀ ਪ੍ਰਵਾਨਗੀ ਉਪਰੰਤ ਮਤਾ ਪਾਸ ਕੀਤਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਅਤੇ ਇਸ ਨੂੰ ਪੰਜਾਬ ਦੀ ਹੀ ਰਹਿਣ ਦਿੱਤਾ ਜਾਵੇ ਅਤੇ ਇਸ ਵਾਸਤੇ ਜੇਕਰ ਕੇਂਦਰ ਸਰਕਾਰ ਨੇ ਧੱਕਾ ਕੀਤਾ ਤਾਂ ਸੁਸਾਇਟੀ ਵਲੋਂ ਹਰ ਪੱਧਰ 'ਤੇ ਸੰਘਰਸ਼ ਕੀਤਾ ਜਾਵੇਗਾ | ਉਨ੍ਹਾਂ ਨੇ ਇਸ ਵਾਸਤੇ ਪੰਜਾਬ ਸਰਕਾਰ ਨੂੰ ਵੀ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਲਈ ਅਪੀਲ ਕੀਤੀ | ਇਸ ਮੌਕੇ ਸੁਸਾਇਟੀ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮੌਜੂਦਾ ਸੀਜ਼ਨ ਦੌਰਾਨ ਪੰਜਾਬ ਦੀਆਂ ਖੰਡ ਮੇਲਾ ਜਲਦ ਤੋਂ ਜਲਦ ਚਾਲੂ ਕਰਨ ਕਿਉਂਕਿ ਜਿਨ੍ਹਾਂ ਕਿਸਾਨਾਂ ਨੇ ਗੰਨਾ ਵੱਢ ਕੇ ਕਣਕ ਦੀ ਬਿਜਾਈ ਕਰਨੀ ਹੈ, ਉਨ੍ਹਾਂ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਤੋਂ ਇਲਾਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿਸਾਨਾਂ ਦੀ ਗੰਨੇ ਦੀ ਪਿਛਲੀ ਬਕਾਇਆ ਰਾਸ਼ੀ ਜਲਦ ਤੋਂ ਜਲਦ ਦਿੱਤੀ ਜਾਵੇ | ਇਸ ਮੌਕੇ ਇਸ ਮੌਕੇ ਚੇਅਰਮੈਨ ਸਿਮਰਨ ਸਿੰਘ ਸੈਣੀ, ਸ਼ਿਵ ਪੂਰਨ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਅਸ਼ੋਕ ਸੈਣੀ, ਮੰਗਜੀਤ ਗੰਬੋਵਾਲ, ਪ੍ਰੀਤਮ ਸਿੰਘ ਸੈਣੀ, ਤਰਨਜੀਤ ਸਿੰਘ ਕਲੋਟੀ, ਅਜੇਪਾਲ ਸਿੰਘ, ਤਰਲੋਚਨ ਸਿੰਘ ਕੁਰਾਲਾ, ਮਾਸਟਰ ਹਰਦੀਪ ਸਿੰਘ, ਪ੍ਰੋਫੈਸਰ ਮਲਕੀਤ ਸਿੰਘ, ਡਾ. ਗੁਰਚਰਨ ਸਿੰਘ ਮੂਨਕਾਂ, ਮਹਾਵੀਰ ਸਿੰਘ ਮਸੀਤੀ, ਸੇਵਾ ਮੁਕਤ ਐੱਸ.ਡੀ.ਓ ਜਸਵੀਰ ਸਿੰਘ ਖੁੱਡਾ, ਭਾਗ ਸਿੰਘ ਆਦਿ ਵੀ ਹਾਜ਼ਰ ਸਨ |