ਹੁਸ਼ਿਆਰਪੁਰ, 17 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ: ਤੇ ਐਲੀ:) ਲਲਿਤਾ ਅਰੋੜਾ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਚੌਹਾਲ ਦਾ ਅਚਾਨਕ ਦੌਰਾ ਕੀਤਾ ਗਿਆ | ਦੌਰੇ ਦਾ ਮੁੱਖ ਉਦੇਸ਼ ਸਕੂਲ 'ਚ ਮਿਲਣ ਵਾਲੇ ਮਿਡ-ਡੇ-ਮੀਲ ਦੀ ਗੁਣਵੱਤਾ, ਸਫ਼ਾਈ ਦੀ ਸਥਿਤੀ ਅਤੇ ਮਿਸ਼ਨ ਸਮਰੱਥ ਦੇ ਤਹਿਤ ਵਿਦਿਆਰਥੀਆਂ ਦੇ ਪਾਠ ਪੱਧਰ ਦੀ ਜਾਂਚ ਕਰਨੀ ਸੀ | ਲਲਿਤਾ ਅਰੋੜਾ ਨੇ ਸਕੂਲ 'ਚ ਦਿੱਤੇ ਜਾ ਰਹੇ ਮਿਡ-ਡੇ-ਮੀਲ ਦੀ ਗੁਣਵੱਤਾ, ਪੋਸ਼ਣ ਪੱਧਰ ਅਤੇ ਸਫ਼ਾਈ ਮਾਪਦੰਡਾਂ ਦੀ ਧਿਆਨ-ਪੂਰਵਕ ਜਾਂਚ ਕੀਤੀ | ਉਨ੍ਹਾਂ ਨੇ ਰਸੋਈ ਘਰ ਦਾ ਵੀ ਨਿਰੀਖਣ ਕੀਤਾ ਅਤੇ ਉੱਥੇ ਦੀ ਸਫ਼ਾਈ, ਖਾਦ ਪਦਾਰਥਾਂ ਦੇ ਸੰਭਾਲਣ ਤੇ ਖਾਣਾ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਦੇਖਿਆ | ਉਨ੍ਹਾਂ ਅਧਿਆਪਕਾਂ ਨਾਲ ਵਿਦਿਆਰਥੀਆਂ ਦੀ ਸਿੱਖਣ ਦੀ ਰਫ਼ਤਾਰ, ਉਪਲਬਧੀਆਂ ਅਤੇ ਮੁਸ਼ਕਿਲਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਬਿਹਤਰ ਨਤੀਜਿਆਂ ਲਈ ਪੜ੍ਹਾਈ ਤਰੀਕਿਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਹੁਕਮ ਦਿੱਤੇ |