ਪਟਨਾ, 6 ਨਵੰਬਰ (ਏਜੰਸੀ)-ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਪਈਆਂ ਵੋਟਾਂ ਦੌਰਾਨ ਮੁੱਖ ਮੰਤਰੀ ਨਿਤਿਸ਼ ਕੁਮਾਰ, ਡਿਪਟੀ ਮੁੱਖ ਮੰਤਰੀ ਸਮਰਾਟ ਚੌਧਰੀ ਤੇ ਵਿਜੇ ਕੁਮਾਰ ਸਿਨਹਾ, 'ਇੰਡੀਆ' ਗਠਜੋੜ ਦੇ ਮੁੱਖ ਮੰਤਰੀ ਲਈ ਅਹੁਦੇ ਦੇ ਉਮੀਦਵਾਰ ਤੇਜਸਵੀ ਯਾਦਵ, ਵਿਕਾਸਸ਼ੀਲ ਇਨਸਾਨ ਪਾਰਟੀ ਦੇ ਮੁਖੀ ਮੁਕੇਸ਼ ਸਾਹਨੀ ਅਤੇ ਕੇਂਦਰੀ ਮੰਤਰੀਆਂ ਗਿਰੀਰਾਜ ਸਿੰਘ ਤੇ ਰਾਜੀਵ ਰੰਜਨ ਸਿੰਘ 'ਲਲਨ' ਨੇ ਆਪਣੀ ਵੋਟ ਦੇ ਹੱਕ ਦੀ ਵਰਤੋਂ ਕੀਤੀ | ਆਪਣੇ ਗ੍ਰਹਿਨਗਰ ਬਖਤਿਆਰਪੁਰ 'ਚ ਵੋਟ ਪਾਉਣ ਤੋਂ ਬਾਅਦ ਨਿਤਿਸ਼ ਕੁਮਾਰ ਨੇ 'ਐਕਸ' 'ਤੇ ਪੋਸਟ ਪਾਈ ਕਿ ਲੋਕਤੰਤਰ 'ਚ ਵੋਟ ਨਾ ਕੇਵਲ ਅਧਿਕਾਰ ਹੈ, ਬਲਕਿ ਨਾਗਰਿਕਾਂ ਦਾ ਕਰਤੱਵ ਵੀ ਹੈ | ਚੌਧਰੀ ਨੇ ਤਾਰਾਪੁਰ, ਗਿਰੀਰਾਜ ਨੇ ਲਖੀਸਰਾਏ 'ਚ ਵੋਟ ਪਾਈ | ਤੇਜਸਵੀ ਯਾਦਵ ਨੇ ਆਰ.ਜੇ.ਡੀ. ਮੁਖੀ ਲਾਲੂ ਪ੍ਰਸਾਦ ਸਮੇਤ ਆਪਣੇ ਪਰਿਵਾਰਕ ਮੈਂਬਰਾਂ ਨਾਲ ਪਟਨਾ 'ਚ ਵੈਟਰਨਰੀ ਕਾਲਜ ਇਕ ਬੂਥ 'ਤੇ ਵੋਟਾਂ ਪਾਈਆਂ | ਤੇਜਸਵੀ ਯਾਦਵ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਸੂਬੇ 'ਚ ਬਦਲਾਅ ਲਿਆਉਣ ਲਈ ਨਵੀਂ ਸਰਕਾਰ ਬਣਾਉਣ | ਲਾਲੂ ਪ੍ਰਸਾਦ ਦੇ ਵੱਡੇ ਬੇਟੇ ਤੇ ਜਨਸ਼ਕਤੀ ਜਨਤਾ ਦਲ ਦੇ ਪ੍ਰਧਾਨ ਤੇਜ ਪ੍ਰਤਾਪ ਨੇ ਪਟਨਾ ਦੇ ਵੈਟਰਨਰੀ ਕਾਲਜ 'ਚ ਬੂਥ 'ਤੇ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਬਿਹਾਰ ਦੇ ਸਾਰੇ ਲੋਕ ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰਨ |