22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

557ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤੀ ਸਿੱਖ ਯਾਤਰੂ ਜਥੇ ਦੇ ਪਾਕਿ ਪਹੁੰਚਣ 'ਤੇ ਨਿੱਘਾ ਸਵਾਗਤ

ਅੰਮ੍ਰਿਤਸਰ, 22 ਨਵੰਬਰ (ਸੁਰਿੰਦਰ ਕੋਛੜ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ 'ਚ ਸ਼ਾਮਿਲ ਹੋਣ ਲਈ ਭਾਰਤੀ...

ਅਜੀਤ ਡੈਸਕ 22-11-2026

ਅੰਮ੍ਰਿਤਸਰ, 22 ਨਵੰਬਰ (ਸੁਰਿੰਦਰ ਕੋਛੜ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ 'ਚ ਸ਼ਾਮਿਲ ਹੋਣ ਲਈ ਭਾਰਤੀ ਸਿੱਖ ਯਾਤਰੀਆਂ ਦਾ ਜਥਾ ਵਾਹਗਾ ਸਰਹੱਦ ਰਸਤੇ ਪਾਕਿਸਤਾਨ 'ਤੇ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਦੇ ਚੇਅਰਮੈਨ ਕਮਰ-ਉਲ-ਜ਼ਮਾਨ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਅਤੇ ਬੋਰਡ ਦੇ ਸਕੱਤਰ ਨਾਸਿਰ ਮੁਸ਼ਤਾਕ ਨੇ ਯਾਤਰੀਆਂ ਦਾ ਨਿੱਘਾ ਸਵਾਗਤ ਕੀਤਾ।
ਇਸ ਮੌਕੇ ਚੇਅਰਮੈਨ ਕਮਰ-ਉਲ-ਜ਼ਮਾਨ ਨੇ ਭਾਰਤੀ ਸਿੱਖ ਯਾਤਰੀਆਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਜੀ ਆਇਆਂ ਆਖਿਆ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਸਿੱਖ ਯਾਤਰੀਆਂ ਦਾ ਸਵਾਗਤ ਪਾਕਿ ਦੀ ਅਮਨ ਅਤੇ ਮੁਹੱਬਤ ਦੀ ਨੀਤੀ ਦਾ ਅਮਲੀ ਸਬੂਤ ਹੈ। ਉਨ੍ਹਾਂ ਦੱਸਿਆ ਕਿ ਸੰਘੀ ਸਰਕਾਰ ਦੀਆਂ ਹਦਾਇਤਾਂ 'ਤੇ ਸਿੱਖ ਯਾਤਰੀਆਂ ਦੀ ਮਹਿਮਾਨਨਿਵਾਜ਼ੀ ਲਈ ਮਿਸਾਲੀ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਿੱਖ ਯਾਤਰੀ ਸਾਡੇ ਸਤਿਕਾਰਯੋਗ ਮਹਿਮਾਨ ਹਨ ਅਤੇ ਉਨ੍ਹਾਂ ਦੀ ਸੇਵਾ ਤੇ ਸਹੂਲਤ ਸਾਡੀ ਪਹਿਲੀ ਤਰਜੀਹ ਹੈ।
ਪਾਕਿ ਪਹੁੰਚਣ 'ਤੇ ਭਾਰਤੀ ਸਿੱਖ ਯਾਤਰੀਆਂ ਨੇ ਬੇਹੱਦ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਾਹਗਾ ਬਾਰਡਰ 'ਤੇ ਕੀਤੇ ਗਏ ਸ਼ਾਨਦਾਰ ਪ੍ਰਬੰਧਾਂ ਲਈ ਚੇਅਰਮੈਨ ਬੋਰਡ ਅਤੇ ਪਾਕਿ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਪ੍ਰਬੰਧਾਂ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਕਰਤਾਰਪੁਰ ਲਾਂਘਾ ਤੁਰੰਤ ਖੋਲ੍ਹਿਆ ਜਾਵੇ। ਬੋਰਡ ਦੇ ਸਕੱਤਰ ਨਾਸਿਰ ਮੁਸ਼ਤਾਕ ਨੇ ਦੱਸਿਆ ਕਿ ਯਾਤਰੀਆਂ ਦੇ ਠਹਿਰਨ, ਲੰਗਰ, ਟਰਾਂਸਪੋਰਟ ਅਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਯਕੀਨੀ ਬਣਾਏ ਗਏ ਹਨ। ਬੋਰਡ ਦੇ ਮੀਡੀਆ ਸੈੱਲ ਮੁਤਾਬਕ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਯਾਤਰੀਆਂ ਨੂੰ ਫੁੱਲ-ਪਰੂਫ਼ ਸੁਰੱਖਿਆ ਅਤੇ ਆਧੁਨਿਕ ਸਫ਼ਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸਵਾਗਤ ਤੋਂ ਬਾਅਦ ਸਿੱਖ ਯਾਤਰੀਆਂ ਦਾ ਪਹਿਲਾ ਕਾਫ਼ਲਾ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਾ ਮੁੱਖ ਸਮਾਗਮ 24 ਨਵੰਬਰ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।

ਅਗਲੀ ਖ਼ਬਰ ਕੇਵਲ ਸਿੰਘ ਢਿੱਲੋਂ ਵਲੋਂ ਭਾਜਪਾ ਦੀ ਨਵੀਂ ਜੁਆਇਨਿੰਗ ਕਮੇਟੀ ਦਾ ਐਲਾਨ