ਵਿਸ਼ੇਸ਼ ਜੱਜ ਅੱਗੇ ਪੇਸ਼ੀ ਮੌਕੇ ਮਜੀਠੀਆ ਦੇਣਗੇ ਬਿਆਨ
ਐੱਸ. ਏ. ਐੱਸ. ਨਗਰ, 18 ਜੁਲਾਈ (ਕਪਿਲ ਵਧਵਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ 14 ਦਿਨਾਂ ਦੀ ਨਿਆਂਇਕ ਹਿਰਾਸਤ ਪੂਰਾ ਹੋਣ ਉਪਰੰਤ ਮੁਹਾਲੀ ਅਦਾਲਤ ਵਿਖੇ ਵਿਸ਼ੇਸ਼ ਜੱਜ ਵਿਜੀਲੈਂਸ ਦੀ ਅਦਾਲਤ 'ਚ ਮੱੁਖ ਮਾਮਲੇ ਦੀ ਪਹਿਲੀ ਸੁਣਵਾਈ ਭਲਕੇ ਹੋਵੇਗੀ | ਸ਼ੁੱਕਰਵਾਰ ਨੂੰ ਉਨ੍ਹਾਂ ਦੇ ਵਕੀਲ ਐੱਚ.ਐੱਸ. ਧਨੋਆ ਵਲੋਂ ਅਦਾਲਤ 'ਚ ਇਕ ਅਰਜ਼ੀ ਦਾਇਰ ਕਰਦਿਆਂ ਮਜੀਠੀਆ ਨੂੰ ਨਿੱਜੀ ਤੌਰ 'ਤੇ ਪੇਸ਼ ਕੀਤੇ ਜਾਣ ਦੀ ਅਪੀਲ ਕੀਤੀ ਗਈ, ਜਿਸ 'ਤੇ ਸੁਣਵਾਈ ਮੌਕੇ ਉਨ੍ਹਾਂ ਦਲੀਲ ਦਿੱਤੀ ਕਿ ਸੰਵਿਧਾਨਕ ਤੌਰ 'ਤੇ ਬਿਕਰਮ ਸਿੰਘ ਮਜੀਠੀਆ ਨੂੰ ਆਪਣੀ ਪਹਿਲੀ ਸੁਣਵਾਈ 'ਤੇ ਅਦਾਲਤ ਵਿਖੇ ਨਿੱਜੀ ਤੌਰ 'ਤੇ ਪੇਸ਼ ਹੋਣ ਦਾ ਪੂਰਾ ਹੱਕ ਹੈ ਤੇ ਬਿਨੈਕਾਰ ਮਜੀਠੀਆ ਵਲੋਂ ਨਾਭਾ ਨਵੀਂ ਜ਼ਿਲ੍ਹਾ ਜੇਲ੍ਹ ਚ ਬਿਤਾਏ ਗਏ 14 ਦਿਨਾਂ ਦਰਮਿਆਨ ਜੇਲ੍ਹ ਪ੍ਰਸ਼ਾਸਨ ਦੇ ਉਨ੍ਹਾਂ ਨਾਲ ਵਤੀਰੇ ਸੰਬੰਧੀ ਉਹ ਅਦਾਲਤ ਦੇ ਸਨਮੱੁਖ ਅਹਿਮ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹਨ | ਇਸ ਮੌਕੇ ਸਰਕਾਰੀ ਵਕੀਲ ਪ੍ਰੀਤਇੰਦਰ ਪਾਲ ਸਿੰਘ ਤੇ ਫੈਰੀ ਸੌਫਤ ਵਲੋਂ ਸੁਰੱਖਿਆ ਪ੍ਰਬੰਧਾਂ ਦਾ ਹਵਾਲਾ ਦਿੰਦੇ ਹੋਏ ਮਜੀਠੀਆ ਨੂੰ ਮੁਹਾਲੀ ਅਦਾਲਤ ਵਿਖੇ ਨਿੱਜੀ ਤੌਰ 'ਤੇ ਪੇਸ਼ ਨਾ ਕਰਨ ਦੀ ਦਲੀਲ ਦਿੱਤੀ ਗਈ | ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ ਜੱਜ ਹਰਦੀਪ ਸਿੰਘ ਨੇ ਇਸ ਮਾਮਲੇ ਨੂੰ ਵਿਚਾਰ ਅਧੀਨ ਰੱਖਦਿਆਂ ਸਨਿਚਰਵਾਰ ਨੂੰ ਉਕਤ ਅਰਜ਼ੀ 'ਤੇ ਮੁੜ ਸੁਣਵਾਈ ਤੈਅ ਕੀਤੀ |
ਮਜੀਠੀਆ ਨੂੰ ਨਿੱਜੀ ਤੌਰ 'ਤੇ ਪੇਸ਼ ਕੀਤੇ ਜਾਣ ਦੀ ਅਰਜ਼ੀ ਦਾਇਰ
ਅਜੀਤ ਡੈਸਕ
19-07-2025