ਲੰਡਨ, 11 ਅਕਤੂਬਰ (ਪੀ. ਟੀ. ਆਈ.)-ਕਾਲੇ ਸਾਗਰ ਵਿਚ ਸੋਮਵਾਰ ਨੂੰ ਹਮਲੇ ਦਾ ਸ਼ਿਕਾਰ ਹੋਏ ਤੁਰਕੀ ਦੀ ਮਲਕੀਅਤ ਵਾਲੇ ਮਾਲਵਾਹਕ ਜਹਾਜ਼ ਐਮ.ਵੀ. ਰੋਯਾਦ ਮਾਮਾਦੋਵ ਤੋਂ ਬਚਾਏ ਗਏ ਤਿੰਨ ਭਾਰਤੀ ਨਾਗਰਿਕ ਭਾਰਤ ਲਈ ਰਵਾਨਾ ਹੋ ਗਏ ਹਨ। ਬੁਖਾਰੇਸਟ ਸਥਿਤ ਭਾਰਤੀ ਦੂਤਘਰ ਨੇ ਦੱਸਿਆ ਕਿ ਭਾਰਤੀ ਨਾਗਰਿਕਾਂ ਸਾਹਿਲ ਸੰਧੂ, ਅਸ਼ਵਨੀ ਕੁਮਾਰ ਅਤੇ ਹਰਮਨ ਸਿੰਘ ਭਾਰਤ ਲਈ ਰਵਾਨਾ ਹੋ ਗਏ ਹਨ।ਤੁਰਕੀ ਦੀ ਇਕ ਕੰਪਨੀ ਦੀ ਮਲਕੀਅਤ ਵਾਲਾ ਅਤੇ ਯੂਕਰੇਨ ਦੇ ਇਜ਼ਮਾਈਲ ਬੰਦਰਗਾਹ ਤੋਂ ਇਟਲੀ ਦੇ ਰਾਵੇਨਾ ਤੱਕ ਮੱਕੀ ਲੈ ਕੇ ਜਾ ਰਿਹਾ ਇਹ ਬੇੜਾ ਸੋਮਵਾਰ ਨੂੰ ਰੋਮਾਨੀਆ ਦੇ ਖੇਤਰੀ ਪਾਣੀਆਂ ਦੇ ਬਾਹਰ ਕਾਲੇ ਸਾਗਰ ਵਿਚ ਰੂਸੀ ਡਰੋਨ ਹਮਲੇ ਦਾ ਸ਼ਿਕਾਰ ਹੋ ਗਿਆ ਸੀ।ਇਸ ਦੌਰਾਨ ਦੋ ਵਿਦੇਸ਼ੀ ਨਾਗਰਿਕ ਮਾਰੇ ਗਏ ਸਨ, ਜਦੋਂਕਿ ਕਈ ਚਾਲਕ ਦਲ ਦੇ ਮੈਂਬਰ ਜ਼ਖ਼ਮੀ ਹੋ ਗਏ ਸਨ। ਸਾਰੇ 3 ਭਾਰਤੀ ਨਾਗਰਿਕ ਬਚ ਗਏ, ਹਾਲਾਂਕਿ ਇਕ ਜ਼ਖ਼ਮੀ ਹੋ ਗਿਆ ਸੀ ਅਤੇ ਉਸ ਦਾ ਰੋਮਾਨੀਆ ਵਿਚ ਇਲਾਜ ਕਰਵਾਇਆ ਗਿਆ। ਹਮਲੇ ਵਿਚ ਮਾਰੇ ਗਏ ਲੋਕਾਂ ਦੀ ਕੌਮੀਅਤ ਬਾਰੇ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ।