19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਰਾਹੁਲ ਦੀ ਬੌਖਲਾਹਟ

ਰਾਹੁਲ ਦੀ ਬੌਖਲਾਹਟ

ਅਜੀਤ ਡੈਸਕ 20-11-2026

ਰਾਹੁਲ ਗਾਂਧੀ ਦੇ ਵਿਦੇਸ਼ ਦੌਰਿਆਂ ਦੀ ਚਰਚਾ ਅਕਸਰ ਹੁੰਦੀ ਰਹਿੰਦੀ ਹੈ | ਬਹੁਤੀ ਵਾਰ ਉਹ ਆਪਣੇ ਬੇਹੱਦ ਨਿੱਜੀ ਵਿਦੇਸ਼ੀ ਦੌਰਿਆਂ 'ਤੇ ਉਦੋਂ ਗਏ ਜਦੋਂ ਸੰਸਦ ਵਿਚ ਕੋਈ ਬਹੁਤ ਮਹੱਤਵਪੂਰਨ ਬਹਿਸਾਂ ਚੱਲ ਰਹੀਆਂ ਹੁੰਦੀਆਂ ਸਨ | ਉਦੋਂ ਵੀ ਜਦੋਂ ਦੇਸ਼ ਦੇ ਕਈ ਹਿੱਸਿਆਂ ਵਿਚ ਮਹੱਤਵਪੂਰਨ ਚੋਣਾਂ ਹੋ ਰਹੀਆਂ ਹੁੰਦੀਆਂ ਸਨ ਜਾਂ ਕੋਈ ਸੰਕਟ ਦੀ ਘੜੀ ਹੁੰਦੀ ਸੀ | ਅਜਿਹੇ ਸਮੇਂ ਵਿਚ ਰਾਹੁਲ ਦਾ ਇਕਦਮ ਵਿਦੇਸ਼ ਵਿਚ ਗਾਇਬ ਹੋ ਜਾਣਾ ਬੇਹੱਦ ਅਖ਼ਰਦਾ ਰਿਹਾ ਹੈ | ਇਸ ਤੋਂ ਇਲਾਵਾ ਜਦੋਂ ਉਹ ਖ਼ਾਸ ਤੌਰ 'ਤੇ ਕਿਸੇ ਯੂਨੀਵਰਸਿਟੀ ਜਾਂ ਹੋਰ ਅਦਾਰੇ ਦੇ ਸੱਦੇ 'ਤੇ ਜਾਂਦੇ ਹਨ, ਤਾਂ ਅਕਸਰ ਉੱਥੇ ਉਹ ਕੇਂਦਰ ਸਰਕਾਰ ਬਾਰੇ ਅਜਿਹੀ ਬਿਆਨਬਾਜ਼ੀ ਕਰਦੇ ਹਨ ਅਤੇ ਸਰਕਾਰ 'ਤੇ ਇਸ ਤਰ੍ਹਾਂ ਦੇ ਦੋਸ਼ ਮੜ੍ਹਦੇ ਹਨ, ਜੋ ਕਿਸੇ ਵਿਦੇਸ਼ੀ ਧਰਤੀ 'ਤੇ ਇਤਰਾਜ਼ਯੋਗ ਮੰਨੇ ਜਾ ਸਕਦੇ ਹਨ | ਰਾਹੁਲ ਗਾਂਧੀ ਆਪਣੇ ਦੇਸ਼ ਵਿਚ ਲਗਾਤਾਰ ਹਰ ਪੱਖ ਤੋਂ ਸਰਕਾਰ ਦੀ ਆਲੋਚਨਾ ਜ਼ਰੂਰ ਕਰਦੇ ਰਹਿੰਦੇ ਹਨ, ਪਰ ਉਨ੍ਹਾਂ ਨੂੰ  ਇਸ ਲਈ ਸੁਣਿਆ ਜਾਂਦਾ ਹੈ ਕਿਉਂਕਿ ਉਹ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਨ, ਪਰ ਵਿਦੇਸ਼ਾਂ ਵਿਚ ਜਾ ਕੇ ਅਜਿਹੀ ਬਿਆਨਬਾਜ਼ੀ ਕਰਨਾ ਅਕਸਰ ਉਨ੍ਹਾਂ ਦੀ ਸੋਚ ਦੇ ਹਲਕੇਪਨ ਦਾ ਸਬੂਤ ਹੀ ਮੰਨਿਆ ਜਾ ਸਕਦਾ ਹੈ | 

ਹੁਣ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਵਿਚ ਜਾ ਕੇ ਉਨ੍ਹਾਂ ਨੇ ਜੋ ਸਤਹੀ ਰੂਪ ਵਿਚ ਟਿੱਪਣੀਆਂ ਕੀਤੀਆਂ ਹਨ, ਉਨ੍ਹਾਂ ਨਾਲ ਉਨ੍ਹਾਂ ਦੀ ਨੀਅਤ ਸ਼ੱਕੀ ਹੋਈ ਜਾਪਦੀ ਹੈ | ਉਨ੍ਹਾਂ ਨੇ ਕਿਹਾ ਕਿ ਭਾਰਤ ਆਰਥਿਕ ਤਬਾਹੀ ਦੇ ਕੰਢੇ 'ਤੇ ਹੈ, ਬੇਰੁਜ਼ਗਾਰੀ ਦੀ ਵੱਡੀ ਸਮੱਸਿਆ ਹੈ | ਸਿੱਖਿਆ ਪ੍ਰਣਾਲੀ ਵਿਚ ਡੂੰਘੀਆਂ ਸਮੱਸਿਆਵਾਂ ਹਨ | ਜੇਕਰ ਅਜਿਹਾ ਕੁਝ ਇਵੇਂ ਚਲਦਾ ਰਿਹਾ, ਤਾਂ ਦੇਸ਼ ਇਕ ਗੰਭੀਰ ਮੁਸੀਬਤ ਵਿਚ ਫਸ ਸਕਦਾ ਹੈ | ਇਹ ਗੱਲ ਸਮਝ ਤੋਂ ਬਾਹਰ ਹੈ ਕਿ ਕਿਸੇ ਵਿਦੇਸ਼ੀ ਧਰਤੀ 'ਤੇ ਜਾ ਕੇ ਅਜਿਹੀ ਬਿਆਨਬਾਜ਼ੀ ਕਰਨ ਨਾਲ ਉਨ੍ਹਾਂ ਦਾ ਆਪਣਾ ਕੱਦ-ਬੁੱਤ ਕਿੰਨਾ ਕੁ ਉੱਚਾ ਹੁੰਦਾ ਹੈ? ਸਤਹੀ ਆਲੋਚਨਾਤਮਿਕ ਟਿੱਪਣੀਆਂ ਨਾਲ ਉਨ੍ਹਾਂ ਦਾ ਪ੍ਰਭਾਵ ਵਧਦਾ ਨਹੀਂ ਸਗੋਂ ਘਟਦਾ ਹੀ ਹੈ | ਜੇਕਰ ਇਸ ਦੇ ਜਵਾਬ ਵਿਚ ਭਾਜਪਾ ਆਗੂ ਇਹ ਕਹਿੰਦੇ ਹਨ ਕਿ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਆਗੂ ਨਹੀਂ, ਸਗੋਂ ਭਾਰਤ ਵਿਰੋਧੀ ਪ੍ਰਚਾਰ ਦੇ ਆਗੂ ਬਣ ਗਏ ਹਨ ਅਤੇ ਵਿਦੇਸ਼ੀ ਧਰਤੀ 'ਤੇ ਜਾ ਕੇ ਭਾਰਤ ਦਾ ਜਨਤਕ ਅਕਸ ਖ਼ਰਾਬ ਕਰਨਾ ਉਨ੍ਹਾਂ ਦਾ ਮਕਸਦ ਹੀ ਬਣ ਗਿਆ ਹੈ, ਤਾਂ ਇਸ ਨੂੰ  ਗ਼ਲਤ ਕਿਵੇਂ ਠਹਿਰਾਇਆ ਜਾ ਸਕਦਾ ਹੈ |
ਭਾਰਤ ਦਾ ਜਿਸ ਤਰ੍ਹਾਂ ਦਾ ਅਕਸ ਉਹ ਵਿਦੇਸ਼ਾਂ ਵਿਚ ਪੇਸ਼ ਕਰ ਰਹੇ ਹਨ, ਉਹ ਉਨ੍ਹਾਂ ਦੀ ਬੌਖਲਾਹਟ ਦਾ ਹੀ ਪ੍ਰਗਟਾਵਾ ਹੈ | ਕੌਮਾਂਤਰੀ ਬੈਂਕ ਸਮੇਤ ਵੱਖ-ਵੱਖ ਵੱਡੀਆਂ ਏਜੰਸੀਆਂ ਨੇ ਭਾਰਤ ਦੀ ਵਧ ਰਹੀ ਅਰਥ-ਵਿਵਸਥਾ ਦਾ ਅਕਸਰ ਜ਼ਿਕਰ ਕੀਤਾ ਹੈ ਅਤੇ ਇਹ ਵੀ ਮੰਨਿਆ ਹੈ ਕਿ ਵਿਸ਼ਵ ਵਿਆਪੀ ਅਰਥ-ਵਿਵਸਥਾ ਦੇ ਬਾਵਜੂਦ ਭਾਰਤ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਦੇਸ਼ ਹੈ | ਬਿਨਾਂ ਸ਼ੱਕ ਇਹ ਉਨ੍ਹਾਂ ਦੀ ਉੱਖੜੀ ਮਾਨਸਿਕਤਾ ਦਾ ਹੀ ਪ੍ਰਗਟਾਵਾ ਹੈ | ਪਿਛਲੇ ਦਿਨੀਂ ਉਨ੍ਹਾਂ ਨੇ ਰਾਏਬਰੇਲੀ ਵਿਚ ਮੋਦੀ, ਸ਼ਾਹ ਅਤੇ ਆਰ. ਐਸ. ਐਸ. ਨੂੰ  ਦੇਸ਼ ਦੇ ਗੱਦਾਰ ਕਿਹਾ ਹੈ | ਇਸ ਤੋਂ ਕਈ ਸਾਲ ਪਹਿਲਾਂ ਉਹ ਲਗਾਤਾਰ ਦੇਸ਼ ਭਰ ਵਿਚ ਘੁੰਮ ਕੇ 'ਚੌਕੀਦਾਰ ਚੋਰ ਹੈ' ਵਰਗੇ ਸ਼ਬਦਾਂ ਨੂੰ  ਦੁਹਰਾਉਂਦੇ ਰਹੇ ਹਨ | ਪਿਛਲੇ ਦਿਨੀਂ ਉਨ੍ਹਾਂ ਨੇ ਸਰਕਾਰ ਅਤੇ ਪ੍ਰਧਾਨ ਮੰਤਰੀ ਵਲੋਂ ਆਪਣੇ ਫੋਨ ਟੈਪ ਕਰਨ ਦੀ ਗੱਲ ਵਾਰ-ਵਾਰ ਦੁਹਰਾਈ ਸੀ | ਬਿਨਾਂ ਸ਼ੱਕ ਲਿਖਤੀ ਪ੍ਰਵਾਨਗੀ ਤੋਂ ਬਿਨਾਂ ਫੋਨ ਟੈਪ ਕਰਨਾ ਕਿਸੇ ਦੀ ਨਿੱਜਤਾ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਹੈ, ਪਰ ਰਾਹੁਲ ਨੇ ਆਪਣਾ ਫੋਨ ਦਿਖਾਉਂਦੇ ਹੋਏ ਇਹ ਦਾਅਵਾ ਕੀਤਾ ਕਿ ਸਰਕਾਰ ਖਿਲਾਫ਼ ਉਨ੍ਹਾਂ ਵਲੋਂ ਲਗਾਏ ਗਏ ਸਾਰੇ ਦੋਸ਼ਾਂ ਦੇ ਠੋਸ ਸਬੂਤ ਇਸ ਮੋਬਾਈਲ ਵਿਚ ਮੌਜੂਦ ਹਨ ਅਤੇ ਇਹੀ ਕਾਰਨ ਹੈ ਕਿ ਕੇਂਦਰ ਦੇ ਇਸ਼ਾਰੇ 'ਤੇ ਉਸ ਦੀ ਜਾਸੂਸੀ ਕਰਵਾਈ ਜਾ ਰਹੀ ਹੈ | 
ਰਾਹੁਲ ਵਿਰੋਧੀ ਧਿਰ ਦੇ ਆਗੂ ਹਨ | ਇਨ੍ਹਾਂ ਠੋਸ ਸਬੂਤਾਂ ਦੇ ਆਧਾਰ 'ਤੇ ਉਹ ਉੱਚ ਅਦਾਲਤ ਦਾ ਦਰਵਾਜ਼ਾ ਖੜਕਾ ਸਕਦੇ ਹਨ ਜਾਂ ਕੋਈ ਜਨਹਿਤ ਕੇਸ ਦਾਇਰ ਕਰ ਸਕਦੇ ਹਨ ਜਾਂ ਸਾਈਬਰ ਸੈੱਲ ਕੋਲ ਇਸ ਦੀ ਉਪਚਾਰਕ ਸ਼ਿਕਾਇਤ ਕਰ ਸਕਦੇ ਹਨ, ਪਰ ਇਹ ਸਭ ਜਾਣਦੇ ਹਨ ਕਿ ਅਜਿਹਾ ਕੁਝ ਉਨ੍ਹਾਂ ਨੇ ਨਹੀਂ ਕਰਨਾ | ਵੋਟ ਚੋਰੀ ਕਰਨ ਦੇ ਮਾਮਲੇ ਨੂੰ  ਲੈ ਕੇ ਦੇਸ਼ ਭਰ ਵਿਚ ਘੁੰਮ ਕੇ ਉਨ੍ਹਾਂ ਵਲੋਂ ਸੈਂਕੜੇ ਬਿਆਨ ਅਤੇ ਵਿਸਥਾਰ ਦਿੱਤੇ ਗਏ ਹਨ, ਪਰ ਨਾ ਉਨ੍ਹਾਂ ਨੇ ਕੋਈ ਚੋਣ ਕਮਿਸ਼ਨ ਕੋਲ ਇਸ ਸੰਬੰਧੀ ਸ਼ਿਕਾਇਤ ਹੀ ਦਰਜ ਕਰਵਾਈ ਹੈ ਅਤੇ ਨਾ ਹੀ ਅਦਾਲਤ ਦਾ ਦਰਵਾਜ਼ਾ ਹੀ ਖੜਕਾਇਆ ਹੈ | ਬਿਨਾਂ ਸ਼ੱਕ ਰਾਹੁਲ ਸਿਆਸੀ ਤੌਰ 'ਤੇ ਲਗਾਤਾਰ ਹੋਈਆਂ ਹਾਰਾਂ ਕਾਰਨ ਬੌਖਲਾਹਟ ਵਿਚ ਆਏ ਜਾਪਦੇ ਹਨ | ਦਰਜਨਾਂ ਹੀ ਸੂਬਿਆਂ ਵਿਚ ਹੋਈਆਂ ਚੋਣਾਂ ਵਿਚ ਅਕਸਰ ਉਨ੍ਹਾਂ ਦੀ ਪਾਰਟੀ ਦੇ ਹੱਥ ਨਿਰਾਸ਼ਾ ਹੀ ਆਈ ਹੈ | ਜੇਕਰ ਜੋੜ ਲਗਾਇਆ ਜਾਵੇ ਤਾਂ ਪਿਛਲੇ 10 ਸਾਲਾਂ ਵਿਚ ਉਨ੍ਹਾਂ ਦੀ ਅਗਵਾਈ ਵਿਚ ਘੱਟੋ-ਘੱਟ ਕਾਂਗਰਸ 100 ਵਾਰ ਚੋਣਾਂ ਹਾਰ ਚੁੱਕੀ ਹੈ |
ਅਸੀਂ ਹਾਲੇ ਵੀ ਇਕ ਵੱਡੀ ਕੌਮੀ ਪਾਰਟੀ ਦੇ ਨੇਤਾ ਤੇ ਵਿਰੋਧੀ ਧਿਰ ਦੇ ਆਗੂ ਤੋਂ ਪ੍ਰੋੜ੍ਹਤਾ ਅਤੇ ਸਿਆਣਪ ਦੀ ਉਮੀਦ ਰੱਖਦੇ ਹਾਂ | ਸਹੀ ਤੇ ਤਰਕ-ਸੰਗਤ ਨੀਤੀ 'ਤੇ ਚਲਦਿਆਂ ਹੀ ਉਹ ਕੇਂਦਰ ਤੋਂ ਇਲਾਵਾ ਦੇਸ਼ ਭਰ ਵਿਚ ਫੈਲ ਚੁੱਕੀਆਂ ਭਾਜਪਾ ਦੀਆਂ ਸਰਕਾਰਾਂ ਦਾ ਕੋਈ ਮੁਕਾਬਲਾ ਕਰਨ ਦੇ ਸਮਰੱਥ ਹੋ ਸਕਦੇ ਹਨ |

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਅਜਿਹੀ ਲੜਾਈ ਨਾ ਲੜੋ ਜਿਸ ਨਾਲ ਮੁੜ ਸੁਲਾਹ ਕਰਨ ਦਾ ਰਾਹ ਬੰਦ ਹੋ ਜਾਵੇ | ¸ਸ਼ੇਖ਼ ਫ਼ਰੀਦ ਅਗਲੀ ਖ਼ਬਰ ਪੰਜਾਬ ਦੇ ਭਖਦੇ ਮਸਲਿਆਂ ਤੋਂ ਟਾਲਾ ਵੱਟ ਰਹੇ ਹਨ ਸਿਆਸੀ ਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।