ਬੜਾ ਮਿਆਰੀ, ਬੜਾ ਰੌਚਕ, ਬੜਾ ਕਲਾਮਈ ਸੀ ਰਾਜੇਸ਼ ਬਾਦਲ ਦੁਆਰਾ ਪੇਸ਼ ਕੀਤਾ ਜਾਂਦਾ ਸ਼ੋਅ 'ਉਨਕੀ ਨਜ਼ਰ ਉਨਕਾ ਸ਼ਹਿਰ' |
ਭਾਰਤ ਅਤੇ ਵਿਸ਼ਵ ਦੇ ਮਹਾਨ ਸਾਹਿਤਕਾਰਾਂ, ਕਵੀਆਂ, ਲੇਖਕਾਂ, ਵਿਚਾਰਕਾਂ, ਕਲਾਕਾਰਾਂ ਦੇ ਜੀਵਨ ਅਤੇ ਸ਼ਹਿਰਾਂ, ਲਿਖਤਾਂ ਅਤੇ ਜਨਮ ਸਥਾਨਾਂ, ਪਿੰਡਾਂ, ਕਸਬਿਆਂ ਦਰਮਿਆਨ ਗਹਿਰੀ ਸਾਂਝ ਨੂੰ ਵਿਖਾਉਂਦਾ ਸੀ |

ਇਹ ਸ਼ੋਅ ਸਾਹਿਤ ਅਤੇ ਸ਼ਹਿਰਾਂ ਦਾ ਸੰਗਮ ਸੀ | ਕਿਵੇਂ ਕਿਸੇ ਪਿੰਡ, ਕਸਬੇ, ਸ਼ਹਿਰ ਦਾ ਮਾਹੌਲ, ਸਭਿਆਚਾਰ ਅਤੇ ਭੂਗੋਲਿਕ ਸਥਿਤੀ ਕਿਸੇ ਸਾਹਿਤਕਾਰ ਦੀ ਲਿਖਤ ਨੂੰ ਪ੍ਰਭਾਵਿਤ ਕਰਦੀ ਹੈ |
ਜਦੋਂ ਰਾਜ ਸਭਾ ਟੀ.ਵੀ. ਅਤੇ ਲੋਕ ਸਭਾ ਟੀ.ਵੀ. ਨੂੰ ਆਪਸ ਵਿਚ ਮਿਲਾ ਕੇ ਸੰਸਦ ਟੀਵੀ ਬਣਾ ਦਿੱਤਾ ਗਿਆ ਤਾਂ ਅਜਿਹੇ ਕਈ ਮਿਆਰੀ ਪ੍ਰੋਗਰਾਮ ਰੋਕ ਦਿੱਤੇ ਗਏ | ਇਹ ਸ਼ੋਅ ਰਾਜ ਸਭਾ ਟੀ.ਵੀ. 'ਤੇ ਪ੍ਰਸਾਰਿਤ ਹੁੰਦਾ ਸੀ |
ਚੁਣਿੰਦਾ ਹਸਤੀਆਂ ਦੀਆਂ ਪੁਰਾਣੀਆਂ ਇੰਟਰਵਿਊ, ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਅਤੇ ਵੱਖ-ਵੱਖ ਮੌਕਿਆਂ ਦੀਆਂ ਪੁਰਾਣੀਆਂ ਤਸਵੀਰਾਂ ਸ਼ੋਅ ਨੂੰ ਦਿਲਚਸਪ ਅਤੇ ਯਾਦਗਾਰੀ ਬਣਾ ਦਿੰਦੀਆਂ ਸਨ | ਸੰਚਾਲਕ ਰਾਜੇਸ਼ ਬਾਦਲ ਦੀ ਭਾਰੀ ਭਰਕਮ ਸੰਜੀਦਾ ਆਵਾਜ਼ ਅਤੇ ਭਾਸ਼ਾਈ ਮੁਹਾਰਤ ਪ੍ਰੋਗਰਾਮ ਨੂੰ ਸਹਿਜ, ਸੰਜੀਦਾ ਅਤੇ ਉੱਚ-ਮਿਆਰੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਸੀ | ਇਹ ਇਕ ਪ੍ਰਸਿੱਧ ਇਤਿਹਾਸਕ ਅਤੇ ਸਾਹਿਤਕ ਦਸਤਾਵੇਜ਼ ਸ਼ੋਅ ਸੀ |
ਮੈਨੂੰ ਯਾਦ ਹੈ ਰਸਕਿਨ ਬੌਂਡ ਵਾਲੀ ਕੜੀ ਵਿਚ ਉਸ ਦੀ ਸ਼ਖ਼ਸੀਅਤ, ਉਸ ਦੇ ਜੀਵਨ, ਉਸ ਦੀ ਰਚਨਾ ਅਤੇ ਮੰਸੂਰੀ ਸ਼ਹਿਰ ਨੂੰ ਇਉਂ ਪੇਸ਼ ਕੀਤਾ ਗਿਆ ਸੀ ਕਿ ਮੇਰੀ ਇਨ੍ਹਾਂ ਸਭ ਵਿਚ ਗਹਿਰੀ ਦਿਲਚਸਪੀ ਪੈਦਾ ਹੋ ਗਈ ਸੀ | ਮੈਂ ਉਸ ਦੇ ਜੀਵਨ 'ਤੇ ਆਧਾਰਿਤ ਕਿਤਾਬਾਂ ਲੱਭ-ਲੱਭ ਕੇ ਲਿਆਉਂਦਾ ਸਾਂ ਅਤੇ ਆਨੇ-ਬਹਾਨੇ ਮੰਸੂਰੀ ਪਹੁੰਚ ਜਾਂਦਾ ਸਾਂ |
ਖੁਸ਼ਵੰਤ ਸਿੰਘ, ਸਾਹਿਰ ਲੁਧਿਆਣਵੀ, ਅੰਮਿ੍ਤਾ ਪ੍ਰੀਤਮ, ਦੁਸ਼ਿਅੰਤ ਕੁਮਾਰ, ਬਲਰਾਜ ਸਾਹਨੀ, ਸ਼ਿਵ ਬਟਾਲਵੀ, ਮਜ਼ਰੂਹ ਸੁਲਤਾਨਪੁਰੀ, ਭੂਪਿਨ ਹਜ਼ਾਰਿਕਾ, ਮੀਨਾ ਕੁਮਾਰੀ, ਕੁੰਦਨ ਲਾਲ ਸਹਿਗਲ ਅਤੇ ਨਿਦਾ ਫਾਜ਼ਲੀ ਜਿਹੀਆਂ ਸ਼ਖ਼ਸੀਅਤਾਂ 'ਤੇ ਆਧਾਰਿਤ ਕੜੀਆਂ ਅਜਿਹੀਆਂ ਹੀ ਸਨ | ਬਤੌਰ ਨਿਰਦੇਸ਼ਕ ਅਤੇ ਐਂਕਰ ਰਾਜੇਸ਼ ਬਾਦਲ ਦਰਸ਼ਕਾਂ ਨੂੰ ਉਨ੍ਹਾਂ ਮਕਾਨਾਂ, ਸਥਾਨਾਂ, ਸ਼ਹਿਰਾਂ, ਗਲੀਆਂ ਦਾ ਗੇੜਾ ਲਵਾਉਂਦਾ, ਜਿਨ੍ਹਾਂ ਨੇ ਕਦੇ ਉਨ੍ਹਾਂ ਮਹਾਨ ਸਾਹਿਤਕਾਰਾਂ, ਕਲਾਕਾਰਾਂ ਦੀ ਸੋਚ ਨੂੰ ਟੁੰਬਿਆ ਸੀ, ਉੱਡਣ ਲਾਇਆ ਸੀ |
ਉਹ ਪ੍ਰੋਗਰਾਮ ਬਣਾਉਣ ਤੋਂ ਪਹਿਲਾਂ ਡੂੰਘੀ ਖੋਜ ਕਰਦਾ ਸੀ | ਮਹਾਨ ਸਾਹਿਤਕਾਰ, ਕਲਾਕਾਰ ਦੀ ਸ਼ਖ਼ਸੀਅਤ ਰਾਹੀਂ ਸ਼ਹਿਰ ਦੀ ਰੂਹ ਨੂੰ ਪਰਦੇ 'ਤੇ ਉਤਾਰ ਦਿੰਦਾ ਸੀ | ਇਸ ਸ਼ੋਅ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਸੀ ਕਿ ਵਿਅਕਤੀ ਅਤੇ ਸ਼ਹਿਰ ਦਾ ਅਨੋਖਾ ਰਿਸ਼ਤਾ ਸਿਰਜ ਦਿੰਦਾ ਸੀ |
ਭੂਪਿਨ ਹਜ਼ਾਰਿਕਾ ਦਾ ਆਸਾਮ ਨਾਲ, ਸਾਹਿਰ ਲੁਧਿਆਣਵੀ ਦਾ ਲੁਧਿਆਣਾ ਨਾਲ, ਸ਼ਿਵ ਕੁਮਾਰ ਬਟਾਲਵੀ ਦਾ ਬਟਾਲਾ ਨਾਲ | ਪ੍ਰੋਗਰਾਮ ਦੀ ਪੇਸ਼ਕਾਰੀ ਰੁੱਖੀਆਂ ਖ਼ਬਰਾਂ ਜਾਂ ਬੇਜਾਨ ਜਾਣਕਾਰੀ ਵਰਗੀ ਨਹੀਂ ਹੁੰਦੀ ਸੀ, ਸਗੋਂ ਸ਼ੋਅ ਵਿਚ ਸੰਗੀਤ ਅਤੇ ਸ਼ਾਇਰੀ ਨੂੰ ਇਵੇਂ ਪਰੋਇਆ ਹੁੰਦਾ ਸੀ ਕਿ ਦਰਸ਼ਕ ਅਸ਼-ਅਸ਼ ਕਰ ਉੱਠਦੇ ਸਨ |
ਪ੍ਰੋਗਰਾਮ ਐਨਾ ਮਿਆਰੀ, ਐਨਾ ਚਰਚਿਤ ਹੋ ਗਿਆ ਸੀ ਕਿ ਇਸ ਨਾਲ ਸੰਬੰਧਿਤ ਖੋਜ-ਸਮੱਗਰੀ ਨੂੰ ਬਾਅਦ ਵਿਚ ਪੁਸਤਕ ਰੂਪ ਵਿਚ ਵੀ ਪ੍ਰਕਾਸ਼ਿਤ ਕਰ ਦਿੱਤਾ ਗਿਆ |
ਵੱਡੇ ਸਾਹਿਤਕਾਰਾਂ, ਕਲਾਕਾਰਾਂ ਸੰਬੰਧੀ ਬਹੁਤ ਪੁਸਤਕਾਂ ਲਿਖੀਆਂ ਜਾਂਦੀਆਂ ਹਨ | ਜੀਵਨੀਆਂ, ਸਵੈ-ਜੀਵਨੀਆਂ ਵਿਚ ਵੀ ਉਨ੍ਹਾਂ ਦੇ ਜੀਵਨ-ਵੇਰਵੇ ਪੜ੍ਹਨ ਨੂੰ ਮਿਲਦੇ ਸਨ ਪਰੰਤੂ ਉਨ੍ਹਾਂ ਦੇ ਮੂੰਹੋਂ ਇਹ ਗੱਲਾਂ ਸੁਣਨ ਦਾ ਲੁਤਫ਼ ਹੀ ਵੱਖਰਾ ਸੀ |
ਟੈਲੀਵਿਜ਼ਨ ਦੇ ਵਰਤਮਾਨ ਤੜਕ-ਭੜਕ ਵਾਲੇ ਦੌਰ ਵਿਚ ਅਜਿਹੇ ਸਹਿਜ ਤੇ ਸੰਜੀਦਾ ਪ੍ਰੋਗਰਾਮਾਂ ਦੀ ਜ਼ਰੂਰਤ ਹੋਰ ਵੀ ਸ਼ਿੱਦਤ ਨਾਲ ਮਹਿਸੂਸ ਹੁੰਦੀ ਸੀ | ਜਿਸ ਤੇਜ਼ੀ ਨਾਲ ਮਨੁੱਖ ਸਕਰੀਨ ਨਾਲ ਜੁੜਦਾ ਜਾ ਰਿਹਾ ਹੈ, ਉਸ ਤੋਂ ਸਪੱਸ਼ਟ ਹੈ ਕਿ ਭਵਿੱਖ ਵਿਚ ਬੱਚਿਆਂ ਅਤੇ ਨੌਜਵਾਨਾਂ ਨੂੰ ਸਾਹਿਤ ਅਤੇ ਕਲਾ, ਸਾਹਿਤਕਾਰਾਂ ਅਤੇ ਕਲਾਕਾਰਾਂ ਨਾਲ ਜੋੜਨ ਲਈ ਸਕਰੀਨ ਦੀ ਹੀ ਸਹਾਇਤਾ ਲੈਣੀ ਪਵੇਗੀ | ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਸਾਹਿਰ ਲੁਧਿਆਣਵੀ, ਬਲਰਾਜ ਸਾਹਨੀ ਜਾਂ ਸ਼ਿਵ ਕੁਮਾਰ ਬਟਾਲਵੀ ਵਰਗੇ ਵੱਡੇ ਲੋਕਾਂ ਨੇ ਕਿਵੇਂ ਦੇ ਹਾਲਾਤ ਵਿਚ ਵਿਚਰਦਿਆਂ ਸਮਾਜ ਨੂੰ ਵੱਡਾ ਯੋਗਦਾਨ ਦਿੱਤਾ | ਭਵਿੱਖ ਵਿਚ ਅਜਿਹੇ ਪ੍ਰੋਗਰਾਮ ਇਤਿਹਾਸਕ ਦਸਤਾਵੇਜ਼ ਦਾ ਕੰਮ ਕਰਨਗੇ | ਅਜਿਹੇ ਪ੍ਰੋਗਰਾਮ ਦਰਸ਼ਕਾਂ ਨੂੰ ਇਕ ਸੁਹਜ, ਇਕ ਸਹਿਜ, ਇਕ ਸੰਤੁਸ਼ਟੀ ਪ੍ਰਦਾਨ ਕਰਦੇ ਹਨ | ਪਰੰਤੂ ਇਹਦੇ ਲਈ ਰਾਜੇਸ਼ ਬਾਦਲ ਵਰਗੀ ਸਮਝ, ਉਹਦੇ ਜਿੱਡਾ ਕੱਦ ਵੀ ਹੋਣਾ ਚਾਹੀਦਾ ਹੈ |
ਈ-ਮੇਲ : prof_kulbir@yahoo.com