18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਆਸਿਆਨ-ਸਦਭਾਵਨਾ ਦਾ ਸੰਦੇਸ਼

ਆਸਿਆਨ-ਸਦਭਾਵਨਾ ਦਾ ਸੰਦੇਸ਼

ਅਜੀਤ ਡੈਸਕ 19-11-2026

ਪਿਛਲੇ ਕੁਝ ਦਿਨਾਂ ਤੋਂ ਦੱਖਣ ਪੂਰਬ ਦੇ ਦੇਸ਼ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ 'ਤੇ ਦੁਨੀਆ ਭਰ ਦੀਆਂ ਨਜ਼ਰਾਂ ਟਿਕੀਆਂ ਰਹੀਆਂ ਹਨ | ਇਥੇ ਦੱਖਣ-ਪੂਰਬ ਦੇ ਏਸ਼ਿਆਈ ਦੇਸ਼ਾਂ ਦੇ ਸੰਗਠਨ ਆਸਿਆਨ ਦਾ ਹੋ ਰਿਹਾ ਸੰਮੇਲਨ ਕਈ ਪੱਖਾਂ ਤੋਂ ਬੇਹੱਦ ਮਹੱਤਵਪੂਰਨ ਰਿਹਾ ਹੈ | 11 ਦੇਸ਼ਾਂ ਦੇ ਇਸ ਸੰਗਠਨ ਵਿਚ ਭਾਰਤ ਨੂੰ  ਹਮੇਸ਼ਾ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸੱਦਾ ਦਿੱਤਾ ਜਾਂਦਾ ਰਿਹਾ ਹੈ | ਦੱਖਣੀ ਚੀਨ ਸਾਗਰ ਦੇ ਨਾਲ ਵਸੇ ਇਹ ਦੇਸ਼ ਪਿਛਲੇ ਕਈ ਦਹਾਕਿਆਂ ਤੋਂ ਲਗਾਤਾਰ ਪਸਾਰਵਾਦੀ ਚੀਨ ਤੋਂ ਖ਼ਤਰਾ ਮਹਿਸੂਸ ਕਰਦੇ ਰਹੇ ਹਨ, ਕਿਉਂਕਿ ਚੀਨ ਇਸ ਪੂਰੇ ਸਾਗਰ ਨੂੰ  ਆਪਣੀ ਮਲਕੀਅਤ ਸਮਝਦਾ ਹੈ, ਪਰ ਇਹ ਦੇਸ਼ ਕੌਮਾਂਤਰੀ ਸਮੁੰਦਰੀ ਕਾਨੂੰਨਾਂ ਅਨੁਸਾਰ ਹੀ ਚੱਲਣ ਦੇ ਹਮਾਇਤੀ ਰਹੇ ਹਨ, ਪਰ ਚੀਨ ਦੀ ਵਧਦੀ ਤਾਕਤ ਸਾਹਮਣੇ ਉਹ ਅਕਸਰ ਆਪਣੇ-ਆਪ ਨੂੰ  ਬੇਬਸ ਸਮਝਦੇ ਰਹੇ ਹਨ | ਇਹ ਵੀ ਵੱਡਾ ਕਾਰਨ ਹੈ ਕਿ ਇਨ੍ਹਾਂ ਦੇਸ਼ਾਂ ਨੇ ਲਗਾਤਾਰ ਭਾਰਤ ਨਾਲ ਹਰ ਪੱਖ ਤੋਂ ਆਪਣੀਆਂ ਨਜ਼ਦੀਕੀਆਂ ਨੂੰ  ਵਧਾਉਣ ਦਾ ਯਤਨ ਕੀਤਾ ਹੈ |

ਇਨ੍ਹਾਂ 'ਚੋਂ ਬਹੁਤੇ ਦੇਸ਼ਾਂ ਦੇ ਭਾਰਤ ਨਾਲ ਸਦੀਆਂ ਪੁਰਾਣੇ ਸੰਬੰਧ ਬਣੇ ਰਹੇ ਹਨ ਅਤੇ ਇੱਥੋਂ ਤੱਕ ਕਿ ਇਨ੍ਹਾਂ ਵਿਚੋਂ ਬਹੁਤ ਸਾਰੇ ਦੇਸ਼ਾਂ ਨਾਲ ਭਾਰਤੀ ਲੋਕਾਂ ਦੀ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਨੇੜਤਾ ਵੀ ਬਣੀ ਰਹੀ ਹੈ | ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇੱਥੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਭਾਰਤ 'ਆਸਿਆਨ' ਨਾਲ ਆਪਣੀ ਵਿਆਪਕ ਰਣਨੀਤਕ ਭਾਈਵਾਲੀ ਨੂੰ  ਮਹੱਤਵ ਦਿੰਦਾ ਹੈ | ਭਾਰਤ ਨੇ ਵਿਸ਼ੇਸ਼ ਤੌਰ 'ਤੇ ਬਣਾਈ ਆਪਣੀ 'ਐਕਟ ਈਸਟ ਨੀਤੀ' ਕਰਕੇ ਆਸਿਆਨ ਦੇਸ਼ਾਂ ਨਾਲ ਸੰਬੰਧਾਂ ਨੂੰ  ਨਵੀਂ ਦਿਸ਼ਾ ਤੇ ਗਤੀ ਦਿੱਤੀ ਹੈ | ਹੁਣ ਇਹ ਸੰਬੰਧ ਸਿਰਫ਼ ਵਪਾਰ, ਸਾਂਝੀ ਵਿਰਾਸਤ ਅਤੇ ਸੱਭਿਆਚਾਰ ਤੱਕ ਸੀਮਤ ਨਹੀਂ ਰਹੇ, ਸਗੋਂ ਇਨ੍ਹਾਂ ਨੂੰ  ਆਧੁਨਿਕ ਸਮੇਂ ਦੀਆਂ ਲੋੜਾਂ ਦੇ ਅਨੁਸਾਰੀ ਵੀ ਬਣਾਇਆ ਜਾ ਰਿਹਾ ਹੈ |  ਇਨ੍ਹਾਂ ਦੇਸ਼ਾਂ ਨਾਲ ਸਹਿਯੋਗ ਦੇ ਖੇਤਰਾਂ ਵਿਚ ਹੁਣ ਡਿਜੀਟਲ ਤਕਨਾਲੋਜੀ ਅਤੇ ਪੁਲਾੜ ਵਰਗੇ ਖੇਤਰ ਵੀ ਸ਼ਾਮਿਲ ਹਨ | ਇਸ ਦੇ ਨਾਲ-ਨਾਲ ਅੱਜ ਇਸ ਖਿੱਤੇ ਵਿਚ ਸਾਂਝੀ ਰੱਖਿਆ ਨੀਤੀ ਵੀ ਬਣਾਉਣ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ | ਇਸੇ ਲਈ ਹੀ ਇਸ ਸੰਮੇਲਨ ਵਿਚ ਤੱਟ ਰੱਖਿਆ ਬਲਾਂ ਦੀ ਮਜ਼ਬੂਤੀ, ਆਫ਼ਤ ਪ੍ਰਬੰਧਨ ਅਤੇ ਸਮੁੰਦਰੀ ਸੰਪਰਕ ਬਣਾਈ ਰੱਖਣ 'ਤੇ ਜ਼ੋਰ ਦਿੱਤਾ ਗਿਆ ਹੈ | ਇਨ੍ਹਾਂ ਦੇਸ਼ਾਂ ਨਾਲ ਹਰ ਪੱਖ ਤੋਂ ਸੰਬੰਧਾਂ ਨੂੰ  ਹੋਰ ਵੀ ਮਜ਼ਬੂਤ ਬਣਾਇਆ ਜਾਏ, ਇਸ ਲਈ ਭਾਰਤ ਨੇ ਹਮੇਸ਼ਾ ਪਹਿਲਕਦਮੀਆਂ ਕੀਤੀਆਂ ਹਨ | ਇਨ੍ਹਾਂ ਦੇਸ਼ਾਂ ਨਾਲ ਰਲ ਕੇ ਢਾਈ ਸੌ ਤੋਂ ਵਧੇਰੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਅਤੇ ਇਨ੍ਹਾਂ ਦੇਸ਼ਾਂ ਤੋਂ ਹਵਾਈ ਉਡਾਨਾਂ ਨੂੰ  ਤਰਤੀਬਵਾਰ ਕਰਕੇ ਸੈਰ-ਸਪਾਟੇ ਦੇ ਨਾਲ-ਨਾਲ ਭਾਰਤੀ ਯੂਨੀਵਰਸਿਟੀਆਂ ਵਿਚ ਇਨ੍ਹਾਂ ਦੇਸ਼ਾਂ ਦੇ ਵਿਦਿਆਰਥੀਆਂ ਨੂੰ  ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨ ਦੀ ਪ੍ਰਤੀਬੱਧਤਾ ਵੀ ਦਿਖਾਈ ਗਈ ਹੈ | ਆਸਿਆਨ ਦੇਸ਼ਾਂ ਨਾਲ ਵੱਡਾ ਸਹਿਯੋਗ ਅਤੇ ਹੋਰ ਸੁਖਾਵੇਂ ਸੰਬੰਧ ਬਣਾਉਣ ਦੇ ਯਤਨਾਂ ਦੇ ਸੰਦਰਭ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਇਹ ਯਾਤਰਾ ਬੇਹੱਦ ਮਹੱਤਵਪੂਰਨ ਮੰਨੀ ਜਾਏਗੀ |

-ਬਰਜਿੰਦਰ ਸਿੰਘ ਹਮਦਰਦ

 

ਪਿਛਲੀ ਖ਼ਬਰ ਗੰਦੇ ਤੇ ਜ਼ਹਿਰੀਲੇ ਪਾਣੀ ਦੀ ਸਮੱਸਿਆ ਅਗਲੀ ਖ਼ਬਰ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿਚ ਪੰਥਕ ਪਾਰਟੀਆਂ ਦੀ ਸਥਿਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।