![]()
ਭਾਰਤੀ ਮਹਿਲਾ ਕਿ੍ਕਟ ਦੀ ਸ਼ਾਨ ਪੰਜਾਬ ਦੇ ਜ਼ਿਲ੍ਹੇ ਮੋਗੇ ਦੀ ਧੀ ਹਰਮਨਪ੍ਰੀਤ ਕੌਰ ਨੇ ਕਿ੍ਕਟ ਖੇਡ ਦੇ ਸਾਰੇ ਰੂਪਾਂ ਦੀ ਕਪਤਾਨੀ ਛੱਡਣ ਦਾ ਐਲਾਨ ਕਰ ਦਿੱਤਾ ਅਤੇ ਹੁਣ ਉਹ ਬਤੌਰ ਖਿਡਾਰਨ ਭਾਰਤ ਵਲੋਂ ਖੇਡਦੀ ਰਹੇਗੀ | 37 ਵਰਿ੍ਹਆਂ ਦੀ ਹਰਮਨਪ੍ਰੀਤ ਕੌਰ ਨੇ ਬਤੌਰ ਕਪਤਾਨ ਭਾਰਤੀ ਮਹਿਲਾ ਕਿ੍ਕਟ ਟੀਮ ਨੂੰ ਸਿਖ਼ਰਾਂ 'ਤੇ ਪਹੁੰਚਾਇਆ ਹੈ | ਬਤੌਰ ਕਪਤਾਨ ਹਰਮਨਪ੍ਰੀਤ ਕੌਰ ਭਾਰਤ ਦੀ ਪਹਿਲੀ ਤੇ ਇਕਲੌਤੀ ਕਪਤਾਨ ਹੈ, ਜਿਸ ਨੇ 2025 ਵਿਚ ਭਾਰਤ ਨੂੰ ਮਹਿਲਾ ਵਿਸ਼ਵ ਕੱਪ ਜਿਤਾਇਆ | ਉਸ ਦੀ ਕਪਤਾਨੀ ਵਿਚ ਭਾਰਤ ਨੇ ਦੋ ਵਾਰ ਏਸ਼ਿਆਈ ਖੇਡਾਂ (2023 ਹਾਂਗਜ਼ੂ ਤੇ 2026 ਆਇਚੀ-ਨਾਗੋਯਾ) ਵਿਚ ਸੋਨ ਤਗਮਾ ਜਿੱਤਿਆ | ਉਸ ਦੀ ਕਪਤਾਨੀ 'ਚ ਹੀ ਭਾਰਤ ਨੇ ਚਾਰ ਵਾਰ (2012, 2016, 2022 ਤੇ 2026) ਏਸ਼ੀਆ ਕੱਪ ਜਿੱਤਿਆ | 2022 'ਚ ਬਰਮਿੰਘਮ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ 'ਚ ਚਾਂਦੀ ਦਾ ਤਗਮਾ ਜਿੱਤਿਆ | ਲਾਰਡਜ਼ ਵਿਚ ਟੈਸਟ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਕਪਤਾਨ ਅਤੇ ਪੁਰਸ਼ਾਂ ਤੇ ਮਹਿਲਾਵਾਂ ਦੀ ਕ੍ਰਿਕਟ ਨੂੰ ਮਿਲਾ ਕੇ ਕਪਿਲ ਦੇਵ, ਮਹਿੰਦਰ ਸਿੰਘ ਧੋਨੀ ਤੇ ਵਿਰਾਟ ਕੋਹਲੀ ਤੋਂ ਬਾਅਦ ਚੌਥੀ ਭਾਰਤੀ ਕਪਤਾਨ ਹੈ |
ਉਸ ਨੇ ਕਿ੍ਕਟ ਦੇ ਤਿੰਨਾਂ ਰੂਪਾਂ 'ਚ ਕੁੱਲ 211 ਮੈਚਾਂ ਵਿਚ ਭਾਰਤ ਦੀ ਕਪਤਾਨੀ ਕੀਤੀ | ਉਹ ਮਹਿਲਾ/ਪੁਰਸ਼ ਅੰਤਰਰਾਸ਼ਟਰੀ ਕਿ੍ਕਟ 'ਚ ਪਹਿਲੀ ਖਿਡਾਰਨ ਹੈ, ਜਿਸ ਨੇ 150 ਟੀ-20 ਮੈਚਾਂ ਵਿਚ ਕਪਤਾਨੀ ਕੀਤੀ | ਇਨ੍ਹਾਂ ਮੈਚਾਂ 'ਚ ਭਾਰਤ ਨੇ 87 ਜਿੱਤਾਂ ਹਾਸਲ ਕੀਤੀਆਂ | ਉਸ ਨੇ 48 ਇਕ ਦਿਨਾ ਕੌਮਾਂਤਰੀ ਮੈਚਾਂ 'ਚ ਕਪਤਾਨੀ ਕਰਦਿਆਂ ਭਾਰਤ ਨੂੰ 30 ਜਿੱਤਾਂ ਦਿਵਾਈਆਂ | ਟੈਸਟ ਮੈਚਾਂ 'ਚ ਉਸ ਨੇ ਕਪਤਾਨ ਵਜੋਂ 3 ਮੈਚ ਖੇਡੇ ਤੇ ਤਿੰਨੋਂ ਜਿੱਤੇ | ਹਰਮਨਪ੍ਰੀਤ ਕੌਰ 2025 'ਚ ਉਸ ਵੇਲੇ ਮਹਿਲਾ ਕ੍ਰਿਕਟ 'ਚ ਟੀਸੀ 'ਤੇ ਪਹੁੰਚੀ, ਜਦੋਂ ਉਸ ਦੀ ਕਪਤਾਨੀ ਹੇਠ ਭਾਰਤ ਨੇ ਇਕ ਦਿਨਾ ਵਿਸ਼ਵ ਕੱਪ ਦੇ ਫਾਈਨਲ 'ਚ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਇਤਿਹਾਸ ਸਿਰਜਦਿਆਂ ਪਹਿਲੀ ਵਾਰ ਵਿਸ਼ਵ ਖ਼ਿਤਾਬ ਆਪਣੀ ਝੋਲੀ ਪਾਇਆ ਸੀ | ਹਰਮਨਪ੍ਰੀਤ ਭਾਰਤ ਦੀ ਸਭ ਤੋਂ ਵੱਧ ਤਜਰਬੇਕਾਰ ਖਿਡਾਰਨ ਹੈ, ਜਿਸ ਨੇ 9 ਟੀ-20 ਵਿਸ਼ਵ ਕੱਪ ਤੇ ਚਾਰ ਇਕ ਦਿਨਾ ਵਿਸ਼ਵ ਕੱਪ ਖੇਡਿਆ ਹੈ | 2025 ਵਿਸ਼ਵ ਕੱਪ 'ਚ ਉਸ ਨੇ ਸੈਮੀਫਾਈਨਲ 'ਚ ਸੱਤ ਵਾਰ ਦੀ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਖ਼ਿਲਾਫ਼ ਸਭ ਤੋਂ ਅਹਿਮ ਪਾਰੀ ਖੇਡੀ ਸੀ | 2017 ਦੇ ਵਿਸ਼ਵ ਕੱਪ ਸੈਮੀਫਾਈਨਲ 'ਚ ਵੀ ਉਸ ਨੇ ਆਸਟ੍ਰੇਲੀਆ ਖ਼ਿਲਾਫ਼ 115 ਗੇਂਦਾਂ 'ਤੇ 171 ਦੌੜਾਂ ਦੀ ਅਹਿਮ ਪਾਰੀ ਖੇਡੀ ਸੀ | ਭਾਰਤ ਵਲੋਂ ਹੁਣ ਤੱਕ ਵਿਸ਼ਵ ਕੱਪ ਦੇ ਨਾਕ ਆਊਟ ਮੁਕਾਬਲਿਆਂ 'ਚ ਨਿਭਾਈਆਂ ਪਹਿਲੀਆਂ ਚਾਰ ਵੱਡੀਆਂ ਸਾਂਝੇਦਾਰੀਆਂ 'ਚੋਂ ਹਰ ਸਾਂਝੇਦਾਰੀ 'ਚ ਹਰਮਨਪ੍ਰੀਤ ਸ਼ਾਮਿਲ ਰਹੀ ਹੈ | ਵਿਸ਼ਵ ਕੱਪ ਦੇ ਨਾਕ ਆਊਟ ਮੁਕਾਬਲਿਆਂ 'ਚ ਚਾਰ ਵੱਡੇ ਵਿਅਕਤੀਗਤ ਸਕੋਰਾਂ 'ਚ ਦੋ ਹਰਮਨਪ੍ਰੀਤ ਦੇ ਹਨ | ਉਸ ਦੀ ਕਪਤਾਨੀ 'ਚ ਭਾਰਤ ਨੇ 339 ਦਾ ਰਿਕਾਰਡ ਟੀਚਾ ਵੀ ਸਰ ਕੀਤਾ | ਖੇਡਾਂ 'ਚ ਮੋਗੇ ਜ਼ਿਲ੍ਹੇ ਦੀ ਗੁੱਡੀ ਹਾਕੀ ਵਾਲੇ ਬਲਬੀਰ ਸਿੰਘ ਸੀਨੀਅਰ ਨੇ ਚੜ੍ਹਾਈ ਸੀ | ਮੋਗੇ ਦਾ ਅਥਲੀਟ ਤੇਜਿੰਦਰ ਪਾਲ ਸਿੰਘ ਤੂਰ ਸ਼ਾਟਪੁਟ 'ਚ ਏਸ਼ਿਆਈ ਚੈਂਪੀਅਨ ਬਣਿਆ | ਹੁਣ ਮੋਗੇ ਦਾ ਨਾਂਅ ਹਰਮਨਪ੍ਰੀਤ ਚਮਕਾ ਰਹੀ ਹੈ | ਟੀ-20 'ਚ 4,000 ਤੋਂ ਵੱਧ ਦੌੜਾਂ ਬਣਾਉਣ ਵਾਲੀ ਵੀ ਉਹ ਇਕਲੌਤੀ ਭਾਰਤੀ ਮਹਿਲਾ ਕਿ੍ਕਟਰ ਹੈ | 100 ਟੀ-20 ਮੈਚ ਖੇਡਣ ਵਾਲੀ ਉਹ ਪਹਿਲੀ ਕਿ੍ਕਟਰ ਹੈ | ਇਕ ਦਿਨਾ ਕਿ੍ਕਟ 'ਚ ਵੀ 3000 ਤੋਂ ਵੱਧ ਦੌੜਾਂ ਬਣਾਉਣ ਵਾਲੀਆਂ ਤਿੰਨ ਕਿ੍ਕਟਰਾਂ 'ਚੋਂ ਇਕ ਹੈ | ਆਸਟ੍ਰੇਲੀਆ ਦੀ ਬਿਗ ਬੈਸ਼ ਲੀਗ 'ਚ ਚੁਣੇ ਜਾਣ ਵਾਲੀ ਵੀ ਉਹ ਭਾਰਤ ਦੀ ਪਹਿਲੀ ਮਹਿਲਾ ਕਿ੍ਕਟਰ ਬਣੀ ਸੀ, ਜੋ ਵਿਦੇਸ਼ੀ ਟੀਮ ਵਲੋਂ ਚੁਣੀ ਗਈ | ਵਿਜ਼ਡਨ ਦੇ ਸਾਲ ਦੇ ਪੰਜ ਕਿ੍ਕਟਰਾਂ ਦੀ ਸੂਚੀ 'ਚ ਵੀ ਆਉਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਕਿ੍ਕਟਰ ਹੈ | ਕਪਤਾਨ ਵਜੋਂ ਉਹ ਪਹਿਲੀ ਭਾਰਤੀ ਕਪਤਾਨ ਹੈ, ਜਿਸ ਨੇ ਆਪਣੇ ਪਹਿਲੇ ਤਿੰਨ ਟੈਸਟ ਜਿੱਤੇ ਹਨ | ਹਰਮਨ ਦੇ ਨਾਂਅ ਹੁਣ ਤੱਕ ਸਭ ਤੋਂ ਲੰਬਾ ਛੱਕਾ (91 ਮੀਟਰ) ਲਾਉਣ ਦਾ ਵੀ ਰਿਕਾਰਡ ਹੈ | ਵਿਸ਼ਵ ਦੇ ਚੋਟੀ ਦੇ 10 ਬੱਲੇਬਾਜ਼ਾਂ 'ਚ ਸ਼ਾਮਿਲ ਹੋਣ ਵਾਲੀ ਉਹ ਦੇਸ਼ ਦੀ ਦੂਜੀ ਕਿ੍ਕਟਰ ਹੈ | ਇਕ ਵਾਰ ਉਹ ਵਿਸ਼ਵ ਇਲੈਵਨ ਦਾ ਹਿੱਸਾ ਵੀ ਬਣ ਚੁੱਕੀ ਹੈ |
ਮੋਗਾ ਸ਼ਹਿਰ ਦੀ ਬੁੱਕਲ 'ਚ ਵਸੇ ਪਿੰਡ ਦੁੱਨੇਕੇ ਵਿਖੇ ਹਰਮਨਪ੍ਰੀਤ ਕੌਰ ਦਾ ਜਨਮ ਪਿਤਾ ਹਰਮੰਦਰ ਸਿੰਘ ਭੁੱਲਰ ਤੇ ਮਾਤਾ ਸਤਵਿੰਦਰ ਕੌਰ ਦੇ ਘਰ 1989 'ਚ ਕੌਮਾਂਤਰੀ ਮਹਿਲਾ ਦਿਵਸ (8 ਮਾਰਚ) ਵਾਲੇ ਦਿਨ ਹੋਇਆ ਤਾਂ ਮਾਪਿਆਂ ਨੇ ਉਸ ਨੂੰ 'ਗੁੱਡ ਬੈਟਿੰਗ' ਲਿਖੀ ਹੋਈ ਪਹਿਲੀ ਕਮੀਜ਼ ਪਹਿਨਾਈ | ਉਦੋਂ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਇਕ ਦਿਨ ਇਸ ਬੱਚੀ ਨੂੰ ਸੱਚਮੁੱਚ ਕੁੱਲ ਦੁਨੀਆ 'ਗੁੱਡ ਬੈਟਿੰਗ' ਆਖ ਕੇ ਪੁਕਾਰੇਗੀ | ਹਰਮਨ ਦੇ ਪਿਤਾ ਵੀ ਵਾਲੀਬਾਲ ਤੇ ਬਾਸਕਟਬਾਲ ਦੇ ਖਿਡਾਰੀ ਰਹੇ ਹਨ, ਜਿਸ ਕਰਕੇ ਘਰ 'ਚ ਖੇਡਾਂ ਲਈ ਸੁਖਾਵਾਂ ਮਾਹੌਲ ਸੀ | ਦਾਰਾਪੁਰ ਦੀ ਗਿਆਨ ਜੋਤੀ ਸਕੂਲ ਅਕੈਡਮੀ 'ਚ ਕੋਚ ਕਮਲਦੀਸ ਸਿੰਘ ਸੋਢੀ ਉਸ ਲਈ ਫ਼ਰਿਸ਼ਤਾ ਬਣ ਕੇ ਵਹੁੜਿਆ | ਐਸ.ਕੇ. ਪਬਲਿਕ ਸਕੂਲ ਫਿਰੋਜ਼ਪੁਰ ਵਲੋਂ ਸਟੇਟ ਖੇਡਦਿਆਂ 16 ਵਰਿ੍ਹਆਂ ਦੀ ਹਰਮਨ ਪੰਜਾਬ ਕਿ੍ਕਟ ਐਸੋਸੀਏਸ਼ਨ ਦੇ ਕੈਂਪ 'ਚ ਆ ਗਈ | ਉਦੋਂ ਉਹ 18 ਵਰਿ੍ਹਆਂ ਦੀ ਸੀ, ਜਦੋਂ ਪੰਜਾਬ ਦੀ ਸੀਨੀਅਰ ਟੀਮ 'ਚ ਚੁਣੀ ਗਈ | ਫਿਰ ਨਾਰਥ ਜ਼ੋਨ ਟੀਮ ਲਈ ਚੁਣੀ ਗਈ | ਅੰਡਰ-19 ਚੈਂਲੇਜਰ ਟਰਾਫੀ ਖੇਡਣ ਤੋਂ ਬਾਅਦ ਉਹ ਕੌਮੀ ਟੀਮ ਦੇ ਕੈਂਪ 'ਚ ਚੁਣੀ ਗਈ | ਫਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ | ਉਹ ਪੰਜਾਬ ਪੁਲਿਸ 'ਚ ਡੀ.ਐਸ.ਪੀ. ਵਜੋਂ ਸੇਵਾ ਵੀ ਨਿਭਾਅ ਰਹੀ ਹੈ | -ਮੋਬਾਈਲ : 97800-36216