ਮੌਜੂਦਾ ਸਮੇਂ ਐਲੇਨਾ ਰਾਇਬਾਕਿਨਾ ਟੈਨਿਸ ਜਗਤ 'ਚ ਸਿਖਰ 'ਤੇ ਹੈ, ਜੋ ਆਪਣੇ ਪਹਿਲੇ ਯੂ.ਐਸ. ਓਪਨ ਖ਼ਿਤਾਬ ਤੇ ਨੰਬਰ ਇਕ ਰੈਂਕਿੰਗ ਮਿਲਣ ਦਾ ਜਸ਼ਨ ਮਨਾ ਰਹੀ ਹੈ | ਇਹ ਸਭ ਕੁਝ ਤਿੰਨ ਹਫ਼ਤੇ ਤੋਂ ਵੀ ਘੱਟ ਸਮੇਂ 'ਚ ਹੋਇਆ, ਜਦੋਂ ਉਸ ਨੂੰ ਡਰ ਸੀ ਕਿ ਗਿੱਟੇ ਦੀ ਸੱਟ ਕਾਰਨ ਉਸ ਨੂੰ ਸਾਲ ਦੇ ਆਖਰੀ ਗ੍ਰੈਂਡ ਸਲੈਮ ਤੋਂ ਬਾਹਰ ਹੋਣਾ ਪਵੇਗਾ | ਐਲੇਨਾ ਨੇ ਮੌਜੂਦਾ ਚੈਂਪੀਅਨ ਆਰੀਨਾ ਸਬਾਲੇਂਕਾ ਨੂੰ 6-4, 5-7, 6-2 ਨਾਲ ਹਰਾ ਕੇ ਆਪਣਾ ਪਹਿਲਾ ਯੂ.ਐਸ. ਓਪਨ ਜਿੱਤ ਕੇ ਆਪਣਾ ਨਾਂਅ ਸੁਨਹਿਰੀ ਅੱਖਰਾਂ 'ਚ ਦਰਜ ਕਰਾ ਲਿਆ | ਇਸ ਇਤਿਹਾਸਕ ਜਿੱਤ ਨਾਲ 27 ਸਾਲਾ ਐਲੇਨਾ ਸਿੰਗਲਜ਼ ਖ਼ਿਤਾਬ ਜਿੱਤਣ ਵਾਲੀ ਕਜ਼ਾਖ਼ਸਤਾਨ ਦੀ ਪਹਿਲੀ ਖਿਡਾਰਨ ਵੀ ਬਣ ਗਈ | ਇਸ ਖ਼ਿਤਾਬੀ ਜਿੱਤ ਨੇ ਐਲੇਨਾ ਲਈ ਇਕ ਸ਼ਾਨਦਾਰ ਹਾਰਡ-ਕੋਰਟ ਡਬਲ ਵੀ ਪੂਰਾ ਕੀਤਾ, ਜਿਸ ਨੇ ਇਸ ਸਾਲ ਦੇ ਸ਼ੁਰੂ 'ਚ ਆਸਟ੍ਰੇਲੀਅਨ ਓਪਨ ਦੇ ਫਾਈਨਲ ਵਿਚ ਵੀ ਸਬਾਲੇਂਕਾ ਨੂੰ ਹੀ ਹਰਾਇਆ ਸੀ | ਵਿੰਬਲਡਨ (2022), ਆਸਟ੍ਰੇਲੀਅਨ ਓਪਨ (2026) ਤੇ ਹੁਣ ਯੂ.ਐਸ. ਓਪਨ (2026) ਦੇ ਖ਼ਿਤਾਬਾਂ ਨਾਲ ਉਸ ਨੂੰ ਕਰੀਅਰ ਗ੍ਰੈਂਡ ਸਲੈਮ ਪੂਰਾ ਕਰਨ ਲਈ ਸਿਰਫ਼ ਫ੍ਰੈਂਚ ਓਪਨ ਦੇ ਖ਼ਿਤਾਬ ਦੀ ਲੋੜ ਹੈ |

ਇਸ ਜਿੱਤ ਨਾਲ ਉਸ ਨੇ ਬੇਲਾਰੂਸੀਅਨ ਖਿਡਾਰਨ ਦੀ ਲਗਾਤਾਰ ਤੀਜੀ ਜਿੱਤ (ਥ੍ਰੀ-ਪੀਟ) ਦੀਆਂ ਕੋਸ਼ਿਸ਼ਾਂ ਨੂੰ ਵੀ ਨਾਕਾਮ ਕਰ ਦਿੱਤਾ | ਸਬਾਲੇਂਕਾ ਓਪਨ ਏਰਾ 'ਚ ਤੀਜੀ ਮਹਿਲਾ ਤੇ 2012-2014 'ਚ ਸੇਰੇਨਾ ਵਿਲੀਅਮਜ਼ ਤੋਂ ਬਾਅਦ ਲਗਾਤਾਰ ਤਿੰਨ ਜਾਂ ਇਸ ਤੋਂ ਵੱਧ ਯੂ.ਐਸ. ਓਪਨ ਖ਼ਿਤਾਬ ਜਿੱਤਣ ਵਾਲੀ ਪਹਿਲੀ ਖਿਡਾਰਨ ਬਣਨ ਦੀ ਕੋਸ਼ਿਸ਼ ਕਰ ਰਹੀ ਸੀ | ਸਬਾਲੇਂਕਾ ਲਗਾਤਾਰ 99 ਹਫ਼ਤਿਆਂ ਤੱਕ ਨੰਬਰ ਇਕ ਰੈਂਕਿੰਗ 'ਤੇ ਰਹੀ ਸੀ ਅਤੇ ਨੰਬਰ ਇਕ ਰੈਕਿੰਗ ਵਜੋਂ ਟੂਰਨਾਮੈਂਟ 'ਚ ਦਾਖ਼ਲ ਹੋਈ ਸੀ, ਪਰ ਕੁਆਰਟਰ ਫਾਈਨਲ 'ਚ ਚਿਨਵੇਨ ਝੇਂਗ 'ਤੇ ਜਿੱਤ ਤੋਂ ਬਾਅਦ ਐਲੇਨਾ ਰੈਂਕਿੰਗ ਵਿਚ ਸਿਖਰ 'ਤੇ ਪਹੁੰਚ ਗਈ ਅਤੇ ਆਰਥਰ ਐਸ਼ ਸਟੇਡੀਅਮ 'ਚ ਚਾਹੇ ਜੋ ਵੀ ਹੁੰਦਾ, ਉਸ ਦੀ ਸਿਖਰਲੀ ਰੈਂਕਿੰਗ ਬਰਕਰਾਰ ਹੀ ਰਹਿਣੀ ਸੀ | ਇਸ ਹਾਰ ਨੇ ਯੂ.ਐਸ. ਓਪਨ 'ਚ ਸਬਾਲੇਂਕਾ ਦੇ 19 ਮੈਚਾਂ ਦੇ ਜਿੱਤ ਦੇ ਸਿਲਸਿਲੇ ਨੂੰ ਵੀ ਖ਼ਤਮ ਕਰ ਦਿੱਤਾ |
ਇਹ ਫਾਈਨਲ ਜਨਵਰੀ ਵਿੱਚ ਹੋਏ ਆਸਟ੍ਰੇਲੀਅਨ ਓਪਨ ਫਾਈਨਲ ਦਾ ਮੁੜ-ਮੁਕਾਬਲਾ (ਰੀਮੈਚ) ਸੀ, ਜਿਸ ਨੂੰ ਐਲੇਨਾ ਨੇ ਜਿੱਤਿਆ ਸੀ, ਪਰ ਸਬਾਲੇਂਕਾ ਨੇ ਇੰਡੀਅਨ ਵੇਲਜ਼ ਫਾਈਨਲ ਅਤੇ ਮਿਆਮੀ ਸੈਮੀਫਾਈਨਲ 'ਚ ਐਲੇਨਾ ਨੂੰ ਹਰਾਇਆ ਸੀ | ਹਾਰਡ ਕੋਰਟ 'ਤੇ ਇਹ ਉਨ੍ਹਾਂ ਦਾ 15ਵਾਂ ਮੁਕਾਬਲਾ ਸੀ, ਜਿਸ 'ਚ ਐਲੇਨਾ ਨੇ ਹੁਣ ਦੋਵਾਂ ਦੇ ਆਹਮੋ-ਸਾਹਮਣੇ ਦੇ ਮੁਕਾਬਲਿਆਂ 'ਚ 8-7 ਦੀ ਲੀਡ ਹਾਸਲ ਕਰ ਲਈ ਹੈ | ਮੈਚ ਦੇ ਸ਼ੁਰੂਆਤ ਵਿਚ ਹੀ ਸਬਾਲੇਂਕਾ ਦੀਆਂ ਕਮਜ਼ੋਰੀਆਂ ਉਜਾਗਰ ਹੋਣ ਲੱਗੀਆਂ, ਜਿਸ ਨਾਲ ਐਲੇਨਾ ਨੇ ਪਹਿਲਾ ਸੈੱਟ 6–4 ਨਾਲ ਜਿੱਤ ਕੇ ਲੀਡ ਹਾਸਲ ਕਰ ਲਈ | ਹਾਲਾਂਕਿ ਸਬਾਲੇਂਕਾ ਨੇ ਵਾਪਸੀ ਕਰਦਿਆਂ ਦੂਜਾ ਸੈੱਟ 7–5 ਨਾਲ ਜਿੱਤਿਆ, ਪਰ ਐਲੇਨਾ ਡਟੀ ਰਹੀ | ਆਖਰੀ ਸੈੱਟ 'ਚ ਐਲੇਨਾ ਨੇ ਆਪਣੀ ਖੇਡ ਨੂੰ ਵੱਖਰੇ ਹੀ ਪੱਧਰ 'ਤੇ ਪਹੁੰਚਾ ਦਿੱਤਾ | ਪੂਰੇ ਮੈਚ ਵਿਚ ਕੁੱਲ 12 ਏਸ (1ce) ਲਗਾਉਂਦੇ ਹੋਏ ਤੇ ਬੇਸਲਾਈਨ ਤੋਂ ਮੈਚ 'ਤੇ ਕੰਟਰੋਲ ਕਰਦੇ ਹੋਏ ਸ਼ਾਨਦਾਰ ਅੰਦਾਜ਼ 'ਚ ਆਪਣੇ ਸਭ ਤੋਂ ਖ਼ਾਸ ਹਥਿਆਰ ਨਾਲ ਜਿੱਤ 'ਤੇ ਮੋਹਰ ਲਾ ਦਿੱਤੀ | ਉਸ ਨੇ ਚੈਂਪੀਅਨਸ਼ਿਪ ਪੁਆਇੰਟ 'ਤੇ ਏਸ ਲਾਇਆ ਤੇ ਫਿਰ ਜਸ਼ਨਾਂ 'ਚ ਖੁੱਲ੍ਹ ਕੇ ਝੂਮ ਉੱਠੀ | ਐਲੇਨਾ ਦਾ ਇਸ ਖ਼ਿਤਾਬ ਤੱਕ ਪਹੁੰਚਣਾ ਕੋਈ ਕਿਸਮਤ ਦੀ ਗੱਲ ਨਹੀਂ ਸੀ, ਇਹ ਆਧੁਨਿਕ ਟੈਨਿਸ ਇਤਿਹਾਸ ਦੇ ਸਭ ਤੋਂ ਚੁਣੌੌਤੀਪੂਰਨ ਸਫ਼ਰਾਂ 'ਚੋਂ ਇਕ ਸੀ | ਟਰਾਫੀ ਚੁੱਕਣ ਲਈ 27 ਸਾਲਾ ਖਿਡਾਰਨ ਨੂੰ ਚਾਰ ਗ੍ਰੈਂਡ ਸਲੈਮ ਚੈਂਪੀਅਨਾਂ ਨੂੰ ਮਾਤ ਦੇਣੀ ਪਈ | ਉਸ ਨੇ ਟੂਰਨਾਮੈਂਟ ਜਿੱਤਣ ਲਈ 5.5 ਮਿਲੀਅਨ ਡਾਲਰ ਦੀ ਇਨਾਮੀ ਰਾਸ਼ੀ ਹਾਸਲ ਕੀਤੀ ਤੇ ਹਾਰ ਤੋਂ ਬਾਅਦ ਆਪਣਾ ਰੈਕੇਟ ਤੋੜਨ ਵਾਲੀ ਸਬਾਲੇਂਕਾ ਨੇ ਉਪ-ਜੇਤੂ (ਰਨਰ-ਅਪ) ਰਹਿਣ ਲਈ 2.8 ਮਿਲੀਅਨ ਡਾਲਰ ਪ੍ਰਾਪਤ ਕੀਤੇ | ਟਰਾਫੀ ਵੰਡ ਸਮਾਰੋਹ ਦੌਰਾਨ ਐਲੇਨਾ ਨੇ ਆਪਣੇ ਸ਼ਾਂਤ ਸੁਭਾਅ ਨਾਲ ਕਿਹਾ, 'ਇਸ ਸਮੇਂ ਸ਼ਬਦ ਲੱਭਣਾ ਔਖੇ ਹਨ | ਇਕ ਹੋਰ ਗ੍ਰੈਂਡ ਸਲੈਮ ਫਾਈਨਲ 'ਚ ਆਰੀਨਾ ਵਿਰੁੱਧ ਖੇਡਣਾ ਤੇ ਨਿਊਯਾਰਕ ਵਿਚ ਇਹ ਟਰਾਫੀ ਚੁੱਕਣਾ ਇਕ ਸੁਨਹਿਰੀ ਸੁਪਨਾ ਸੱਚ ਹੋਣ ਵਾਂਗ ਹੀ ਹੈ |'
-ਪਿੰਡ ਤੇ ਡਾਕ-ਗਣੇਸ਼ਪੁਰ ਭਾਰਟਾ, ਨੇੜੇ ਮਾਹਿਲਪੁਰ | ਮੋਬਾਈਲ : 94655-76022