ਖੇਡ ਮੈਦਾਨ 'ਚ ਜਦੋਂ ਕੋਈ ਖਿਡਾਰੀ ਤਿਰੰਗਾ ਲਹਿਰਾਉਂਦਾ ਹੈ ਤੇ ਦੇਸ਼ ਲਈ ਸੋਨ ਤਮਗ਼ਾ ਜਿੱਤਦਾ ਹੈ ਤਾਂ ਉਸ ਜਿੱਤ ਪਿੱਛੇ ਸਿਰਫ਼ ਖਿਡਾਰੀ ਦੀ ਮਿਹਨਤ ਹੀ ਨਹੀਂ ਹੁੰਦੀ, ਸਗੋਂ ਇਕ ਅਜਿਹੇ ਗੁਰੂ ਦੀ ਸਾਲਾਂ ਦੀ ਤਪੱਸਿਆ ਵੀ ਹੁੰਦੀ ਹੈ, ਜਿਸ ਨੇ ਆਪਣੀ ਜ਼ਿੰਦਗੀ ਖਿਡਾਰੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਮਰਪਿਤ ਕਰ ਦਿੱਤੀ ਹੁੰਦੀ ਹੈ | ਭਾਰਤੀ ਅਥਲੈਟਿਕਸ ਦੇ ਖੇਤਰ 'ਚ ਅਜਿਹਾ ਹੀ ਮਾਣਮੱਤਾ ਨਾਂਅ ਹੈ ਕੋਚ ਪਰਵੀਰ ਸਿੰਘ ਦਾ, ਜਿਨ੍ਹਾਂ ਨੂੰ ਖੇਡਾਂ 'ਚ ਸ਼ਾਨਦਾਰ ਯੋਗਦਾਨ ਲਈ ਵੱਕਾਰੀ 'ਦਰੋਣਾਚਾਰੀਆ ਪੁਰਸਕਾਰ' ਲਈ ਚੁਣਿਆ ਗਿਆ | ਪਰਵੀਰ ਸਿੰਘ ਦੀ ਕੋਚਿੰਗ ਯਾਤਰਾ ਭਾਰਤੀ ਖੇਡ ਇਤਿਹਾਸ ਦੇ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਨਾਲ ਜੁੜੀ ਹੋਈ ਹੈ |
ਪਰਵੀਰ ਸਿੰਘ ਦੀ ਕੋਚਿੰਗ ਦਾ ਪ੍ਰਭਾਵ ਡਿਸਕਸ ਥ੍ਰੋਅ ਤੋਂ ਲੈ ਕੇ ਸ਼ਾਟਪੁੱਟ ਤੇ ਜੈਵਲਿਨ ਥ੍ਰੋਅ ਤੱਕ ਦੇਖਣ ਨੂੰ ਮਿਲਦਾ ਹੈ | 2006 ਦੀਆਂ ਰਾਸ਼ਟਰਮੰਡਲ ਖੇਡਾਂ 'ਚ ਸੀਮਾ ਪੂਨੀਆ ਨੇ ਉਨ੍ਹਾਂ ਦੀ ਰਹਿਨੁਮਾਈ ਹੇਠ ਆਪਣਾ ਪਹਿਲਾ ਰਾਸ਼ਟਰਮੰਡਲ ਤਗਮਾ ਚਾਂਦੀ ਦੇ ਰੂਪ 'ਚ ਜਿੱਤਿਆ | 2010 ਦੀਆਂ ਦਿੱਲੀ ਰਾਸ਼ਟਰਮੰਡਲ ਖੇਡਾਂ 'ਚ ਹਰਵੰਤ ਕੌਰ ਨੇ ਚਾਂਦੀ ਦਾ ਤਗਮਾ ਜਿੱਤਿਆ | ਕ੍ਰਿਸ਼ਨਾ ਪੂਨੀਆ ਨੇ ਵੀ ਆਪਣੇ ਖੇਡ ਸਫ਼ਰ ਦੇ ਇਕ ਮਹੱਤਵਪੂਰਨ ਪੜਾਅ ਦੌਰਾਨ ਪਰਵੀਰ ਸਿੰਘ ਦੀ ਕੋਚਿੰਗ ਦਾ ਲਾਭ ਲਿਆ ਤੇ ਦਿੱਲੀ ਰਾਸ਼ਟਰਮੰਡਲ ਖੇਡਾਂ 'ਚ ਡਿਸਕਸ ਥ੍ਰੋਅ 'ਚ ਸੋਨ ਤਗਮਾ ਜਿੱਤਿਆ | ਬਾਅਦ 'ਚ ਸ਼ਾਟਪੁਟ ਤੇ ਜੈਵਲਿਨ ਥ੍ਰੋਅ ਦੀ ਕੋਚਿੰਗ ਦੀ ਜ਼ਿੰਮੇਵਾਰੀ ਸੰਭਾਲਦਿਆਂ ਉਨ੍ਹਾਂ ਨੇ ਤਜਿੰਦਰਪਾਲ ਸਿੰਘ ਤੂਰ ਤੇ ਅੰਨੂ ਰਾਣੀ ਵਰਗੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਤਿਆਰ ਕਰਨ 'ਚ ਅਹਿਮ ਭੂਮਿਕਾ ਨਿਭਾਈ | 2023 ਦੀਆਂ ਹਾਂਗਜ਼ੂ (ਚੀਨ) ਏਸ਼ਿਆਈ ਖੇਡਾਂ 'ਚ ਤਜਿੰਦਰਪਾਲ ਸਿੰਘ ਤੂਰ ਨੇ ਸ਼ਾਟਪੁਟ ਤੇ ਅੰਨੂ ਰਾਣੀ ਨੇ ਜੈਵਲਿਨ ਥ੍ਰੋਅ 'ਚ ਸੋਨ ਤਗਮੇ ਜਿੱਤੇ | ਇਹ ਦੋਹਰੀ ਸਫ਼ਲਤਾ ਪਰਵੀਨ ਸਿੰਘ ਦੀ ਕੋਚਿੰਗ ਯਾਤਰਾ ਦਾ ਇਕ ਯਾਦਗਾਰੀ ਅਧਿਆਇ ਬਣੀ |
ਉਨ੍ਹਾਂ ਨੇ ਸਪੋਰਟਸ ਅਥਾਰਟੀ ਆਫ਼ ਇੰਡੀਆ ਤੇ ਅਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਭਾਰਤੀ ਅਥਲੈਟਿਕਸ ਦੇ ਵਿਕਾਸ 'ਚ ਯੋਗਦਾਨ ਪਾਉਣ ਲਈ ਮੰਚ ਪ੍ਰਦਾਨ ਕੀਤਾ | ਉਨ੍ਹਾਂ ਨੇ 1991 'ਚ ਐਨ.ਆਈ.ਐਸ. ਪਟਿਆਲਾ ਤੋਂ ਡਿਪਲੋਮਾ ਪ੍ਰਾਪਤ ਕੀਤਾ ਤੇ 1992 'ਚ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਕੋਚ ਵਜੋਂ ਆਪਣੀ ਸੇਵਾ ਸ਼ੁਰੂ ਕੀਤੀ | ਮਹਾਰਾਸ਼ਟਰ, ਗੁਜਰਾਤ ਅਤੇ ਦਮਨ ਤੇ ਦੀਪ ਵਿਚ ਸੇਵਾਵਾਂ ਨਿਭਾਉਣ ਤੋਂ ਬਾਅਦ ਉਹ 1999 'ਚ ਮੁੜ ਐਨ.ਆਈ.ਐਸ. ਪਟਿਆਲਾ ਆਏ ਤੇ ਅਧਿਆਪਨ ਨਾਲ ਜੁੜ ਗਏ | 2001 'ਚ ਉਨ੍ਹਾਂ ਨੂੰ ਭਾਰਤੀ ਅਥਲੈਟਿਕਸ ਟੀਮ ਨਾਲ ਕੰਮ ਕਰਨ ਦਾ ਮੌਕਾ ਮਿਲਿਆ | ਉਨ੍ਹਾਂ ਨੇ ਸਪੋਰਟਸ ਕੋਚਿੰਗ 'ਚ ਮਾਸਟਰਜ਼ ਕਰਨ ਤੋਂ ਬਾਅਦ 2021 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੋਚਿੰਗ ਵਿਸ਼ੇ ਵਿਚ ਪੀਐਚ.ਡੀ. ਕੀਤੀ | ਇਸ ਤੋਂ ਇਲਾਵਾ ਉਹ ਵਰਲਡ ਅਥਲੈਟਿਕਸ ਦੇ ਲੈਵਲ-3 ਲੈਕਚਰਾਰ ਤੇ ਕੋਚ ਐਜੂਕੇਟਰ ਵਜੋਂ ਵੀ ਆਪਣੀਆਂ ਸੇਵਾਵਾਂ ਦੇ ਰਹੇ ਹਨ | ਉਹ ਫਿਲੀਪੀਨਜ਼, ਇੰਡੋਨੇਸ਼ੀਆ, ਥਾਈਲੈਂਡ ਤੇ ਭੂਟਾਨ ਸਮੇਤ ਏਸ਼ੀਆ ਦੇ ਵੱਖ-ਵੱਖ ਦੇਸ਼ਾਂ 'ਚ ਕੋਚਾਂ ਨੂੰ ਸਿਖਲਾਈ ਵੀ ਦਿੰਦੇ ਹਨ | ਪਰਵੀਰ ਸਿੰਘ ਦਾ ਮੰਨਣਾ ਹੈ ਕਿ ਇਕ ਚੰਗੇ ਕੋਚ ਲਈ ਸਿਧਾਂਤਕ ਗਿਆਨ ਤੇ ਮੈਦਾਨੀ ਤਜਰਬੇ ਦਾ ਸੁਮੇਲ ਬਹੁਤ ਜ਼ਰੂਰੀ ਹੈ | ਇਹੀ ਸੋਚ ਉਨ੍ਹਾਂ ਨੂੰ ਆਮ ਕੋਚ ਤੋਂ ਅੱਗੇ ਲਿਜਾ ਕੇ ਇਕ ਸਿੱਖਿਅਕ, ਖੋਜੀ ਤੇ ਕੋਚਾਂ ਦੇ ਮਾਰਗਦਰਸ਼ਕ ਵਜੋਂ ਸਥਾਪਤ ਕਰਦੀ ਹੈ | ਅਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਵਲੋਂ ਉਨ੍ਹਾਂ ਨੂੰ 2025 ਦੇ ਸਰਬੋਤਮ ਕੋਚ ਦੇ ਸਨਮਾਨ ਨਾਲ ਵੀ ਨਿਵਾਜਿਆ ਗਿਆ | ਪਰਵੀਰ ਸਿੰਘ ਵਰਗੇ ਕੋਚ ਭਾਰਤੀ ਖੇਡਾਂ ਦੀ ਉਹ ਮਜ਼ਬੂਤ ਨੀਂਹ ਹਨ, ਜਿਨ੍ਹਾਂ ਦੀ ਬਦੌਲਤ ਆਉਣ ਵਾਲੀਆਂ ਪੀੜ੍ਹੀਆਂ ਦੇ ਖਿਡਾਰੀ ਕੌਮਾਂਤਰੀ ਮੰਚ 'ਤੇ ਤਿਰੰਗੇ ਦੀ ਸ਼ਾਨ ਵਧਾਉਣਗੇ |
-ਮੋਬਾਈਲ : 98729-78781