![]()
ਅੰਮ੍ਰਿਤਸਰ, 19 ਨਵੰਬਰ (ਸੁਰਿੰਦਰ ਕੋਛੜ)-ਅੰਗਰੇਜ਼ਾਂ ਵਲੋਂ 2 ਜਨਵਰੀ 1886 ’ਚ ਲਾਹੌਰ ਦੀ ਮਾਲ ਰੋਡ ’ਤੇ ਸਥਾਪਤ ਕੀਤੇ ਗਏ ਇਤਿਹਾਸਕ ਐਚੀਸਨ ਕਾਲਜ ਦੇ 140 ਸਾਲ ਪੂਰੇ ਹੋਣ ਅਤੇ ਇਸ ਦੇ ਸਥਾਪਨਾ ਦਿਵਸ ਮੌਕੇ ਇਸ ਸੰਸਥਾ ਦੇ ਸਿੱਖ ਇਤਿਹਾਸ ਨਾਲ ਜੁੜੇ ਪੁਰਾਣੇ ਅਤੇ ਗੂੜ੍ਹੇ ਸੰਬੰਧਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ‘ਅਜੀਤ’ ਨਾਲ ਗੱਲਬਾਤ ਦੌਰਾਨ ਇਹ ਪ੍ਰਗਟਾਵਾ ਕਰਦਿਆਂ ਸਾਬਕਾ ਰਾਜ ਸਭਾ ਮੈਂਬਰ ਸ: ਤਰਲੋਚਨ ਸਿੰਘ ਨੇ ਕਿਹਾ ਕਿ ਅੰਗਰੇਜ਼ਾਂ ਵਲੋਂ ਐਚੀਸਨ ਕਾਲਜ ਖ਼ਾਸ ਤੌਰ ’ਤੇ ਸ਼ਾਹੀ ਪਰਿਵਾਰਾਂ ਅਤੇ ਵੱਡੇ ਸਰਦਾਰਾਂ ਦੇ ਬੱਚਿਆਂ ਨੂੰ ਆਧੁਨਿਕ ਸਿੱਖਿਆ ਅਤੇ ਅਨੁਸ਼ਾਸਨ ਦੇਣ ਲਈ ਬਣਾਇਆ ਗਿਆ ਸੀ। ਇਸ ਦਾ ਪਹਿਲਾ ਨਾਂਅ ਚੀਫ਼ਸ ਕਾਲਜ ਸੀ ਅਤੇ 13 ਨਵੰਬਰ 1886 ਨੂੰ ਇਸ ਦਾ ਨਾਂਅ ਬਦਲ ਕੇ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਸਰ ਚਾਰਲਸ ਅੰਫਰਸਟਨ ਐਚੀਸਨ ਦੇ ਸਨਮਾਨ ’ਚ ਐਚੀਸਨ ਕਾਲਜ ਰੱਖ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ, ਮਹਾਰਾਜਾ ਯਾਦਵਿੰਦਰ ਸਿੰਘ, ਰਾਜਾ ਭਲਿੰਦਰ ਸਿੰਘ, ਨਾਭਾ ਰਿਆਸਤ ਦੇ ਰਾਜਕੁਮਾਰ ਅਤੇ ਸੁੰਦਰ ਸਿੰਘ ਮਜੀਠੀਆ ਵਰਗੇ ਵੱਡੇ ਸਿੱਖ ਸਰਦਾਰ ਇਸੇ ਸੰਸਥਾ ਦੇ ਵਿਦਿਆਰਥੀ ਰਹੇ ਹਨ। ਸ: ਤਰਲੋਚਨ ਸਿੰਘ ਮੁਤਾਬਿਕ ਮਹਾਰਾਜਾ ਭੁਪਿੰਦਰ ਸਿੰਘ ਨੇ ਜਦੋਂ ਇਸ ਕਾਲਜ ’ਚ ਦਾਖ਼ਲਾ ਲਿਆ ਤਾਂ ਉਨ੍ਹਾਂ ਨੇ ਕਾਲਜ ਦੇ ਅੰਦਰ ਹੀ ਇਕ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਵਾਈ ਸੀ, ਜੋ ਅੱਜ ਵੀ ਉੱਥੇ ਪੂਰੀ ਸ਼ਾਨ ਨਾਲ ਕਾਇਮ ਹੈ । ਉਨ੍ਹਾਂ ਮੁਤਾਬਿਕ ਕਾਲਜ ਦੀ ਸਭ ਤੋਂ ਖ਼ਾਸ ਅਤੇ ਵਿਲੱਖਣ ਪਰੰਪਰਾ ਇਹ ਹੈ ਕਿ ਸਥਾਪਨਾ ਦਿਵਸ ਮੌਕੇ ਅੱਜ ਵੀ ਸਾਰੇ ਵਿਦਿਆਰਥੀ, ਪ੍ਰੋਫੈਸਰ ਅਤੇ ਸਟਾਫ਼ ਮੈਂਬਰ ਸਿਰਾਂ ’ਤੇ ਪੱਗਾਂ ਬੰਨ੍ਹ ਕੇ ਕਾਲਜ ’ਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੰਨ 1947 ਦੀ ਵੰਡ ਵੇਲੇ ਐਚੀਸਨ ਕਾਲਜ ਦੇ ਕੁੱਲ 265 ਵਿਦਿਆਰਥੀਆਂ ’ਚੋਂ 16 0 ਗ਼ੈਰ-ਮੁਸਲਿਮ ਸਨ। ਵੰਡ ਤੋਂ ਬਾਅਦ ਸੰਨ 1948 ’ਚ ਮਹਾਰਾਜਾ ਯਾਦਵਿੰਦਰ ਸਿੰਘ ਨੇ ਲਾਹੌਰ ਦੇ ਐਚੀਸਨ ਕਾਲਜ ਦੀ ਤਰਜ਼ ’ਤੇ ਹੀ ਪਟਿਆਲਾ ਵਿਖੇ ਯਾਦਵਿੰਦਰਾ ਪਬਲਿਕ ਸਕੂਲ ਦੀ ਸਥਾਪਨਾ ਕੀਤੀ, ਜਿਸ ਦੀਆਂ ਸ਼ਾਖਾਵਾਂ ਅੱਜ ਚੰਡੀਗੜ੍ਹ ਅਤੇ ਦਿੱਲੀ ਤੱਕ ਫੈਲੀਆਂ ਹੋਈਆਂ ਹਨ।