19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਵਿਸ਼ਵ ਵਿਵਸਥਾ ਲਈ ਭਾਰਤ ਤੇ ਜਪਾਨ ਸਹਿਯੋਗ ਜ਼ਰੂਰੀ ਦੋਵੇਂ ਦੇਸ਼ ਰੱਖਿਆ ਤੇ ਸਮੁੰਦਰੀ ਸਹਿਯੋਗ ਵਧਾਉਣ ’ਤੇ ਸਹਿਮਤ, ਟੋਕੀਓ ’ਚ ‘2+2’ ਗੱਲਬਾਤ

ਟੋਕੀਓ, 19 ਨਵੰਬਰ (ਪੀ. ਟੀ.

ਅਜੀਤ ਡੈਸਕ 20-11-2026
ਟੋਕੀਓ, 19 ਨਵੰਬਰ (ਪੀ.ਟੀ.ਆਈ.)-ਟੋਕੀਓ ’ਚ ‘2+2’ ਗੱਲਬਾਤ ਦੌਰਾਨ ਭਾਰਤ ਅਤੇ ਜਪਾਨ ਰੱਖਿਆ ਸੰਬੰਧਾਂ ਅਤੇ ਸਮੁੰਦਰੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਮਤ ਹੋਏ। ਇਸ ਮੌਕੇ ਦੋਵੇਂ ਦੇਸ਼ਾਂ ਨੇ ਮੌਜੂਦਾ ਵਿਸ਼ਵ ਵਿਵਸਥਾ ਦੌਰਾਨ ਭਾਰਤ ਅਤੇ ਜਪਾਨ ਦੇ ਸਹਿਯੋਗ ਨੂੰ ਜ਼ਰੂਰੀ ਦੱਸਿਆ। ਗੱਲਬਾਤ ਦੌਰਾਨ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਵੀਰਵਾਰ ਨੂੰ ਸਰੋਤਾਂ, ਸੰਪਰਕ ਅਤੇ ਸਪਲਾਈ ਲੜੀ ਦੇ ਵਧ ਰਹੇ ‘ਹਥਿਆਰੀਕਰਨ’ (ਭਾਵ ਇਨ੍ਹਾਂ ਨੂੰ ਹਥਿਆਰ ਵਜੋਂ ਵਰਤਣ ਦੀ ਪ੍ਰਵਿਰਤੀ) ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰੀ ਅਨਿਸ਼ਚਿਤਤਾ ਦੇ ਦੌਰ ’ਚ ਭਾਰਤ ਅਤੇ ਜਪਾਨ ਵਰਗੀਆਂ ਭਰੋਸੇਮੰਦ ਭਾਈਵਾਲੀਆਂ ਹੋਰ ਵੀ ਮਹੱਤਵਪੂਰਨ ਹੋ ਗਈਆਂ ਹਨ। ਜੈਸ਼ੰਕਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਚੌਥੀ ਭਾਰਤ-ਜਪਾਨ ਵਿਦੇਸ਼ ਤੇ ਰੱਖਿਆ ਮੰਤਰੀ ਪੱਧਰੀ ਗੱਲਬਾਤ (ਜਿਸਨੂੰ ‘2+2’ ਮੀਟਿੰਗ ਕਿਹਾ ਜਾਂਦਾ ਹੈ) ’ਚ ਹਿੱਸਾ ਲੈਣ ਲਈ ਟੋਕੀਓ ’ਚ ਹਨ। ਇਹ ਮੀਟਿੰਗ ਵੀਰਵਾਰ ਨੂੰ ਕੀਤੀ ਗਈ। ‘2+2’ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਵਿਸ਼ਵ ਵਿਵਸਥਾ ਨੂੰ ਕਈ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ’ਚ ਦੋ ਵੱਡੇ ਚੱਲ ਰਹੇ ਟਕਰਾਅ, ਆਰਥਿਕ ਅਸਥਿਰਤਾ ਅਤੇ ਕੋਵਿਡ-19 ਮਹਾਂਮਾਰੀ ਦੇ ਦੂਰਗਾਮੀ ਪ੍ਰਭਾਵ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਕ੍ਰਮਾਂ ਨੇ ਊਰਜਾ, ਵਪਾਰ, ਭੋਜਨ ਅਤੇ ਸਿਹਤ ਸੁਰੱਖਿਆ ਬਾਰੇ ਚਿੰਤਾਵਾਂ ਵਧਾ ਦਿੱਤੀਆਂ ਹਨ। ਜਦੋਂ ਅਸੀਂ ਇਨ੍ਹਾਂ ਖੇਤਰਾਂ ’ਚ ਆਪਣੀ ਸੁਰੱਖਿਆ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਸਾਡੇ ਵਰਗੀਆਂ ਭਰੋਸੇਮੰਦ ਅਤੇ ਠੋਸ ਭਾਈਵਾਲੀਆਂ ਹੋਰ ਵੀ ਕੀਮਤੀ ਹੋ ਜਾਂਦੀਆਂ ਹਨ। ਰੂਸ-ਯੂਕਰੇਨ ਯੁੱਧ ਅਤੇ ਪੱਛਮੀ ਏਸ਼ੀਆ ’ਚ ਚੱਲ ਰਹੇ ਟਕਰਾਅ ਦੇ ਪ੍ਰਭਾਵ ਸਿਰਫ਼ ਉਨ੍ਹਾਂ ਖੇਤਰਾਂ ਤੱਕ ਸੀਮਤ ਨਹੀਂ ਰਹੇ, ਸਗੋਂ ਇਨ੍ਹਾਂ ਨੇ ਵਿਸ਼ਵ ਊਰਜਾ ਬਾਜ਼ਾਰਾਂ, ਸਮੁੰਦਰੀ ਆਵਾਜਾਈ ਅਤੇ ਖੁਰਾਕ ਸੁਰੱਖਿਆ ਨੂੰ ਵੀ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸੰਪਰਕ, ਸਰੋਤਾਂ, ਸੇਵਾਵਾਂ, ਸਪਲਾਈ ਲੜੀ ਅਤੇ ਬਾਜ਼ਾਰ ਹਿੱਸੇਦਾਰੀ ਨੂੰ ਹਥਿਆਰ ਵਜੋਂ ਵਰਤਣ ਦੀ ਵਧ ਰਹੀ ਪ੍ਰਵਿਰਤੀ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ’ਚੋਂ ਕਈ ਘਟਨਾਕ੍ਰਮਾਂ ਦਾ ਸਿੱਧਾ ਅਸਰ ਰਾਸ਼ਟਰੀ ਸੁਰੱਖਿਆ ’ਤੇ ਪੈਂਦਾ ਹੈ। ਜੈਸ਼ੰਕਰ ਨੇ ਕਿਹਾ ਕਿ ਸਥਿਤੀ ਨਾਲ ਨਜਿੱਠਣ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਅਤੇ ਨਵੇਂ ਬਦਲਾਂ ਦੀ ਭਾਲ ਕਰਨ ਨੂੰ ਇਸੇ ਸੰਦਰਭ ’ਚ ਦੇਖਿਆ ਜਾਣਾ ਚਾਹੀਦਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੋਵੇਂ ਦੇਸ਼ ਵਿਸ਼ੇਸ਼ ਪਾਣੀ ਦੇ ਹੇਠਾਂ ਅਤੇ ਮਿਜ਼ਾਈਲ ਤਕਨਾਲੋਜੀਆਂ ’ਚ ਸਹਿਯੋਗ ਨੂੰ ਤੇਜ਼ ਕਰਨ ਅਤੇ ਸਮੁੰਦਰੀ ਸੁਰੱਖਿਆ ਸੰਬੰਧਾਂ ਨੂੰ ਡੂੰਘਾ ਕਰਨ ’ਤੇ ਸਹਿਮਤ ਹੋਏ ਹਨ। ਮੀਟਿੰਗ ਤੋਂ ਬਾਅਦ ਰਾਜਨਾਥ ਸਿੰਘ ਨੇ ਕਿਹਾ ਕਿ ਦੋਵੇਂ ਧਿਰਾਂ ਸਮੁੰਦਰੀ ਸੁਰੱਖਿਆ ਸਹਿਯੋਗ ’ਤੇ ਹਾਲ ਹੀ ’ਚ ਦਸਤਖ਼ਤ ਕੀਤੇ ਗਏ ਪ੍ਰਬੰਧ ਦੇ ਸਮਝੌਤੇ ਨੂੰ ਠੋਸ ਸਹਿਯੋਗ ’ਚ ਬਦਲਣ ਲਈ ਤੇਜ਼ੀ ਨਾਲ ਅੱਗੇ ਵਧਣ ਲਈ ਸਹਿਮਤ ਹੋਈਆਂ, ਜਿਸ ’ਚ ਸਮੁੰਦਰੀ ਅਤੇ ਹਵਾਈ ਖੇਤਰ ਜਾਗਰੂਕਤਾ, ਖੋਜ ਅਤੇ ਬਚਾਅ ਅਤੇ ਜਾਣਕਾਰੀ-ਸਾਂਝਾਕਰਨ ਪ੍ਰਬੰਧ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ‘ਡਿਜ਼ਾਈਨ ਵਿਦ ਜਪਾਨ, ਮੇਕ ਇਨ ਇੰਡੀਆ’ ਦੇ ਢਾਂਚੇ ਤਹਿਤ ਰੱਖਿਆ ਉਦਯੋਗਿਕ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਉਮੀਦ ਵੀ ਕਰਦੇ ਹਨ, ਜਦੋਂ ਕਿ ਯੂਨੀਕਾਰਨ ਨਾਲ ਜੁੜੇ ਸਮਝੌਤਿਆਂ ਦੇ ਜਲਦੀ ਪੂਰਾ ਹੋਣ ਦੀ ਉਮੀਦ ਕਰਦੇ ਹਨ, ਜੋ ਕਿ ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ਾਂ ਲਈ ਏਕੀਕ੍ਰਿਤ ਐਂਟੀਨਾ ਮਾਸਟ ਦੇ ਸਹਿ-ਵਿਕਾਸ ਨਾਲ ਸੰਬੰਧਿਤ ਹੈ।
ਪਿਛਲੀ ਖ਼ਬਰ ਸੁਪਰੀਮ ਕੋਰਟ ਤੋਂ ਆਜ਼ਮ ਖ਼ਾਨ ਨੂੰ ਵੱਡੀ ਰਾਹਤ ਸਰਬਉੱਚ ਅਦਾਲਤ ਨੇ ਅੰਤਰਿਮ ਜ਼ਮਾਨਤ ਖ਼ਿਲਾਫ਼ ਈ.ਡੀ. ਦੀ ਪਟੀਸ਼ਨ ਕੀਤੀ ਖ... ਅਗਲੀ ਖ਼ਬਰ ਮੁਆਵਜ਼ਾ ਨਾ ਦੇਣ ’ਤੇ ਗਮਾਡਾ ਨੂੰ ਵੱਡਾ ਝਟਕਾ, ਮੁੱਖ ਖਾਤਾ ਕੁਰਕ ਕਰਨ ਦੇ ਹੁਕਮ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।