20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਝੋਨੇ ਦੀ ਵਾਢੀ 99 ਫ਼ੀਸਦੀ ਤੋਂ ਵੱਧ ਨਿੱਬੜੀ ਪਰ ਪਰਾਲੀ ਸਾੜਨ ਦਾ ਰੁਝਾਨ ਜਾਰੀ ਪੰਜਾਬ ’ਚ ਪਰਾਲੀ ਸਾੜਨ ਦੀਆਂ 6718 ਘਟਨਾਵਾਂ ਆਈਆਂ ਸਾਹਮਣੇ

ਜਲੰਧਰ, 19 ਨਵੰਬਰ (ਜਤਿੰਦਰ ਪੰਮੀ)–ਸੂਬੇ ’ਚ ਝੋਨੇ ਦੀ ਵਾਢੀ ਦਾ ਸੀਜ਼ਨ ਤਕਰੀਬਨ 99 ਫ਼ੀਸਦੀ ਤੋਂ ਵੱਧ ਨਿੱਬੜ ਗਿਆ ਹੈ ਪਰ ਪਰਾਲੀ ਸਾੜਨ ਦਾ ਰੁਝਾਨ ਹਾਲੇ ਵੀ ਜਾਰੀ ਹੈ। ਸੈਟੇਲਾਈਟ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ 18 ਨਵੰਬਰ ਨੂੰ ਸੂਬੇ ’ਚ ਇਕ ਦਿਨ ਅੰਦਰ ਪਰਾਲੀ ਸਾੜਨ ਦੀਆਂ 202 ਘਟਨਾਵਾਂ ਸਾਹਮਣੇ ਆਈਆਂ ਹਨ ਅਤੇ ਕੁੱਲ ਅੰਕੜਾ 6718 ਤੱਕ ਪੁੱਜ ਗਿਆ ਹੈ।

ਜਲੰਧਰ ਜ਼ਿਲ੍ਹੇ ਦੇ ਇਕ ਪਿੰਡ ’ਚ ਖੇਤ ’ਚ ਸਾੜੀ ਗਈ ਪਰਾਲੀ ਦੌਰਾਨ ਉਠਦਾ ਸੰਘਣਾ ਧੂੰਆਂ। ਅਜੀਤ ਤਸਵੀਰ 20-11-2026
ਜਲੰਧਰ, 19 ਨਵੰਬਰ (ਜਤਿੰਦਰ ਪੰਮੀ)–ਸੂਬੇ ’ਚ ਝੋਨੇ ਦੀ ਵਾਢੀ ਦਾ ਸੀਜ਼ਨ ਤਕਰੀਬਨ 99 ਫ਼ੀਸਦੀ ਤੋਂ ਵੱਧ ਨਿੱਬੜ ਗਿਆ ਹੈ ਪਰ ਪਰਾਲੀ ਸਾੜਨ ਦਾ ਰੁਝਾਨ ਹਾਲੇ ਵੀ ਜਾਰੀ ਹੈ। ਸੈਟੇਲਾਈਟ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ 18 ਨਵੰਬਰ ਨੂੰ ਸੂਬੇ ’ਚ ਇਕ ਦਿਨ ਅੰਦਰ ਪਰਾਲੀ ਸਾੜਨ ਦੀਆਂ 202 ਘਟਨਾਵਾਂ ਸਾਹਮਣੇ ਆਈਆਂ ਹਨ ਅਤੇ ਕੁੱਲ ਅੰਕੜਾ 6718 ਤੱਕ ਪੁੱਜ ਗਿਆ ਹੈ। ਓਧਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ ਸਖ਼ਤੀ ਜਾਰੀ ਹੈ ਅਤੇ ਹੁਣ ਤੱਕ 2033 ਕਿਸਾਨਾਂ ਖ਼ਿਲਾਫ਼ ਪਰਾਲੀ ਸਾੜਨ ਲਈ ਜ਼ਿੰਮੇਵਾਰ ਪਾਏ ਜਾਣ ’ਤੇ ਐੱਫ. ਆਈ. ਆਰ. ਦਰਜ ਕਰਵਾਈਆਂ ਜਾ ਚੁੱਕੀਆਂ ਹਨ ਅਤੇ 2361 ਕਿਸਾਨਾਂ ਨੂੰ 1.18 ਕਰੋੜ ਤੋਂ ਵੱਧ ਦਾ ਵਾਤਾਵਰਨ ਮੁਆਵਜ਼ਾ (ਜੁਰਮਾਨਾ) ਲਾਇਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਮਾਲ ਵਿਭਾਗ ਵਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਜ਼ਮੀਨੀ ਰਿਕਾਰਡ ਵਿਚ 2149 ਰੈੱਡ ਐਂਟਰੀਆਂ ਕੀਤੀਆਂ ਜਾ ਚੁੱਕੀਆਂ ਹਨ। ਦੱਸਣਯੋਗ ਹੈ ਕਿ ਪੰਜਾਬ ’ਚ ਇਸ ਸਾਲ 32.87 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਬਿਜਾਈ ਕੀਤੀ ਗਈ ਸੀ, ਜਿਸ ਵਿਚੋਂ ਹੁਣ ਤੱਕ 99.10 ਫੀਸਦੀ ਰਕਬੇ ’ਚੋਂ ਫਸਲ ਵੱਢੀ ਜਾ ਚੁੱਕੀ ਹੈ। ਸੈਟੇਲਾਈਟ ਤੋਂ ਪ੍ਰਾਪਤ ਅੰਕੜਿਆਂ ਮੁਤਾਬਿਕ ਸੂਬੇ ਅੰਦਰ ਖੇਤਾਂ ’ਚ ਪਰਾਲੀ ਸਾੜਨ ਦੀਆਂ ਵਧੇਰੇ ਘਟਨਾਵਾਂ ਨਵੰਬਰ ਵਿਚ ਆਈਆਂ ਹਨ। 15 ਸਤੰਬਰ ਨੂੰ ਸ਼ੁਰੂ ਹੋਏ ਵਾਢੀ ਦੇ ਸੀਜ਼ਨ ਤੋਂ ਲੈ ਕੇ 31 ਅਕਤੂਬਰ ਤੱਕ ਪੰਜਾਬ ’ਚ ਸਿਰਫ਼ 1339 ਥਾਵਾਂ ’ਤੇ ਹੀ ਪਰਾਲੀ ਦੀ ਅੱਗ ਲੱਗੀ ਸੀ। ਇਸ ਦੇ ਉਲਟ ਨਵੰਬਰ ਵਿਚ ਵਾਢੀ ਦੇ ਜ਼ੋਰ ਫੜਨ ਦੇ ਨਾਲ ਹੀ ਪਰਾਲੀ ਸਾੜਨ ਦਾ ਰੁਝਾਨ ਇਕਦਮ ਵੱਧ ਗਿਆ ਅਤੇ 1 ਤੋਂ ਲੈ ਕੇ 18 ਨਵੰਬਰ ਤੱਕ ਸੂਬੇ ’ਚ 5379 ਥਾਵਾਂ ’ਤੇ ਪਰਾਲੀ ਸਾੜੀ ਗਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ’ਚ ਮੌਜੂਦਾ ਸੀਜ਼ਨ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਨੂੰ ਵਧੇਰੇ ਅੱਗ ਲਾਈ ਗਈ ਹੈ। 2025 ਦੀ ਰਿਪੋਰਟ ਮੁਤਾਬਿਕ 18 ਨਵੰਬਰ ਤੱਕ 5018 ਘਟਨਾਵਾਂ ਆਈਆਂ ਸਨ ਜਦੋਂਕਿ ਇਸ ਸਾਲ 1700 ਘਟਨਾਵਾਂ ਵੱਧ ਆਈਆਂ ਹਨ। ਇਸ ਸੰਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਹਰ ਸਾਲ ਦੀ ਤਰ੍ਹਾਂ ਵਾਢੀ ਦੇ ਸੀਜ਼ਨ ਤੋਂ ਪਹਿਲਾਂ ਹੀ ਪਰਾਲੀ ਦੀ ਖੇਤਾਂ ਦੇ ਅੰਦਰ ਤੇ ਬਾਹਰ ਸਾਂਭ-ਸੰਭਾਲ ਕਰਨ ਲਈ ਮਸ਼ੀਨਰੀ ਸਬਸਿਡੀ ’ਤੇ ਮੁਹੱਈਆ ਕਰਵਾਈ ਗਈ ਸੀ। ਇਸ ਤੋਂ ਇਲਾਵਾ ਪਿੰਡਾਂ ’ਚ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਵਾਸਤੇ ਸੈਮੀਨਾਰ ਤੇ ਮੀਟਿੰਗਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ। ਸੂਬੇ ਅੰਦਰ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਅੱਧੀਆਂ ਪੰਜ ਜ਼ਿਲ੍ਹਿਆਂ ’ਚੋਂ ਜੇਕਰ ਪੰਜਾਬ ਦੇ 23 ਜ਼ਿਲ੍ਹਿਆਂ ’ਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਸੂਬੇ ’ਚ 18 ਨਵੰਬਰ ਤੱਕ ਆਏ 6718 ਮਾਮਲਿਆਂ ’ਚੋਂ ਅੱਧੇ ਭਾਵਕਿ 3414 ਮਾਮਲੇ ਸਿਰਫ਼ ਪੰਜ ਜ਼ਿਲ੍ਹਿਆਂ ਨਾਲ ਸੰਬੰਧਤ ਹਨ। ਇਸ ਵਾਰ ਸਭ ਤੋਂ ਵੱਧ ਝੋਨੇ ਦੀ ਪਰਾਲੀ ਨੂੰ ਅੱਗ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ’ਚ ਲਾਈ ਗਈ ਹੈ। ਇਸ ਤੋਂ ਬਾਅਦ ਕ੍ਰਮਵਾਰ ਸੰਗਰੂਰ ’ਚ 771, ਤਰਨਾਤਰਨ ’ਚ 709, ਬਠਿੰਡਾ ’ਚ 617 ਅਤੇ ਪਟਿਆਲਾ ਜ਼ਿਲ੍ਹੇ ’ਚ 434 ਥਾਵਾਂ ’ਤੇ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਾਈ ਗਈ ਹੈ। ਇਸ ਦੇ ਉਲਟ ਕੰਢੀ ਖੇਤਰ ’ਚ ਪੈਂਦੇ ਜ਼ਿਲ੍ਹਿਆਂ ਵਿੱਚ ਪਰਾਲੀ ਨੂੰ ਬਹੁਤ ਘੱਟ ਅੱਗ ਲਾਈ ਗਈ ਹੈ, ਜਿਨ੍ਹਾਂ ਵਿਚ ਹੁਸ਼ਿਆਰਪੁਰ, ਐੱਸ. ਏ. ਐੱਸ. ਨਗਰ, ਐੱਸ. ਬੀ. ਐੱਸ. ਨਗਰ, ਰੂਪਨਗਰ ਅਤੇ ਪਠਾਨਕੋਟ ਸ਼ਾਮਿਲ ਹਨ। ਸੈਟੇਲਾਈਟ ਤੋਂ ਇਲਾਵਾ ਡਰੋਨਾਂ ਨਾਲ ਵੀ ਕੀਤੀ ਗਈ ਨਿਗਰਾਨੀ ਇਸ ਵਾਰ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਵਲੋਂ ਉੱਤਰੀ ਭਾਰਤ ਦੇ 4 ਚਾਰ ਸੂਬਿਆਂ ਨੂੰ ਪਰਾਲੀ ਦੀ ਅੱਗ ਰੋਕਣ ਲਈ ਕੀਤੀਆਂ ਗਈਆਂ ਸਖ਼ਤ ਹਦਾਇਤਾਂ ਤਹਿਤ ਪੰਜਾਬ ਦੇ ਵਧੇਰੇ ਅੱਗ ਲੱਗਣ ਵਾਲੇ 18 ਜ਼ਿਲ੍ਹਿਆਂ ਵਿਚ ਕੇਂਦਰੀ ਪ੍ਰਦੁਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਲਾਈਆਂ ਗਈਆਂ ਸਨ। ਇਸ ਤੋਂ ਇਲਾਵਾ ਸੂਬੇ ’ਚ ਸੈਟੇਲਾਈਟ ਰਾਹੀਂ ਅੱਗ ਦੀਆਂ ਘਟਨਾਵਾਂ ਬਾਰੇ ਮਿਲਣ ਵਾਲੀ ਜਾਣਕਾਰੀ ਤੋਂ ਇਲਾਵਾ ਹਾਟ-ਸਪਾਟ ਵਾਲੇ ਖੇਤਰਾਂ ਵਿੱਚ ਪਰਾਲੀ ਦੀ ਅੱਗ ’ਤੇ ਨਜ਼ਰ ਰੱਖਣ ਲਈ ਸੂਬੇ ਵਿੱਚ 100 ਦੇ ਕਰੀਬ ਡਰੋਨ ਵੀ ਵਰਤੇ ਜਾ ਰਹੇ ਹਨ। ਇਹ ਡਰੋਨ ਸ਼ਾਮ ਵੇਲੇ ਪਿੰਡਾਂ ’ਚ ਟੀਮਾਂ ਵਲੋਂ ਉਡਾਏ ਜਾਂਦੇ ਹਨ ਜਦੋਂ ਸੈਟੇਲਾਈਟ ਬੰਦ ਹੋ ਜਾਂਦਾ ਹੈ। ਇਨ੍ਹਾਂ ਡਰੋਨਾਂ ਰਾਹੀਂ ਵੀ ਪਰਾਲੀ ਦੀ ਅੱਗ ਦੀਆਂ ਕਈ ਘਟਨਾਵਾਂ ਬਾਰੇ ਜਾਣਕਾਰੀ ਮਿਲਣ ’ਤੇ ਟੀਮਾਂ ਵਲੋਂ ਮੌਕੇ ’ਤੇ ਜਾ ਕੇ ਕਾਰਵਾਈ ਕੀਤੀ ਗਈ।
ਪਿਛਲੀ ਖ਼ਬਰ ‘ਇਕ ਦੇਸ਼, ਇਕ ਰਾਸ਼ਨ ਕਾਰਡ’ ਦੇ ਨਾਅਰੇ ਦੇ ਬਾਵਜੂਦ ਡੀਪੂ ਹੋਲਡਰਾਂ ਦਾ ਕਮਿਸ਼ਨ ਪੂਰੇ ਦੇਸ਼ ’ਚ ਵੱਖੋ-ਵੱਖਰਾ ਅਗਲੀ ਖ਼ਬਰ ਸਵੀਪ ਮੁਹਿੰਮ ਤਹਿਤ ਪ੍ਰਸ਼ਨੋਤਰੀ ਅਤੇ ਲੇਖ ਰਚਨਾ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।