16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਮਾਨਸਾ ਜ਼ਿਲ੍ਹੇ ’ਚ ਬੰਦ ਨੂੰ ਮਿਲਿਆ ਮੁਕੰਮਲ ਹੁੰਗਾਰਾ, ਲੋਕ ਆਪ ਮੁਹਾਰੇ ਧਰਨਿਆਂ ’ਚ ਪਹੁੰਚੇ ਬੱਸ ਆਵਾਜਾਈ ਬੰਦ ਰਹੀ, ਨਿੱਜੀ ਸਕੂਲ ਤੇ ਕਾਲਜ ਵੀ ਨਹੀਂ ਖੁੱਲ੍ਹੇ

ਮਾਨਸਾ, 15 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ/ਗੁਰਚੇਤ ਸਿੰਘ ਫੱਤੇਵਾਲੀਆ)- ਐਂਟੀ ਡਰੱਗ ਟਾਸਕ ਫੋਰਸ ਦੇ ਨੌਜਵਾਨ ਆਗੂ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਰੋਸ ਵਜੋਂ ਪੰਜਾਬ ਬੰਦ ਦੇ ਮੱਦੇਨਜ਼ਰ ਮਾਨਸਾ ਜ਼ਿਲ੍ਹੇ ’ਚ ਮੁਕੰਮਲ ਹੁੰਗਾਰਾ ਮਿਲਿਆ। ਕੋਈ ਵੀ ਸਰਕਾਰੀ ਜਾਂ ਨਿੱਜੀ ਬੱਸ ਨਹੀਂ ਚੱਲੀ ਅਤੇ ਦੁਕਾਨਾਂ ਵੀ ਬੰਦ ਰਹੀਆਂ।

ਪਿੰਡ ਬਹਿਣੀਵਾਲ ਵਿਖੇ ਤਲਵੰਡੀ ਸਾਬੋ-ਮਾਨਸਾ ਮੁੱਖ ਸੜਕ ਜਾਮ ਕਰ ਕੇ ਧਰਨੇ ’ਤੇ ਬੈਠੇ ਲੋਕ। ਤਸਵੀਰ : ਲਕਵਿੰਦਰ ਸ਼ਰਮਾ ਬੱਸ ਸਟੈਂਡ ਸਰਦੂਲਗੜ੍ਹ ਨੇੜੇ ਧਰਨੇ ਨੂੰ ਸੰਬੋਧਨ ਕਰਦਾ ਹੋਇਆ ਇਕ ਆਗੂ। ਤਸਵੀਰ : ਜੀ.ਐਮ.ਅਰੋੜਾ ਮਾਨਸਾ ਵਿਖੇ ਬੰਦ ਦੌਰਾਨ ਬੱਸ ਸਟੈਂਡ ’ਚ ਖੜ੍ਹੀਆਂ ਬੱਸਾਂ। ਤਸਵੀਰ : ਸੇਮੀ ਮਾਨਸਾ 16-10-2026

ਮਾਨਸਾ, 15 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ/ਗੁਰਚੇਤ ਸਿੰਘ ਫੱਤੇਵਾਲੀਆ)- ਐਂਟੀ ਡਰੱਗ ਟਾਸਕ ਫੋਰਸ ਦੇ ਨੌਜਵਾਨ ਆਗੂ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਰੋਸ ਵਜੋਂ ਪੰਜਾਬ ਬੰਦ ਦੇ ਮੱਦੇਨਜ਼ਰ ਮਾਨਸਾ ਜ਼ਿਲ੍ਹੇ ’ਚ ਮੁਕੰਮਲ ਹੁੰਗਾਰਾ ਮਿਲਿਆ। ਕੋਈ ਵੀ ਸਰਕਾਰੀ ਜਾਂ ਨਿੱਜੀ ਬੱਸ ਨਹੀਂ ਚੱਲੀ ਅਤੇ ਦੁਕਾਨਾਂ ਵੀ ਬੰਦ ਰਹੀਆਂ। ਸਰਕਾਰੀ ਦਫ਼ਤਰਾਂ ’ਚ ਮੁਲਾਜ਼ਮ ਨਾ-ਮਾਤਰ ਸਨ। ਨਿੱਜੀ ਸਕੂਲ ਤੇ ਕਾਲਜ ਬੰਦ ਸਨ ਜਦਕਿ ਸਰਕਾਰੀ ਸਕੂਲ ਖੁੱਲ੍ਹੇ ਤਾਂ ਰਹੇ ਪਰ ਵਿਦਿਆਰਥੀ ਨਹੀਂ ਪਹੁੰਚੇ। ਵੱਖ-ਵੱਖ ਥਾਵਾਂ ’ਤੇ ਜਥੇਬੰਦੀਆਂ ਵਲੋਂ ਰੋਸ ਧਰਨੇ ਵੀ ਲਗਾਏ ਗਏ, ਜਿੱਥੇ ਵੱਡੀ ਗਿਣਤੀ ’ਚ ਲੋਕ ਆਪ ਮੁਹਾਰੇ ਸ਼ਾਮਿਲ ਹੋਏ। ਇੱਥੋਂ ਤੱਕ ਦੋਧੀ ਵੀ ਸ਼ਹਿਰਾਂ/ਕਸਬਿਆਂ ’ਚ ਦੁੱਧ ਪਾਉਣ ਲਈ ਨਹੀਂ ਪਹੁੰਚੇ, ਜਿਸ ਕਰ ਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਵੱਖ-ਵੱਖ ਥਾਵਾਂ ’ਤੇ ਰੋਸ ਪ੍ਰਗਟਾਵਾ ਕਰਨ ਲਈ ਵੱਖ-ਵੱਖ ਜਥੇਬੰਦੀਆਂ ਵਲੋਂ ਰੈਲੀਆਂ ਕੀਤੀਆਂ ਗਈਆਂ ਅਤੇ ਜਾਮ ਲਗਾਏ ਗਏ। ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਥਾਂ-ਥਾਂ ’ਤੇ ਰੋਕਾਂ ਲਾ ਕੇ ਲੋਕਾਂ ਨੂੰ ਮਾਨਸਾ ਧਰਨੇ ਵਿਚ ਪੁੱਜਣ ਤੋਂ ਰੋਕਿਆ ਅਤੇ ਕਈ ਜ਼ਿਲਿਆਂ ਵਿਚ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੂੰ ਹਿਰਾਸਤ ਵਿਚ ਵੀ ਲਿਆ। ਅੱਜ ਤੋਂ ਖੁੱਲ੍ਹ ਸਕਣਗੀਆਂ ਦੁਕਾਨਾਂ ਤੇ ਕਾਰੋਬਾਰੀ ਅਦਾਰੇ ਐਕਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਬੰਦ ਦਾ ਸੱਦਾ ਅੱਜ ਸ਼ਾਮ 5 ਵਜੇ ਤੱਕ ਹੀ ਸੀ, ਕੱਲ੍ਹ 16 ਅਕਤੂਬਰ ਤੋਂ ਦੁਕਾਨਦਾਰਾਂ ਤੇ ਹੋਰ ਕਾਰੋਬਾਰੀ ਆਪਣਾ ਕੰਮ ਆਮ ਵਾਂਗ ਕਰ ਸਕਣਗੇ ਪਰ ਮਾਨਸਾ ਤਿੰਨਕੋਨੀ ’ਤੇ ਧਰਨਾ ਬਾਦਸਤੂਰ ਜਾਰੀ ਰਹੇਗਾ। ਧਰਨੇ ਨੂੰ ਸੁਖਦਰਸ਼ਨ ਸਿੰਘ ਨੱਤ, ਅਮਨ ਪਟਵਾਰੀ, ਗਗਨ ਸਿਰਸੀਵਾਲਾ , ਰਾਜਵਿੰਦਰ ਸਿੰਘ ਰਾਣਾ, ਧੰਨਾ ਮੱਲ ਗੋਇਲ, ਜਸਬੀਰ ਕੌਰ ਨੱਤ, ਮਾਨਿਕ ਗੋਇਲ, ਕ੍ਰਿਸ਼ਨ ਚੌਹਾਨ, ਮੰਗਾ ਆਜ਼ਾਦ, ਪ੍ਰਸ਼ੋਤਮ ਸਿੰਘ ਗਿੱਲ, ਰਾਮ ਸਿੰਘ ਭੈਣੀਬਾਘਾ, ਲਖਵੀਰ ਸਿੰਘ ਅਕਲੀਆ, ਮਨਪਿੰਦਰ ਸਿੰਘ, ਅਰਪਿਤ ਚੌਧਰੀ, ਮਨਦੀਪ ਸਿੰਘ ਗੋਰਾ, ਹਰਦੀਪ ਸਿੰਘ ਸਿੱਧੂ, ਹਰਿੰਦਰ ਸਿੰਘ ਮਾਨਸ਼ਾਹੀਆ, ਸੁਰਜੀਤ ਸਿੰਘ ਫੂਲ, ਜਗਰੂਪ ਕੌਰ ਕੈਨੇਡਾ, ਅਮ੍ਰਿਤਪਾਲ ਸਿੰਘ, ਮੰਗਾ ਸਿੰਘ ਸਰਪੰਚ ਮਾਖਾ, ਸਰਬਜੀਤ ਸਿੰਘ, ਜਸਬੀਰ ਸਿੰਘ ਹਰੀਕੇ ਪੱਤਣ, ਹੈਪੀ ਮਾਨ, ਗੁਰਸੇਵਕ ਸਿੰਘ ਮਾਨ, ਸੁਖਜੀਤ ਸਿੰਘ ਰਾਮਾਨੰਦੀ, ਬਲਦੇਵ ਸਿੰਘ ਮੰਢਾਲੀ, ਕੁਲਵਿੰਦਰ ਸਿੰਘ ਉੱਡਤ, ਅਨੂਪ ਸਿੰਘ ਖ਼ਾਲਸਾ, ਰਤਨ ਭੋਲਾ, ਮਨਜੀਤ ਸਿੰਘ ਮੀਹਾਂ, ਅਵਤਾਰ ਸਿੰਘ ਜਵਾਹਰਕੇ, ਸੂਬੇਦਾਰ ਦਰਸ਼ਨ ਸਿੰਘ, ਹਰਪਾਲ ਕੌਰ, ਕਾਕਾ ਵੀਰ ਜੀ, ਭੁਪਿੰਦਰ ਸਿੰਘ ਰੂਬੀ, ਲਖਵੀਰ ਸਿੰਘ ਲੱਖਾ ਆਦਿ ਨੇ ਸੰਬੋਧਨ ਕੀਤਾ। ਬੁਢਲਾਡਾ ਸ਼ਹਿਰ ਦੇ ਇਲਾਕਿਆਂ ’ਚ ਵੱਖ-ਵੱਖ ਜਥੇਬੰਦੀਆਂ ਨੇ ਲਗਾਏ ਧਰਨੇ ਬੁਢਲਾਡਾ ਤੋਂ ਸੁਨੀਲ ਮਨਚੰਦਾ ਅਨੁਸਾਰ- ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਨੂੰ ਲੈ ਕੇ ਪਿਛਲੇ ਦਿਨੀਂ ਐਕਸ਼ਨ ਕਮੇਟੀ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦੇ ਤਹਿਤ ਬੁਢਲਾਡਾ ਸ਼ਹਿਰ ਮੁਕੰਮਲ ਬੰਦ ਰਿਹਾ। ਸਥਾਨਕ ਆਈ.ਟੀ.ਆਈ. ਤੇ ਗੁਰੂ ਨਾਨਕ ਕਾਲਜ ਚੌਂਕ ਤੋਂ ਇਲਾਵਾ ਰੇਲਵੇ ਓਵਰ ਬ੍ਰਿਜ ’ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਜਿੱਥੇ ਸੜਕ ਜਾਮ ਕੀਤੀ ਗਈ ਉੱਥੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ’ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਗੜਬੜਾ ਚੁੱਕੀ ਹੈ, ਜਿਸ ਕਾਰਨ ਨਸ਼ੇ ਦੇ ਸੌਦਾਗਰ ਖੁੱਲੇ੍ਹਆਮ ਨਸ਼ਿਆਂ ਦੀ ਸਪਲਾਈ ਨੂੰ ਵੱਡੇ ਪੱਧਰ ’ਤੇ ਨੌਜਵਾਨਾਂ ਤੱਕ ਪਹੁੰਚਾ ਰਹੇ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਦਾ ਵਿਰੋਧ ਕਰਦਾ ਹੈ ਤਾਂ ਇਹ ਲੋਕ ਸ਼ਰੇਆਮ ਗੋਲੀਆਂ ਨਾਲ ਉਨ੍ਹਾਂ ਨੂੰ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਬਣਾਈ ਗਈ ਐਕਸ਼ਨ ਕਮੇਟੀ ਵਲੋਂ ਪ੍ਰਸ਼ਾਸਨ ਨੂੰ ਦਿੱਤੀਆਂ ਮੰਗਾਂ ਸਬੰਧੀ ਸਰਕਾਰ ਤੁਰੰਤ ਅਮਲ ਕਰੇ ਅਤੇ ਇਨ੍ਹਾਂ ਨੂੰ ਲਾਗੂ ਕਰੇ ਤਾਂ ਜੋ ਉਸ ਦੀ ਮ੍ਰਿਤਕ ਦੇਹ ਦਾ ਸੰਸਕਾਰ ਕੀਤਾ ਜਾ ਸਕੇ। ਉੱਧਰ ਦੂਸਰੇ ਪਾਸੇ ਗੁਰੂ ਨਾਨਕ ਕਾਲਜ ਚੌਂਕ ਵਿਖੇ ਵੱਖ-ਵੱਖ ਪਿੰਡਾਂ ਅਤੇ ਹੋਰਨਾਂ ਭਰਾਤਰੀ ਜਥੇਬੰਦੀਆਂ ਵਲੋਂ ਜਿੱਥੇ ਰੋਸ ਪ੍ਰਦਰਸ਼ਨ ਕੀਤਾ ਗਿਆ ਉੱਥੇ ਬਣੇ ਓਵਰ ਬ੍ਰਿਜ ’ਤੇ ਵੀ ਸੜਕੀ ਆਵਾਜਾਈ ਰੋਕ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸੇ ਤਰ੍ਹਾਂ ਬੁਢਲਾਡਾ ਤੇ ਰੇਲਵੇ ਓਵਰ ਬ੍ਰਿਜ ਦੇ ਨਜ਼ਦੀਕ ਨੌਜਵਾਨਾਂ ਵਲੋਂ ਜਿੱਥੇ ਸੜਕੀ ਆਵਾਜਾਈ ਨੂੰ ਬੰਦ ਕਰ ਕੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਕੁਲਦੀਪ ਸਿੰਘ ਚੱਕ ਭਾਈਕੇ, ਅਕਾਲੀ ਇਸਤਰੀ ਆਗੂ ਸੁਖਵਿੰਦਰ ਕੌਰ ਸੁੱਖੀ, ਬਲਵਿੰਦਰ ਸਿੰਘ ਮੰਡੇਰ, ਬਸਪਾ ਆਗੂ ਕੁਲਦੀਪ ਸਿੰਘ ਸਰਦੂਲਗੜ੍ਹ, ਕਿਸਾਨ ਆਗੂ ਤਰਸੇਮ ਸਿੰਘ ਸੇਮਾ, ਮਹਿੰਦਰ ਸਿੰਘ, ਦਰਸ਼ਨ ਸਿੰਘ, ਸਰਦੂਲ ਸਿੰਘ, ਜੱਗਰ ਸਿੰਘ, ਮਹਿੰਦਰ ਸਿੰਘ, ਸੁਖਪਾਲ ਸਿੰਘ, ਮੇਜਰ ਸਿੰਘ ਆਦਿ ਹਾਜ਼ਰ ਸਨ। ਸਰਦੂਲਗੜ੍ਹ ਸ਼ਹਿਰ ਪੂਰਨ ਬੰਦ ਰਿਹਾ ਸਰਦੂਲਗੜ੍ਹ ਤੋਂ ਜੀ.ਐਮ. ਅਰੋੜਾ ਅਨੁਸਾਰ- ਨਸ਼ਿਆਂ ਵਿਰੁੱਧ ਡਟ ਕੇ ਲੜਨ ਵਾਲੇ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਰੋਸ ਵਜੋਂ ਸਰਦੂਲਗੜ੍ਹ ਸ਼ਹਿਰ ਅਤੇ ਨਾਲ ਲੱਗਦੇ ਕਸਬੇ ਅਤੇ ਪਿੰਡਾਂ ’ਚ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ। ਇਲਾਕੇ ਦੀਆਂ ਸਿੱਖ ਸੰਗਤਾਂ ਤੋਂ ਇਲਾਵਾ ਦੁਕਾਨਦਾਰਾਂ, ਵਪਾਰੀਆਂ ਅਤੇ ਮਜ਼ਦੂਰਾਂ ਨੇ ਕਾਰੋਬਾਰ ਬੰਦ ਕਰ ਕੇ ਸਥਾਨਕ ਹਾਈਵੇ ਰੋਡ ’ਤੇ ਲਗਾਏ ਧਰਨੇ ’ਚ ਸ਼ਾਮਿਲ ਹੋ ਕੇ ਪੂਰਨ ਸਹਿਯੋਗ ਦਿੱਤਾ। ਸ਼ਹਿਰ ’ਚ ਪੂਰਨ ਤੌਰ ’ਤੇ ਦੁਕਾਨਾਂ ਬੰਦ ਸਨ ਉੱਥੇ ਅੱਜ ਮੈਡੀਕਲ ਸਟੋਰ ਵੀ ਬੰਦ ਰਹੇ। ਸੰਬੋਧਨ ਕਰਦਿਆਂ ਹਰਜਿੰਦਰ ਸਿੰਘ ਹੰਸ, ਬਲਜਿੰਦਰ ਸਿੰਘ ਖ਼ਾਲਸਾ ਆਦਿ ਆਗੂਆਂ ਨੇ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਕਰਨ ਵਾਲੇ ਵਿਅਕਤੀ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਦੂਜੇ ਪਾਸੇ ਪੰਜਾਬ ਪੁਲਿਸ ਨਸ਼ਾ ਬੰਦ ਕਰਵਾਉਣ ਦੀ ਥਾਂ ਨਸ਼ਾ ਰੋਕਣ ਵਾਲਿਆਂ ਨੂੰ ਬੋਲਣ ਤੋਂ ਰੋਕ ਰਹੀ ਹੈ। ਧਰਨੇ ਨੂੰ ਇਕਬਾਲ ਸਿੰਘ ਅਕਾਲੀ ਦਲ (ਵਾਰਿਸ ਪੰਜਾਬ ਦੇ), ਅਜੀਤਇੰਦਰ ਸਿੰਘ ਮੋਫਰ ਸਾਬਕਾ ਵਿਧਾਇਕ, ਸੁਖਵਿੰਦਰ ਸਿੰਘ ਸੁੱਖਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ), ਕੁਲਦੀਪ ਸਿੰਘ ਸਰਦੂਲਗੜ੍ਹ ਬਸਪਾ ਦੇ ਸੂਬਾ ਸਕੱਤਰ, ਹਰਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਕਾਂਗਰਸ, ਦਰਸ਼ਨ ਸਿੰਘ, ਜਤਿੰਦਰ ਸਿੰਘ ਸੋਢੀ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ (ਬ), ਜਗਜੀਤ ਸਿੰਘ ਮਿਲਖਾ, ਕੁਲਦੀਪ ਸਿੰਘ ਖ਼ਾਲਸਾ, ਕਾ. ਲਾਲ ਚੰਦ ਆਦਿ ਨੇ ਵੀ ਸੰਬੋਧਨ ਕੀਤਾ। ਬਰੇਟਾ ਸ਼ਹਿਰ ’ਚ ਜਥੇਬੰਦੀਆਂ ਵਲੋਂ ਬਰੇਟਾ ਕੈਂਚੀਆਂ ’ਤੇ ਧਰਨਾ ਬਰੇਟਾ ਤੋਂ ਪਾਲ ਸਿੰਘ ਮੰਡੇਰ/ਜੀਵਨ ਸ਼ਰਮਾ ਅਨੁਸਾਰ- ਪਰਵਿੰਦਰ ਸਿੰਘ ਝੋਟੇ ਦੀ ਹੱਤਿਆ ਦੇ ਮਾਮਲੇ ਨੂੰ ਲੈ ਕੇ ਬਰੇਟਾ ਸ਼ਹਿਰ ਮੁਕੰਮਲ ਤੌਰ ’ਤੇ ਬੰਦ ਰਿਹਾ। ਸਵੇਰ ਤੋਂ ਹੀ ਸ਼ਹਿਰ ਦੇ ਸਾਰੇ ਬਾਜ਼ਾਰ, ਦੁਕਾਨਾਂ, ਵਪਾਰਕ ਅਦਾਰੇ ਅਤੇ ਨਿੱਜੀ ਸਕੂਲ ਕਾਲਜ ਬੰਦ ਰਹੇ, ਜਿਸ ਕਾਰਨ ਸ਼ਹਿਰ ’ਚ ਸੁੰਨਸਾਨ ਛਾਈ ਰਹੀ। ਬੰਦ ਦੇ ਸੱਦੇ ਨੂੰ ਸ਼ਹਿਰ ਵਾਸੀਆਂ, ਦੁਕਾਨਦਾਰਾਂ, ਕਿਸਾਨ ਅਤੇ ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਬਰੇਟਾ ਕੈਂਚੀਆਂ ’ਤੇ ਧਰਨਾ ਲਗਾਇਆ ਅਤੇ ਸ਼ਹਿਰ ਵਿਚ ਰੋਸ ਮਾਰਚ ਕੱਢਿਆ। ਉਨ੍ਹਾਂ ਮੰਗ ਕੀਤੀ ਕਿ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਸ਼ਹਿਰ ’ਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਝੁਨੀਰ ’ਚ ਬੰਦ ਨੂੰ ਮੁਕੰਮਲ ਹੁੰਗਾਰਾ ਝੁਨੀਰ ਤੋਂ ਸੰਜੀਵ ਸਿੰਗਲਾ ਅਨੁਸਾਰ- ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ’ਚ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਜਥੇਬੰਦੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਕਸਬਾ ਝੁਨੀਰ ਵਿਖੇ ਮੁਕੰਮਲ ਹੁੰਗਾਰਾ ਮਿਲਿਆ। ਇਸ ਦੌਰਾਨ ਬਾਜ਼ਾਰ ਅਤੇ ਵਪਾਰਕ ਅਦਾਰੇ ਮੁਕੰਮਲ ਤੌਰ ’ਤੇ ਬੰਦ ਰਹੇ। ਵਪਾਰੀ ਜਥੇਬੰਦੀਆਂ ਨੇ ਆਪਣੇ ਕਾਰੋਬਾਰ ਠੱਪ ਕਰ ਕੇ ਅਤੇ ਮੈਡੀਕਲ ਐਸੋਸੀਏਸ਼ਨ ਮਾਨਸਾ ਵਲੋਂ ਵੀ ਮੈਡੀਕਲ ਸਟੋਰ ਬੰਦ ਰੱਖ ਕੇ ਬੰਦ ਦਾ ਸਮਰਥਨ ਕੀਤਾ ਗਿਆ। ਸੰਘਰਸ਼ਕਾਰੀਆਂ ਵਲੋਂ ਸਥਾਨਕ ਮੁੱਖ ਚੌਂਕ ਅਤੇ ਬੱਸ ਸਟੈਂਡ ਵਿਖੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਬੁਲਾਰਿਆਂ ਨੇ ਪਰਵਿੰਦਰ ਸਿੰਘ ਝੋਟੇ ਦੀ ਹੱਤਿਆ ਦੇ ਮਾਮਲੇ ’ਚ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਜਦੋਂ ਤੱਕ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਮਨਜੀਤ ਸਿੰਘ ਉੱਲਕ, ਕਸ਼ਮੀਰ ਸਿੰਘ ਭੰਮੇ, ਅਮਰੀਕ ਸਿੰਘ ਕੋਟਧਰਮੂ, ਗੁਰਮੀਤ ਸਿੰਘ ਨੰਦਗੜ੍ਹ, ਦਰਸ਼ਨ ਸਿੰਘ ਦਾਨੇਵਾਲਾ, ਗੁਰਲਾਲ ਸਿੰਘ ਪੇਰੋਂ, ਅਮਰੀਕ ਸਿੰਘ ਚੋਟੀਆਂ, ਸੁਖਵੰਤ ਸਿੰਘ ਤਲਵੰਡੀ, ਤਰਸੇਮ ਸਿੰਘ ਸਿੱਧੂ ਝੁਨੀਰ, ਕਸ਼ਮੀਰ ਸਿੰਘ ਝੁਨੀਰ, ਵਿਨੋਦ ਸਿੰਗਲਾ, ਅਸ਼ੋਕ ਕੁਮਾਰ ਡਬਲੂ, ਸੰਦੀਪ ਸਿੰਘ ਖ਼ਾਲਸਾ, ਅਮਰੀਕ ਸਿੰਘ ਢਿੱਲੋਂ, ਗੁਰੂ ਘਰ ਕਮੇਟੀ ਦੇ ਪ੍ਰਧਾਨ ਗੁਰਜੰਟ ਸਿੰਘ ਝੁਨੀਰ, ਗੁਰਪ੍ਰੀਤ ਸਿੰਘ ਭੰਮਾ ਆਦਿ ਹਾਜ਼ਰ ਸਨ। ਰਤੀਆ-ਬੋਹਾ-ਬੁਢਲਾਡਾ ਮੁੱਖ ਸੜਕ ’ਤੇ ਧਰਨਾ ਲਗਾਇਆ ਬੋਹਾ ਤੋਂ ਰਮੇਸ਼ ਤਾਂਗੜੀ ਅਨੁਸਾਰ- ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਮਾਮਲੇ ’ਚ ਕਸਬਾ ਬੋਹਾ ਮੁਕੰਮਲ ਬੰਦ ਰਿਹਾ। ਵੱਖ-ਵੱਖ ਧਿਰਾਂ ਵਲੋਂ ਸਥਾਨਕ ਬੱਸ ਸਟੈਂਡ ਕੋਲ ਰਤੀਆ-ਬੋਹਾ-ਬੁਢਲਾਡਾ ਮੁੱਖ ਸੜਕ ’ਤੇ ਧਰਨਾ ਲਗਾ ਕੇ ਪੰਜਾਬ ਸਰਕਾਰ, ਮੁੱਖ ਮੰਤਰੀ ਅਤੇ ਡੀ. ਜੀ. ਪੀ. ਪੰਜਾਬ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ। ਬਾਬਾ ਜਸਵਿੰਦਰ ਸਿੰਘ ਬੋਹਾ ਸਰਪ੍ਰਸਤ ਬਾਬਾ ਦੀਪ ਸਿੰਘ ਆਲ ਇੰਡੀਆ ਗ੍ਰੰਥੀ ਸਭਾ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਪਿਛਲੇ ਕਈ ਸਾਲਾਂ ਤੋਂ ਮਾਨਸਾ, ਮੌੜ, ਬੋਹਾ ਤੇ ਬੁਢਲਾਡਾ ਦੇ ਖੇਤਰਾਂ ’ਚ ਨਸ਼ਿਆਂ ਦੀ ਸ਼ਰੇਆਮ ਵਿੱਕਰੀ ਦਾ ਵਿਰੋਧ ਕਰ ਰਿਹਾ ਸੀ। ਉਸ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾਉਣ ਲਈ ਵੱਡੀ ਮੁਹਿੰਮ ਚਲਾਈ ਹੋਈ ਸੀ। ਝੋਟੇ ਨੇ ਨਸ਼ਿਆਂ ਦੇ ਤਸਕਰਾਂ ਨੂੰ ਰੰਗੇ ਹੱਥੀਂ ਨਸ਼ੇ ਵੇਚਦਿਆਂ ਪੁਲਿਸ ਦੇ ਧਿਆਨ ’ਚ ਲਿਆਂਦਾ ਸੀ। ਉਨ੍ਹਾਂ ਆਖਿਆ ਕਿ ਇਕ ਪਾਸੇ ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਈ ਹੋਈ ਹੈ ਅਤੇ ਦੂਜੇ ਪਾਸੇ ਨਸ਼ਾ ਤਸਕਰਾਂ ਨੂੰ ਸ਼ਹਿ ਦੇ ਕੇ ਝੋਟੇ ਵਰਗੇ ਨਸ਼ਾ ਵਿਰੋਧੀ ਲੋਕਾਂ ਨੂੰ ਡਰਾਇਆ, ਧਮਕਾਇਆ ਜਾ ਰਿਹਾ ਹੈ, ਜੋ ਸਹਿਣਯੋਗ ਨਹੀਂ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਧਰਨਾ ਜਾਰੀ ਰਹੇਗਾ। ਇਸ ਮੌਕੇ ਮਨਦੀਪ ਸਿੰਘ ਮੰਢਾਲੀ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਅਕਾਲੀ ਦਲ (ਵਾਰਿਸ ਪੰਜਾਬ ਦੇ), ਸੁਖਵਿੰਦਰ ਸਿੰਘ ਰਿਉਂਦ, ਸੁਖਵਿੰਦਰ ਸਿੰਘ ਬੋਹਾ, ਮਨਪ੍ਰੀਤ ਸਿੰਘ ਰਿਉਂਦ, ਬਲਵਿੰਦਰ ਸਿੰਘ ਗੱਗੀ ਬੋਹਾ, ਜਗਪਾਲ ਸਿੰਘ ਜੱਗਾ, ਮਾ: ਗੁਰਜੰਟ ਸਿੰਘ ਬੋਹਾ, ਡਾ. ਸੁਖਪਾਲ ਸਿੰਘ ਹਾਕਮਵਾਲਾ, ਰਾਜਵੰਤ ਸਿੰਘ, ਤਰਸੇਮ ਸਿੰਘ ਗਿੱਲ, ਗੁਲਾਬ ਸਿੰਘ ਤਾਲਿਬਵਾਲਾ, ਕੁਲਦੀਪ ਸਿੰਘ ਸਰਦੂਲਗੜ੍ਹ, ਮੇਜਰ ਸਿੰਘ ਸੋਢੀ ਆਦਿ ਹਾਜ਼ਰ ਸਨ। ਭੀਖੀ ਵਿਖੇ ਜ਼ਬਰਦਸਤ ਰੋਸ ਪ੍ਰਦਰਸ਼ਨ ਭੀਖੀ ਤੋਂ ਬਲਕਾਰ ਸਿੰਘ ਸਹੋਤਾ ਅਨੁਸਾਰ- ਕਸਬਾ ਭੀਖੀ ਮੁਕੰਮਲ ਤੌਰ ’ਤੇ ਬੰਦ ਰਿਹਾ। ਕਿਸਾਨ, ਮਜ਼ਦੂਰ ਅਤੇ ਸਿਆਸੀ ਜਥੇਬੰਦੀਆਂ ਦੇ ਕਾਰਕੁਨ ਵਲੋਂ ਸਥਾਨਕ ਬਰਨਾਲਾ ਚੌਂਕ ਵਿਚ ਰੋਸ ਮੁਜ਼ਾਹਰਾ ਕਰ ਕੇ ਪੰਜਾਬ ਸਰਕਾਰ ਨੂੰ ਨਾਲਾਇਕ ਅਤੇ ਲੋਕ ਵਿਰੋਧੀ ਦੱਸਦਿਆਂ ਕਿਹਾ ਕਿ ਸਰਕਾਰ ਸਮਗਲਰਾਂ ਅਤੇ ਗੈਂਗਸਟਰਾਂ ਦੀ ਹੱਥ ਠੋਕਾ ਬਣ ਕੇ ਰਹਿ ਗਈ ਹੈ। ਬੁਲਾਰਿਆਂ ਨੇ ਪਰਮਿੰਦਰ ਸਿੰਘ ਝੋਟੇ ਦੀ ਹੱਤਿਆ ਮਾਮਲੇ ਨੂੰ ਡੂੰਘੀ ਸਾਜ਼ਿਸ਼ ਦੱਸਦਿਆਂ ਕਿਹਾ ਕਿ ਇਹ ਨਸ਼ਾ ਸੌਦਾਗਰਾਂ ਅਤੇ ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਸ ਪਾਸੇ ਸਰਕਾਰ ‘ਯੁੱਧ ਨਸ਼ਿਆਂ ਵਿਰੁੱਧ’ ਅਖੌਤੀ ਮੁਹਿੰਮ ਚਲਾ ਕੇ ਆਪਣੇ ਆਪ ਨੂੰ ਨਸ਼ਾ ਵਿਰੋਧੀ ਦਰਸਾਉਣ ’ਤੇ ਜੁਟੀ ਹੋਈ ਹੈ ਅਤੇ ਦੂਸਰੇ ਪਾਸੇ ਨਸ਼ਾ ਸੌਦਾਗਰਾਂ ਦੀ ਪੁਸ਼ਤ ਪਨਾਹੀ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਸਮੁੱਚੀਆਂ ਜਥੇਬੰਦੀਆਂ ਮਰਹੂਮ ਪਰਮਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਹਿੱਕ ਡਾਹ ਕੇ ਖੜ੍ਹੀਆਂ ਹਨ। ਪਰਿਵਾਰ ਅਤੇ ਐਕਸ਼ਨ ਕਮੇਟੀ ਜੋ ਵੀ ਆਦੇਸ਼ ਦੇਣਗੇ, ਉਸ ਨੂੰ ਪੂਰਨ ਲਈ ਤਨਦੇਹੀ ਨਾਲ ਕੰਮ ਕਰਾਂਗੇ। ਇਸ ਕਤਲ ਪਿੱਛੇ ਛੁਪੇ ਹਰ ਸਾਜ਼ਿਸ਼ੀ ਦਾ ਚਿਹਰਾ ਜਦੋਂ ਤੱਕ ਬੇਨਕਾਬ ਨਹੀ ਹੋ ਜਾਦਾ, ਉਦੋਂ ਤੱਕ ਸੰਘਰਸ਼ ਤੋਂ ਪਿੱਛੇ ਨਹੀ ਹਟਿਆ ਜਾਵੇਗਾ। ਧਰਨੇ ਨੂੰ ਮੱਖਣ ਸਿੰਘ ਸਮਾਓਂ, ਪਰਮਜੀਤ ਸਿੰਘ ਭੀਖੀ, ਰੂਪ ਸਿੰਘ ਢਿੱਲੋਂ, ਮਲਕੀਤ ਸਿੰਘ ਸਮਾਓਂ, ਬਿੱਕਰ ਸਿੰਘ ਮੋਹਰ ਸਿੰਘ ਵਾਲਾ, ਭੋਲਾ ਸਿੰਘ ਸਮਾਓਂ, ਗੁਰਚਰਨ ਸਿੰਘ ਭੀਖੀ, ਜਰਨੈਲ ਸਿੰਘ ਹੋਡਲਾ, ਮਲਕੀਤ ਸਿੰਘ ਮੰਟੂ, ਰਾਵਲ ਸਿੰਘ ਕੋਟੜਾ, ਹਰਭਗਵਾਨ ਸਿੰਘ ਭੀਖੀ, ਭਗਵੰਤ ਸਿੰਘ ਸਮਾਓਂ, ਮਨਪ੍ਰੀਤ ਕੌਰ ਧਲੇਵਾਂ, ਸੁਖਦੇਵ ਸਿੰਘ, ਗਿਆਨ ਚੰਦ ਮੱਤੀ, ਜਗਜੀਤ ਸਿੰਘ ਧਲੇਵਾਂ, ਬਾਬਾ ਗੋਰਾ ਸਿੰਘ ਸਮਾਓਂ, ਬੱਲਮ ਸਿੰਘ ਢੈਪਈ, ਵਿਜੈ ਕੁਮਾਰ ਭੀਖੀ, ਦਿਨੇਸ਼ ਸੋਨੀ, ਗੁਰਤੇਜ ਸਿੰਘ ਖੀਵਾ, ਸੁਖਵਿੰਦਰ ਸਿੰਘ ਮੋਹਰ ਸਿੰਘ ਵਾਲਾ, ਪ੍ਰਗਟ ਸਿੰਘ ਸਮਾਓਂ, ਜਗਸੀਰ ਸਿੰਘ, ਪ੍ਰਿਤਪਾਲ ਸ਼ਰਮਾ, ਪਰਮਪਾਲ ਸਿੰਘ ਗੁੜਥੜੀ ਆਦਿ ਨੇ ਸੰਬੋਧਨ ਕੀਤਾ। ਪਿੰਡ ਬਹਿਣੀਵਾਲ ਵਿਖੇ ਰੋਡ ਜਾਮ ਕਰ ਕੇ ਕੀਤਾ ਰੋਸ ਪ੍ਰਦਰਸ਼ਨ ਜੌੜਕੀਆਂ ਤੋਂ ਲਕਵਿੰਦਰ ਸ਼ਰਮਾ ਅਨੁਸਾਰ- ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਮਾਮਲੇ ’ਚ ਇਨਸਾਫ਼ ਲੈਣ ਲਈ ਪਰਿਵਾਰਕ ਮੈਂਬਰਾਂ ਅਤੇ ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਤੇ ਬੰਦ ਦੇ ਸੱਦੇ ਨੂੰ ਕਸਬੇ ਦੇ ਪਿੰਡਾਂ ’ਚ ਭਰਵਾ ਹੁੰਗਾਰਾ ਮਿਲਿਆ। ਪਿੰਡ ਜੌੜਕੀਆਂ ਤੇ ਬਹਿਣੀਵਾਲ ਦੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖੀਆਂ। ਪਿੰਡ ਬਹਿਣੀਵਾਲ ਦੇ ਬੱਸ ਸਟੈਂਡ ’ਤੇ ਕਈ ਪਿੰਡਾਂ ਦੇ ਲੋਕਾਂ ਨੇ ਨਿਹੰਗ ਸਿੰਘ ਬਾਬਾ ਕੁਲਵਿੰਦਰ ਸਿੰਘ 96 ਕਰੋੜੀ ਤੇ ਗੁਰਵਿੰਦਰ ਸਿੰਘ ਬਹਿਣੀਵਾਲ ਦੀ ਅਗਵਾਈ ’ਚ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਰਿਵਾਰ ਦੀਆਂ ਮੰਗਾਂ ਨੂੰ ਤੁਰੰਤ ਮੰਨ ਕੇ ਉਨ੍ਹਾਂ ਨੂੰ ਇਨਸਾਫ਼ ਦੇਵੇ। ਉਨ੍ਹਾਂ ਕਿਹਾ ਕਿ ਅਸੀਂ ਪਰਿਵਾਰ ਦੇ ਨਾਲ ਹਾਂ ਤੇ ਜਿਵੇਂ ਪਰਿਵਾਰ ਅਗਲੀ ਯੋਜਨਾ ਉਲੀਕੇਗਾ, ਉਸ ਵਿਚ ਠੋਕ ਕੇ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਸੁਖਵਿੰਦਰ ਸਿੰਘ, ਗੁਰਵਿੰਦਰ ਸਿੰਘ, ਮਨਪ੍ਰੀਤ ਸਿੰਘ, ਜਗਦੇਵ ਸਿੰਘ ਫ਼ੌਜੀ, ਬੱਬੀ ਸਿੰਘ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਬਾਰਿਸ਼ ਨਾਲ ਝੋਨੇ ਦੀ ਫ਼ਸਲ ਧਰਤੀ ’ਤੇ ਵਿਛੀ ਝੋਨੇ ਦੀ ਕਟਾਈ ’ਤੇ ਖ਼ਰੀਦ ਹੋਈ ਪ੍ਰਭਾਵਿਤ ਅਗਲੀ ਖ਼ਬਰ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਪੰਜਾਬ ਬੰਦ ਦਾ ਸਮਰਥਨ ਰੋਸ ਮੁਜ਼ਾਹਰਾ ਕਰਕੇ ਦਿੱਤਾ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।