ਡਾ. ਨਿਸ਼ਾਨ ਸਿੰਘ ਦੀ ਸ਼੍ਰੋਮਣੀ ਅਕਾਲੀ ਦਲ ’ਚ ਵਾਪਸੀ ਜ਼ਿਲ੍ਹੇ ਦੀ ਸਿਆਸਤ ’ਚ ਚਰਚਾ ਦਾ ਵਿਸ਼ਾ ਬਣੀ
ਮਾਨਸਾ, 18 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਅਕਾਲੀ ਆਗੂ ਡਾ. ਨਿਸ਼ਾਨ ਸਿੰਘ ਦੀ ਸ਼੍ਰੋਮਣੀ ਅਕਾਲੀ ਦਲ (ਬ) ’ਚ ਵਾਪਸੀ ਜ਼ਿਲ੍ਹੇ ਦੀ ਸਿਆਸਤ ’ਚ ਚਰਚਾ ਦਾ ਵਿਸ਼ਾ ਬਣ ਗਈ ਹੈ।
ਚ
ਚੰਡੀਗੜ੍ਹ ਵਿਖੇ ਡਾ. ਨਿਸ਼ਾਨ ਸਿੰਘ ਨੂੰ ਗਲਵੱਕੜੀ ਪਾਉਣ ਮੌਕੇ ਸੁਖਬੀਰ ਸਿੰਘ ਬਾਦਲ। ਅਜੀਤ ਤਸਵੀਰ
19-11-2026
ਮਾਨਸਾ, 18 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਅਕਾਲੀ ਆਗੂ ਡਾ. ਨਿਸ਼ਾਨ ਸਿੰਘ ਦੀ ਸ਼੍ਰੋਮਣੀ ਅਕਾਲੀ ਦਲ (ਬ) ’ਚ ਵਾਪਸੀ ਜ਼ਿਲ੍ਹੇ ਦੀ ਸਿਆਸਤ ’ਚ ਚਰਚਾ ਦਾ ਵਿਸ਼ਾ ਬਣ ਗਈ ਹੈ। ਕਾਬਲੇ-ਗ਼ੌਰ ਰਹੇ ਕਿ ਉਨ੍ਹਾਂ ਨੂੰ ਕੁਝ ਮਹੀਨੇ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬੁਢਲਾਡਾ ਰੈਲੀ ਦੌਰਾਨ ਪਾਰਟੀ ਦਾ ਉਮੀਦਵਾਰ ਘੋਸ਼ਿਤ ਕਰ ਕੇ ਤੀਸਰੀ ਵਾਰ ਚੋਣ ਲੜਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਅਚਾਨਕ ਉਨ੍ਹਾਂ 2 ਮਹੀਨੇ ਪਹਿਲਾਂ 17 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਅਕਾਲੀ ਦਲ ਦੀ ਸਿਆਸਤ ’ਚ ਖਲਬਲੀ ਹੀ ਨਹੀਂ ਮਚਾਈ ਸੀ ਬਲਕਿ ਮਾਲਵਾ ਖੇਤਰ ਦੇ ਇੱਧਰਲੇ ਜ਼ਿਲ੍ਹਿਆਂ ਦੀ ਰਾਜਨੀਤੀ ’ ਚ ਕਈ ਤਰ੍ਹਾਂ ਦੀਆਂ ਚਰਚਾਵਾਂ ਛੇੜ ਦਿੱਤੀਆਂ ਸਨ। ਅਸਤੀਫ਼ਾ ਦੇਣ ਦਾ ਕਾਰਨ ਉਸ ਵੇਲੇ ਘਰੇਲੂ ਮਜਬੂਰੀ ਤੇ ਆਰਥਿਕਤਾ ਦੱਸਿਆ ਗਿਆ ਸੀ। ਉਨ੍ਹਾਂ ਦੇ ਅਸਤੀਫ਼ੇ ਉਪਰੰਤ ਅਕਾਲੀ ਦਲ ਹਲਕੇ ’ਚੋਂ ਇਕ ਵਾਰ ਯੋਗ ਉਮੀਦਵਾਰ ਤੋਂ ਵਾਂਝਾ ਹੋ ਗਿਆ ਸੀ ਤੇ ਦਰਜਨ ਦੇ ਕਰੀਬ ਅਕਾਲੀ ਦਲ ਦੇ ਵਰਕਰਾਂ ਤੋਂ ਇਲਾਵਾ ਹੋਰ ਪਾਰਟੀਆਂ ਦੇ ਆਗੂ ਸੰਭਾਵੀ ਉਮੀਦਵਾਰ ਤੇ ਹਲਕਾ ਇੰਚਾਰਜ ਬਣਨ ਲਈ ਜੋੜ-ਤੋੜ ਕਰਨ ਲੱਗੇ ਸਨ, ਪਰ ਸੁਖਬੀਰ ਸਿੰਘ ਬਾਦਲ ਨੇ ਰਾਜਨੀਤਿਕ ਦਾਅ ਖੇਡਦਿਆਂ ਅਕਾਲੀ ਦਲ ਨੂੰ ਛੱਡ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਏ ਬਲਵਿੰਦਰ ਸਿੰਘ ਪਟਵਾਰੀ ਨੂੰ ਆਪਣੇ ਗ੍ਰਹਿ ਪਿੰਡ ਬਾਦਲ ਵਿਖੇ ਸਾਥੀਆਂ ਸਮੇਤ ਮੁੜ ਦਲ ’ਚ ਸ਼ਾਮਲ ਕਰ ਕੇ ਹਲਕਾ ਇੰਚਾਰਜ ਥਾਪ ਦਿੱਤਾ ਸੀ ਅਤੇ ਨਾਲ ਹੀ ਬੁਢਲਾਡਾ ਤੋਂ ਚੋਣ ਲੜਨ ਦਾ ਇਸ਼ਾਰਾ ਵੀ ਕਰ ਦਿੱਤਾ ਸੀ। ਪਟਵਾਰੀ ਨੇ ਉਦੋਂ ਤੋਂ ਅਗੇਤੀਆਂ ਚੋਣ ਸਰਗਰਮੀਆਂ ਵਿੱਢੀਆਂ ਹੋਈਆਂ ਹਨ। ਉੱਧਰ ਅੱਜ ਜਦੋਂ ਸੁਖਬੀਰ ਸਿੰਘ ਬਾਦਲ ਦੇ ਚੰਡੀਗੜ੍ਹ ਵਾਲੇ ਗ੍ਰਹਿ ਵਿਖੇ ਡਾ. ਨਿਸ਼ਾਨ ਸਿੰਘ ਦੀ ਗਲਵੱਕੜੀ ਵਾਲੀ ਤਸਵੀਰ ਸਾਹਮਣੇ ਆਈ ਤਾਂ ਸਿਆਸੀ ਹਲਕੇ ਹੈਰਾਨ ਰਹਿ ਗਏ ਤੇ ਅਕਾਲੀ ਦਲ ਦੇ ਮੌਜੂਦਾ ਹਲਕਾ ਇੰਚਾਰਜ ਤੇ ਨੇੜਲਿਆਂ ’ਚ ਵੀ ਘੁਸਰ-ਮੁਸਰ ਸ਼ੁਰੂ ਹੋ ਗਈ। ਉਹ ਪੱਤਰਕਾਰਾਂ ਕੋਲ ਇਹ ਸਵਾਲ ਕਰਦੇ ਰਹੇ ਕਿ ਹੁਣ ਬੁਢਲਾਡਾ ਤੋਂ ਚੋਣ ਕੌਣ ਲੜੇਗਾ ? ਭਰੋਸੇਯੋਗ ਸੂਤਰਾਂ ਦੀ ਮੰਨੀ ਜਾਵੇ ਤਾਂ 17 ਸਤੰਬਰ ਨੂੰ ਡਾ. ਨਿਸ਼ਾਨ ਸਿੰਘ ਦਾ ਅਕਾਲੀ ਦਲ ਨੂੰ ਅਲਵਿਦਾ ਕਹਿਣਾ ਸਾਧਾਰਨ ਗੱਲ ਨਹੀਂ ਸੀ ਬਲਕਿ ਉਨ੍ਹਾਂ ’ਤੇ ਸਟੇਟ ਦਾ ਦਬਾਅ ਹੀ ਐਨਾ ਸੀ ਕਿ ਉਨ੍ਹਾਂ ਨੂੰ ਅਸਤੀਫਾ ਦੇਣ ਵਰਗਾ ਕਦਮ ਪੁੱਟਣਾ ਪਿਆ। ਦੱਸ ਦੇਈਏ ਕਿ ਸੱਤਾਧਾਰੀ ਧਿਰ, ਸ਼੍ਰੋਮਣੀ ਅਕਾਲੀ ਦਲ ਦੇ ਨਿੱਜੀ ਸਰਵਿਆਂ ਤੋਂ ਇਲਾਵਾ ਸਰਕਾਰੀ ਏਜੰਸੀਆਂ ਦੇ ਸਰਵਿਆਂ ’ਚ ਵੀ ਡਾ. ਨਿਸ਼ਾਨ ਸਿੰਘ ਨੂੰ ਜੇਤੂ ਉਮੀਦਵਾਰ ਪਾਇਆ ਜਾਂਦਾ ਸੀ। ਡਾ. ਨਿਸ਼ਾਨ ਸਿੰਘ ਵਲੋਂ ਅਕਾਲੀ ਦਲ ਨੂੰ ਛੱਡਣ ਦੀ ਕਾਰਵਾਈ ਨੇ ਇਕ ਵਾਰ ਤਾਂ ਬੁਢਲਾਡਾ ਹਲਕੇ ਦੇ ਪਾਰਟੀ ਵਰਕਰਾਂ ’ਚ ਨਿਰਾਸ਼ਾ ਹੀ ਨਹੀਂ ਪਾਈ ਸੀ ਸਗੋਂ ਵਿਰੋਧੀਆਂ ਦੇ ਚਿਹਰੇ ਵੀ ਖਿੜਾ ਦਿੱਤੇ ਸਨ ਅਤੇ ਹੁਣ ਉਨ੍ਹਾਂ ਦੀ ਘਰ ਵਾਪਸੀ ਸਿਆਸੀ ਗਲਿਆਰਿਆਂ ’ਚ ਚੁੰਝ ਚਰਚਾ ਬਣ ਗਈ ਹੈ। ‘ਅਜੀਤ’ ਵਲੋਂ ਡਾ. ਨਿਸ਼ਾਨ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਦੇ ਸਨੇਹ ਤੇ ਸਤਿਕਾਰ ਸਦਕਾ ਉਹ ਮੁੜ ਘਰ ਵਾਪਸ ਆਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕਈ ਹੋਰ ਪਾਰਟੀਆਂ ਨੇ ਬੁਢਲਾਡਾ ਤੋਂ ਚੋਣ ਲੜਾਉਣ ਦੀ ਪੇਸ਼ਕਸ਼ ਕੀਤੀ ਸੀ, ਜੋ ਉਨ੍ਹਾਂ ਮਨਜ਼ੂਰ ਨਹੀਂ ਕੀਤੀ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਹਲਕੇ ਤੋਂ ਦਲ ਦੇ ਮੌਜੂਦਾ ਇੰਚਾਰਜ ਬਲਵਿੰਦਰ ਸਿੰਘ ਪਟਵਾਰੀ ਹੀ ਚੋਣ ਲੜਨਗੇ ਅਤੇ ਪਾਰਟੀ ਜੋ ਵੀ ਹੁਕਮ ਮੈਨੂੰ ਕਰੇਗੀ ਉਸ ’ਤੇ ਉਹ ਫੁੱਲ ਚੜ੍ਹਾਵਾਂਗਾ।