ਵੇਰਕਾ/ਅੰਮ੍ਰਿਤਸਰ, 19 ਨਵੰਬਰ (ਲਖਵਿੰਦਰ ਸਿੰਘ)-ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਰਤੀ ਜਨਤਾ ਪਾਰਟੀ ਵਲੋਂ ਕੱਢੀ ਜਾ ਰਹੀ ‘ਸਮਰਸਤਾ ਸੰਕਲਪ ਯਾਤਰਾ’ ਦਾ ਵੇਰਕਾ ਪਹੁੰਚਣ 'ਤੇ ਭਾਜਪਾ ਦੇ ਸਥਾਨਕ ਆਗੂਆਂ ਅਤੇ ਵਰਕਰਾਂ ਵਲੋਂ ਨਿੱਘਾ ਤੇ ਭਰਵਾਂ ਸਵਾਗਤ ਕੀਤਾ ਗਿਆ। ਸਮਾਜਿਕ ਏਕਤਾ, ਆਪਸੀ ਭਾਈਚਾਰੇ ਅਤੇ ਸਮਰਸਤਾ ਦਾ ਸੰਦੇਸ਼ ਦੇਣ ਦੇ ਉਦੇਸ਼ ਨਾਲ ਇਹ ਯਾਤਰਾ ਜਲੰਧਰ ਤੋਂ ਸ਼ੁਰੂ ਕੀਤੀ ਗਈ ਸੀ।
ਵੇਰਕਾ ਵਿਖੇ ਯਾਤਰਾ ਦੇ ਸਵਾਗਤ ਲਈ ਮੰਡਲ ਪ੍ਰਧਾਨ ਕਰਮਬੀਰ ਸਿੰਘ ਕਰਨ ਵੇਰਕਾ, ਮੰਡਲ ਪ੍ਰਭਾਰੀ ਮਨੀਸ਼, ਕੋ-ਕਨਵੀਨਰ ਗੁਰਪ੍ਰਤਾਪ ਸਿੰਘ ਟਿੱਕਾ ਅਤੇ ਅਜੇਬੀਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਇਸ ਮੌਕੇ ਭਾਜਪਾ ਆਗੂ ਗੁਰਪ੍ਰਤਾਪ ਸਿੰਘ ਟਿੱਕਾ ਵਲੋਂ ਯਾਤਰਾ 'ਚ ਸ਼ਾਮਲ ਸੀਨੀਅਰ ਆਗੂ ਰਵੀਕਰਨ ਸਿੰਘ ਕਾਹਲੋਂ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਸਮੇਤ ਹੋਰ ਆਗੂਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਜਲੰਧਰ ਤੋਂ ਆਰੰਭ ਹੋਈ ਇਹ ਯਾਤਰਾ ਮੁਕੇਰੀਆਂ, ਗੁਰਦਾਸਪੁਰ, ਦੀਨਾਨਗਰ ਅਤੇ ਬਟਾਲਾ ਸਮੇਤ ਵੱਖ-ਵੱਖ ਇਲਾਕਿਆਂ ਵਿਚੋਂ ਹੁੰਦੀ ਹੋਈ ਵੇਰਕਾ ਪਹੁੰਚੀ। ਇੱਥੇ ਸਵਾਗਤ ਸਮਾਗਮ ਤੋਂ ਬਾਅਦ ਯਾਤਰਾ ਅੰਮ੍ਰਿਤਸਰ ਸ਼ਹਿਰ ਵੱਲ ਰਵਾਨਾ ਹੋ ਗਈ।
ਯਾਤਰਾ ਦਾ ਆਖਰੀ ਪੜਾਅ ਹਾਲ ਗੇਟ ਨੇੜੇ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਰਿਹਾ, ਜਿੱਥੇ ਪਹੁੰਚ ਕੇ ਸਮੂਹ ਆਗੂਆਂ ਨੇ ਮੱਥਾ ਟੇਕਿਆ ਅਤੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਉਪਰੰਤ ‘ਸਮਰਸਤਾ ਸੰਕਲਪ ਯਾਤਰਾ’ ਦੀ ਸਮਾਪਤੀ ਹੋਈ।