ਕਸਬਾ ਝੁਨੀਰ ’ਚ ਨਜਾਇਜ਼ ਕਬਜ਼ਿਆਂ ਦੀ ਭਰਮਾਰ ਕਾਰਨ ਲੋਕ ਡਾਹਢੇ ਪ੍ਰੇਸ਼ਾਨ
ਝੁਨੀਰ, 19 ਸਤੰਬਰ- ਸਥਾਨਕ ਕਸਬੇ ’ਚ ਨਜਾਇਜ਼ ਕਬਜ਼ਿਆਂ ਦੀ ਭਰਮਾਰ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਦੁਕਾਨਦਾਰਾਂ ਵਲੋਂ ਸਮਾਨ ਦੁਕਾਨਾਂ ਦੀ ਹਦੂਦ ਤੋਂ ਕਿਤੇ ਬਾਹਰ ਜਾ ਕੇ ਸੜਕ ਤੱਕ ਰੱਖਿਆ ਹੋਇਆ ਹੈ ਅਤੇ ਨਜਾਇਜ਼ ਸ਼ੈੱਡ ਵੀ ਬਣਾਏ ਹੋਏ ਹਨ।
ਝ
ਝੁਨੀਰ ਵਿਖੇ ਸਿਰਸਾ-ਮਾਨਸਾ ਮੁੱਖ ਸੜਕ ’ਤੇ ਦੁਕਾਨਦਾਰਾਂ ਵਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਦੀ ਤਸਵੀਰ। ਤਸਵੀਰ : ਸੰਜੀਵ ਸਿੰਗਲਾ
20-09-2026
ਝੁਨੀਰ, 19 ਸਤੰਬਰ- ਸਥਾਨਕ ਕਸਬੇ ’ਚ ਨਜਾਇਜ਼ ਕਬਜ਼ਿਆਂ ਦੀ ਭਰਮਾਰ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਦੁਕਾਨਦਾਰਾਂ ਵਲੋਂ ਸਮਾਨ ਦੁਕਾਨਾਂ ਦੀ ਹਦੂਦ ਤੋਂ ਕਿਤੇ ਬਾਹਰ ਜਾ ਕੇ ਸੜਕ ਤੱਕ ਰੱਖਿਆ ਹੋਇਆ ਹੈ ਅਤੇ ਨਜਾਇਜ਼ ਸ਼ੈੱਡ ਵੀ ਬਣਾਏ ਹੋਏ ਹਨ। ਇੱਥੋਂ ਤੱਕ ਕੁਝ ਦੁਕਾਨਦਾਰਾਂ ਨੇ ਸਿਰਸਾ-ਮਾਨਸਾ ਮੁੱਖ ਸੜਕ ’ਤੇ ਵੀ ਸਮਾਨ ਰੱਖ ਕੇ ਕਬਜ਼ੇ ਕੀਤੇ ਹੋਏ ਹਨ। ਅਜਿਹਾ ਹੋਣ ਨਾਲ ਖ਼ਰੀਦਦਾਰੀ ਕਰਨ ਲਈ ਆਉਣ ਵਾਲੇ ਲੋਕਾਂ ਨੂੰ ਆਪਣੇ ਵਾਹਨ ਸੜਕ ’ਤੇ ਖੜ੍ਹੇ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ, ਜਿਸ ਕਾਰਨ ਆਵਾਜਾਈ ’ਚ ਵਿਘਨ ਪੈਣ ਦੇ ਨਾਲ ਹੀ ਹਾਦਸੇ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਨਜਾਇਜ਼ ਕਬਜ਼ਿਆਂ ਵੱਲ ਪੁਲਿਸ ਦਾ ਕੋਈ ਧਿਆਨ ਨਹੀਂ ਲੋਕਾਂ ਦਾ ਆਖਣਾ ਹੈ ਕਿ ਇਸ ਮਸਲੇ ਵੱਲ ਪੁਲਿਸ ਪ੍ਰਸ਼ਾਸਨ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਜ਼ਰੂਰੀ ਸਮਾਨ ਖ਼ਰੀਦਣ ਲਈ ਕੁਝ ਮਿੰਟ ਵਾਹਨ ਸੜਕ ’ਤੇ ਖੜ੍ਹਾ ਕਰੇ ਤਾਂ ਪੁਲਿਸ ਵਲੋਂ ਚਲਾਨ ਕਰ ਦਿੱਤਾ ਜਾਂਦਾ ਹੈ ਪਰ ਸੜਕਾਂ ’ਤੇ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਨਜਾਇਜ਼ ਕਬਜ਼ਿਆਂ ਵੱਲ ਕਦੋਂ ਧਿਆਨ ਦਿੱਤਾ ਜਾਵੇਗਾ? ਇਸੇ ਤਰ੍ਹਾਂ ਬੋਹਾ ਰੋਡ ਨੂੰ ਜਾਣ ਵਾਲੀ ਸੜਕ ’ਤੇ ਕਬਜ਼ਿਆਂ ਕਾਰਨ ਅਕਸਰ ਆਵਾਜਾਈ ਪ੍ਰਭਾਵਿਤ ਹੋਣ ਕਰ ਕੇ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ। ਇਹ ਮਾਮਲਾ ਮੀਡੀਆ ਰਾਹੀਂ ਕਈ ਵਾਰ ਥਾਣਾ ਝੁਨੀਰ ਦੇ ਐਸ. ਐਚ. ਓ. ਅਤੇ ਡੀ. ਐਸ. ਪੀ. ਸਰਦੂਲਗੜ੍ਹ ਦੇ ਧਿਆਨ ’ਚ ਵੀ ਲਿਆਂਦਾ ਜਾ ਚੁੱਕਾ ਹੈ ਪਰ ਹਾਲੇ ਤੱਕ ਕੋਈ ਯੋਗ ਕਾਰਵਾਈ ਨਹੀਂ ਕੀਤੀ ਗਈ। ਲੋਕਾਂ ਵਲੋਂ ਨਜਾਇਜ਼ ਕਬਜ਼ੇ ਹਟਾਉਣ ਦੀ ਮੰਗ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਸਬੰਧਿਤ ਮਹਿਕਮੇ ਤੋਂ ਮੰਗ ਕੀਤੀ ਹੈ ਕਿ ਝੁਨੀਰ ਦੇ ਮੁੱਖ ਮਾਰਗਾਂ ਅਤੇ ਗਲੀਆਂ ਵਿਚ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਪਹਿਲ ਦੇ ਆਧਾਰ ’ਤੇ ਹਟਵਾਇਆ ਜਾਵੇ ਤਾਂ ਜੋ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਰਾਹਤ ਮਿਲ ਸਕੇ ਅਤੇ ਹਾਦਸਿਆਂ ਦਾ ਖ਼ਤਰਾ ਟਲ ਸਕੇ। ਕੀ ਕਹਿਣਾ ਹੈ ਥਾਣਾ ਮੁਖੀ ਤੇ ਬੀ.ਡੀ.ਪੀ.ਓ. ਦਾ ਇਸ ਸਬੰਧੀ ਥਾਣਾ ਮੁਖੀ ਝੁਨੀਰ ਭੁਪਿੰਦਰਜੀਤ ਸਿੰਘ ਨੇ ਕਿਹਾ ਕਿ ਜਿਹੜੇ ਦੁਕਾਨਦਾਰਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਉਨ੍ਹਾਂ ਨੂੰ ਵਾਰ-ਵਾਰ ਕਬਜ਼ੇ ਹਟਵਾਉਣ ਲਈ ਕਹਿ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਇਹ ਕੰਮ ਬੀ.ਡੀ.ਪੀ.ਓ. ਦਾ ਹੈ। ਜੇਕਰ ਬੀ.ਡੀ.ਪੀ.ਓ. ਸਾਨੂੰ ਲਿਖ ਕੇ ਦੇਵੇਗਾ ਤਾਂ ਅਸੀਂ ਮੁਲਾਜ਼ਮ ਭੇਜ ਕੇ ਇਹ ਸਾਰੇ ਕਬਜ਼ੇ ਹਟਾ ਦੇਵਾਂਗੇ ਅਤੇ ਆਪਣੇ ਤੌਰ ’ਤੇ ਵੀ ਦੁਕਾਨਦਾਰਾਂ ਨੂੰ ਕਬਜ਼ੇ ਹਟਾਉਣ ਲਈ ਕਿਹਾ ਜਾਵੇਗਾ। ਉੱਧਰ ਦੂਸਰੇ ਪਾਸੇ ਜਦੋਂ ਇਸ ਸਬੰਧੀ ਬੀ.ਡੀ.ਪੀ.ਓ. ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਅੱਜ ਕਿਸੇ ਕੰਮ ’ਚ ਰੁੱਝੇ ਹੋਣ ਦਾ ਕਹਿ ਕੇ ਟਾਲ਼ਾ ਵੱਟ ਲਿਆ।