ਲਾਡੋਵਾਲ, 19 ਨਵੰਬਰ (ਬਲਬੀਰ ਸਿੰਘ ਰਾਣਾ)- ਜੀ. ਏ. ਡੀ. ਅਕੈਡਮੀ ਲਾਦੀਆਂ ਖੁਰਦ ਵੱਲੋਂ ਦੋ ਰੋਜਾ ਸਾਲਾਨਾ ਖੇਡ ਮੇਲਾ ਬੜੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ, ਜਿਸ ਪਹਿਲੇ ਦਿਨ ਦੀ ਸ਼ੁਰੂਆਤ ਬੜੇ ਜੋਸ਼ੋਫਰੋਕ,ਉਤਸ਼ਾਹ ਤੇ ਖੇਡ ਭਾਵਨਾ ਨਾਲ ਕੀਤੀ ਗਈ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸੂਰਜ ਮਨਚੰਦਾ ਐਕਸੀਅਨ ਗਲਾਡਾ, ਮੈਡਮ ਨੀਰਜਾ ਮਨਚੰਦਾ ਅਤੇ ਰਾਜੀਵ ਸ਼ਰਮਾ (ਮੈਂਬਰ, ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਲੁਧਿਆਣਾ ਅਤੇ ਪੰਜਾਬ ਐਥਲੈਟਿਕਸ ਐਸੋਸੀਏਸ਼ਨ) ਨੇ ਸਾਂਝੀ ਤੌਰ ਤੇ ਸ਼ਿਰਕਤ ਕਰਕੇ ਸਮਾਗਮ ਦੀ ਸ਼ੋਭਾ ਵਧਾਈ। ਇਸ ਮੌਕੇ ਗੱਲਬਾਤ ਕਰਦਿਆਂ ਮੈਨੇਜਿੰਗ ਡਾਇਰੈਕਟਰ ਹਰਗੁਲਾਬ ਸਿੰਘ ਅਤੇ ਚੇਅਰਮੈਨ ਪਰਮਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲੇ ਦਿਨ ਦੀ ਸ਼ੁਰੂਆਤ ਇਕ ਸ਼ਾਨਦਾਰ ਮਾਰਚ-ਪਾਸਟ ਨਾਲ ਹੋਈ, ਜਿਸ ਤੋਂ ਬਾਅਦ ਏਕਤਾ, ਦ੍ਰਿੜ੍ਹ ਇਰਾਦੇ ਅਤੇ ਨਿਰਪੱਖ ਖੇਡ ਭਾਵਨਾ ਦੇ ਪ੍ਰਤੀਕ ਵਜੋਂ ਖੇਡ ਮਸ਼ਾਲ ਜਗਾਈ ਗਈ, ਇਸ ਮੌਕੇ ਸਹੁੰ ਵੀ ਚੁਕਾਈ ਗਈ। ਉਨਾਂ ਦੱਸਿਆ ਕਿ ਵੱਖ-ਵੱਖ ਇਸ ਖੇਡ ਮੇਲੇ ਦੌਰਾਨ ਦਿਲਚਸਪ ਖੇਡ ਮੁਕਾਬਲੇ ਕਰਵਾਏ ਗਏ , ਜਿਨ੍ਹਾਂ ਵਿਚ ਨਿੰਬੂ ਦੌੜ, ਗੁਬਾਰਾ ਦੌੜ, ਕੋਨ ਬੈਲੇਂਸਿੰਗ ਦੌੜ, ਡੱਡੂ ਦੌੜ, ਜ਼ਿੱਗ-ਜ਼ੈਗ ਦੌੜ, 100-ਮੀਟਰ ਦੌੜ ਅਤੇ ਛਾਲ ਮਾਰਨ ਆਦਿ ਦੇ ਮੁਕਾਬਲੇ ਸ਼ਾਮਲ ਸਨ। ਇਸ ਮੌਕੇ ਪ੍ਰਿੰਸੀਪਲ ਸੁਨੀਤਾ ਕੁਮਾਰੀ ਨੇ ਕਿਹਾ ਕਿ ਖੇਡਾਂ ਸਾਡੇ ਸਰੀਰ ਨੂੰ ਨਵੀਂ ਊਰਜਾ ਦਿੰਦੀਆਂ ਹਨ ਜਿਸ ਨਾਲ ਬੱਚੇ ਆਪਣੇ ਸਰੀਰ ਨੂੰ ਤਾਕਤ ਭਰਪੂਰ ਬਣਾਉਂਦੇ ਹਨ । ਉਨ੍ਹਾਂ ਬੱਚਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੱਚੇ ਅਜਿਹੇ ਖੇਡ ਮੇਲਿਆਂ ਵਿਚ ਪੂਰੇ ਆਤਮ-ਵਿਸ਼ਵਾਸ ਅਤੇ ਉਤਸ਼ਾਹ ਨਾਲ ਭਾਗ ਲੈਣ ਤਾਂ ਜੋ ਉਹ ਆਪਣਾ, ਮਾਪਿਆਂ ਤੇ ਸਕੂਲ ਦਾ ਨਾਮ ਰੌਸ਼ਨ ਕਰ ਸਕਣ । ਇਸ ਮੌਕੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦਾ ਸਕੂਲ ਵਲੋਂ ਸਨਮਾਨ ਚਿੰਨ ਭੇਟ ਕਰਕੇ ਸਨਮਾਨ ਵੀ ਕੀਤਾ ਗਿਆ।