ਕਟਾਰੀਆਂ, 12 ਸਤੰਬਰ (ਪ੍ਰੇਮੀ ਸੰਧਵਾਂ)-ਡਾ. ਬੀ. ਆਰ ਅੰਬੇਡਕਰ ਦੀ ਵਿਚਾਰਧਾਰਾ ’ਤੇ ਸਦਾ ਹੀ ਪਹਿਰਾ ਦੇਣ ਵਾਲੇ ਸਮਾਜ ਸੇਵੀ ਮਨਜੀਤ ਸਿੰਘ ਐਡਵੋਕੇਟ ਫਰਾਲਾ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੱਬੇ ਕੁਚਲੇ ਤੇ ਸਦੀਆਂ ਤੋਂ ਲਤਾੜੇ ਦਲਿਤ ਕੌਮ ਦੇ ਲੋਕਾਂ ਨੂੰ ਗੁਲਾਮੀ ਦੀਆਂ ਬੰਦਿਸ਼ਾਂ ਵਿਚੋਂ ਬਾਹਰ ਕੱਢ ਕੇ ਉਨ੍ਹਾਂ ਨੂੰ ਬਰਾਬਰਤਾ ਦੇ ਹੱਕ ਦਿਵਾਉਣਾ ਬਾਬਾ ਸਾਹਿਬ ਦੀ ਨਿਡਰ ਸੋਚ ਦੀ ਦੇਣ ਹੈ ਕਿਉਂਕਿ ਧਰਮ ਦੇ ਠੇਕੇਦਾਰ ਦਲਿਤ ਸਮਾਜ ਨਾਲ ਬਹੁਤ ਹੀ ਬੁਰਾ ਵਰਤਾਓ ਕਰਦੇ ਸਨ। ਉਨ੍ਹਾਂ ਕਿਹਾ ਕਿ ਜਦੋਂ ਬਾਬਾ ਸਾਹਿਬ ਤੋਂ ਦਲਿਤ ਸਮਾਜ ’ਤੇ ਹੁੰਦੇ ਜੁਲਮਾਂ ਦਾ ਦਰਦ ਨਾ ਝੱਲਿਆ ਗਿਆ ਤਾਂ ਉਨ੍ਹਾਂ ਨੇ ਦੁਨੀਆ ਦੇ ਸਭ ਤੋਂ ਵੱਡੇ ਸੰਵਿਧਾਨ ਦੀ ਰਚਨਾ ਕਰਕੇ ਹਰ ਵਰਗ ਦੇ ਗਰੀਬ ਲੋਕਾਂ ਨੂੰ ਬਰਾਬਰਤਾ ਦੇ ਉਹ ਹੱਕ ਦਿਵਾਏ ਜੋ ਅੱਜ ਤੱਕ ਕੋਈ ਹੋਰ ਨਹੀਂ ਦਿਵਾ ਸਕਿਆ। ਉਨ੍ਹਾਂ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੀ ਨਿਡਰ ਸੋਚ ’ਤੇ ਡਟ ਕੇ ਪਹਿਰਾ ਦੇਣਾ ਚਾਹੀਦਾ ਹੈ।