ਰਾਜਪੁਰਾ ਰੇਲਵੇ ਲਾਈਨ ਧਮਾਕਾ
ਰਾਜਪੁਰਾ, 18 ਨਵੰਬਰ (ਜੀ.ਪੀ. ਸਿੰਘ)-ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਸ਼ੰਭੂ-ਰਾਜਪੁਰਾ ਰੇਲਵੇ ਲਾਈਨ ਬੰਬ ਧਮਾਕੇ ਦੇ ਮਾਮਲੇ ਵਿਚ ਇਕ ਵੱਡੀ ਕਾਰਵਾਈ ਕਰਦਿਆਂ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ (ਕੇ.ਜੀ.ਐੱਫ.) ਦੇ ਸਮਰਥਕ ਸੁਰਿੰਦਰ ਸਿੰਘ ਉਰਫ਼ ਠੀਕਰੀਵਾਲ ਨੂੰ ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਤੋਂ ਬਾਅਦ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ । ਮੁਲਜ਼ਮ ਨੂੰ ਅਮਰੀਕੀ ਅਧਿਕਾਰੀਆਂ ਵਲੋਂ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਅਮਰੀਕੀ ਸਰਕਾਰ ਦੇ ਤਾਲਮੇਲ ਨਾਲ ਭਾਰਤ ਡਿਪੋਰਟ ਕੀਤਾ ਗਿਆ । ਇਹ ਗ੍ਰਿਫ਼ਤਾਰੀ 27 ਅਪ੍ਰੈਲ 2026 ਨੂੰ ਸ਼ੰਭੂ ਅਤੇ ਰਾਜਪੁਰਾ ਸਟੇਸ਼ਨਾਂ ਵਿਚਕਾਰ ਡੈਡੀਕੇਟਿਡ ਫਰੇਟ ਕੋਰੀਡੋਰ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ (ਡੀ.ਐੱਫ.ਸੀ.ਸੀ.ਆਈ.ਐੱਲ.) ਦੀ ਰੇਲਵੇ ਲਾਈਨ ’ਤੇ ਧਮਾਕੇ ਦੇ ਸੰਬੰਧ ਵਿਚ ਕੀਤੀ ਗਈ ਹੈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਘਟਨਾ ਤੋਂ ਬਾਅਦ ਮੁਲਜ਼ਮ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਇਕ ਵੀਡੀਓ ਪੋਸਟ ਕਰਕੇ ਧਮਾਕੇ ਦੀ ਸ਼ਲਾਘਾ ਤੇ ਸਮਰਥਨ ਕੀਤਾ ਸੀ ਤੇ ਇਸ ਸਾਜ਼ਿਸ਼ ਪਿੱਛੇ ਸ਼ਾਮਿਲ ਮੁਲਜ਼ਮਾਂ (ਜਿਨ੍ਹਾਂ ਵਿਚ ਧਮਾਕੇ ਦੌਰਾਨ ਮਾਰਿਆ ਗਿਆ ਜਗਰੂਪ ਸਿੰਘ ਵੀ ਸ਼ਾਮਿਲ ਸੀ) ਦਾ ਪੱਖ ਪੂਰਿਆ ਸੀ । ਇਸ ਵੀਡੀਓ ਵਿਚ ਉਸ ਨੇ ਨਾਮਜ਼ਦ ਖਾੜਕੂ ਰਣਜੀਤ ਸਿੰਘ ਉਰਫ਼ ਨੀਟਾ ਨੂੰ ਕੌਮ ਦਾ ਜਰਨੈਲ ਦੱਸਿਆ ਸੀ। ਐੱਨ.ਆਈ.ਏ. ਵਲੋਂ ਜਾਂਚ ਦੌਰਾਨ ਮੁਲਜ਼ਮ ਖ਼ਿਲਾਫ਼ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ ਤੇ ਉਸ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ । ਇਸ ਗ੍ਰਿਫ਼ਤਾਰੀ ਨਾਲ ਰਾਜਪੁਰਾ-ਸ਼ੰਭੂ ਧਮਾਕੇ ਦੇ ਮਾਮਲੇ ਵਿਚ ਹੁਣ ਤੱਕ ਕੁਲ ਅੱਠ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਤੇ ਵਿਦੇਸ਼ਾਂ ਵਿਚ ਬੈਠੇ ਅੱਤਵਾਦੀਆਂ ਦੇ ਨੈੱਟਵਰਕ, ਫੰਡਿੰਗ ਅਤੇ ਢਾਂਚੇ ਨੂੰ ਤੋੜਨ ਲਈ ਏਜੰਸੀ ਦੀ ਅੱਗੇ ਲਈ ਜਾਂਚ ਜਾਰੀ ਹੈ ।