ਸਿੰਧ ਦੀ ਜ਼ਬਰਦਸਤੀ ਵੰਡ ਹੋਈ ਤਾਂ ਕਰਾਚੀ ਦੀਆਂ ਸੜਕਾਂ ’ਤੇ ਵਹੇਗਾ ਖ਼ੂਨ-ਬਿਲਾਵਲ ਭੁੱਟੋ
ਸੁਰਿੰਦਰ ਕੋਛੜ
ਅੰਮ੍ਰਿਤਸਰ, 18 ਨਵੰਬਰ -ਪਾਕਿਸਤਾਨ ’ਚ ਨਵੇਂ ਸੂਬੇ ਬਣਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੌਰਾਨ ਪਾਕਿ ’ਚ ਘਰੇਲੂ ਯੁੱਧ ਵਰਗੀ ਸਥਿਤੀ ਬਣਦੀ ਜਾ ਰਹੀ ਹੈ । ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ’ਚ ਸ਼ਾਮਿਲ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਸਿੰਧ ਸੂਬੇ ਨੂੰ ਉੱਥੋਂ ਦੇ ਲੋਕਾਂ ਦੀ ਇੱਛਾ ਦੇ ਵਿਰੁੱਧ ਵੰਡਣ ਦੀ ਕੋਈ ਵੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੇ ਨਤੀਜੇ ਵਜੋਂ ਖ਼ੂਨ-ਖ਼ਰਾਬਾ ਹੋਵੇਗਾ । ਕਰਾਚੀ ਪ੍ਰੈੱਸ ਕਲੱਬ ਵਿਖੇ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਬਿਲਾਵਲ ਭੁੱਟੋ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਤਾਕਤ ਦੇ ਜ਼ੋਰ ’ਤੇ ਜਾਂ ਲੋਕਾਂ ਦੀ ਮਰਜ਼ੀ ਦੇ ਖ਼ਿਲਾਫ਼ ਨਵੇਂ ਸੂਬੇ ਬਣਾਉਣ ਦਾ ਸਖ਼ਤ ਵਿਰੋਧ ਕਰਦੀ ਹੈ । ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਿੰਧ ਦੀ ਵੰਡ ਜ਼ਬਰਦਸਤੀ ਕੀਤੀ ਗਈ ਤਾਂ ਇਸ ਲਈ ਜ਼ਿੰਮੇਵਾਰ ਲੋਕਾਂ ਤੋਂ ਜਵਾਬ ਮੰਗਿਆ ਜਾਵੇਗਾ । ਬਿਲਾਵਲ ਅਨੁਸਾਰ ਇਸ ਦੇ ਮਾੜੇ ਨਤੀਜੇ ਸਿਰਫ਼ ਕਰਾਚੀ ਤੱਕ ਸੀਮਤ ਨਹੀਂ ਰਹਿਣਗੇ, ਸਗੋਂ ਹੈਦਰਾਬਾਦ, ਮੀਰਪੁਰ ਖ਼ਾਸ, ਟੰਡੋ ਅੱਲ੍ਹਾਯਾਰ ਤੇ ਨਵਾਬਸ਼ਾਹ ਤੱਕ ਵੀ ਫੈਲ ਸਕਦੇ ਹਨ । ਬਿਲਾਵਲ ਭੁੱਟੋ ਨੇ ਕਿਹਾ ਕਿ ਦੇਸ਼ ਭਰ ’ਚ ਨਵੇਂ ਸੂਬੇ ਬਣਾਉਣ ਨੂੰ ਲੈ ਕੇ ਇਕ ਬੇਲੋੜੀ ਤੇ ਬਨਾਵਟੀ ਬਹਿਸ ਛੇੜੀ ਜਾ ਰਹੀ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦਾ ਜ਼ਿਕਰ ਕਰਦਿਆਂ ਬਿਲਾਵਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੋਲ ਘੱਟੋ-ਘੱਟ ਆਪਣੇ ਮੰਤਰੀਆਂ ਨੂੰ ਕਾਬੂ ’ਚ ਰੱਖਣ ਦਾ ਅਧਿਕਾਰ ਤਾਂ ਹੋਣਾ ਹੀ ਚਾਹੀਦਾ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਪ੍ਰਧਾਨ ਮੰਤਰੀ ਆਪਣੇ ਹੀ ਮੰਤਰੀ ਨੂੰ ਕਾਬੂ ਨਹੀਂ ਕਰ ਪਾ ਰਹੇ, ਇਸੇ ਲਈ ਸਿਸਟਮ ਤਬਾਹੀ ਵੱਲ ਵਧ ਰਿਹਾ ਹੈ ।