ਚੰਡੀਗੜ੍ਹ, 18 ਨਵੰਬਰ (ਅਜੀਤ ਬਿਊਰੋ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪੰਜਾਬ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਭਾਜਪਾ ਪ੍ਰਧਾਨ ਨਿਤਿਨ ਨਬੀਨ ਦੇ ਪੰਜਾਬ ਦੌਰੇ ਨੂੰ ਲੈ ਕੇ ਤਿੱਖੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਭਾਜਪਾ ਆਗੂ ਪੰਜਾਬ ਆ ਕੇ ਬੇਤੁਕੇ ਬਿਆਨ ਦੇ ਰਹੇ ਹਨ, ਜਦਕਿ ਨਿਤਿਨ ਨਬੀਨ ਇਹ ਜਵਾਬ ਦੇਣ ਕਿ ਗੁਜਰਾਤ ਦੀ ਪੋਰਟ ਤੋਂ ਜਿਹੜਾ ਨਸ਼ਾ ਇਸ ਵੇਲੇ ਆ ਰਿਹਾ ਹੈ ਤੇ ਪੂਰੇ ਮੁਲਕ ਸਮੇਤ ਪੰਜਾਬ ਵਿਚ ਫੈਲ ਰਿਹਾ ਹੈ, ਉਸ ਨੂੰ ਰੋਕਣ ਲਈ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਕੀ ਕੁੱਝ ਕੀਤਾ ਹੈ ? ਬਲਤੇਜ ਪੰਨੂ ਨੇ ਅੱਗੇ ਸਵਾਲ ਕਰਦਿਆਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦਾ ਨਸ਼ੇ ਨਾਲ ਸੰਬੰਧਿਤ ਜਿਹੜਾ ਕੇਸ ਈ.ਡੀ. ਨੂੰ ਭੇਜਿਆ ਗਿਆ ਸੀ, ਉਸ ਮਾਮਲੇ ’ਤੇ ਕੇਂਦਰ ਦੀ ਸਰਕਾਰ ਨੇ ਅਜੇ ਤੱਕ ਈ.ਡੀ. ਨੂੰ ਕੋਈ ਕਾਰਵਾਈ ਕਰਨ ਦੇ ਹੁਕਮ ਕਿਉਂ ਨਹੀਂ ਦਿੱਤੇ ? ਇਸ ਦਾ ਜਵਾਬ ਨਿਤਿਨ ਨਬੀਨ ਨੂੰ ਪੰਜਾਬ ਆ ਕੇ ਦੇਣਾ ਚਾਹੀਦਾ ਸੀ । ਉਨ੍ਹਾਂ ਕਿਹਾ ਕਿ ਗੁਜਰਾਤ ਅੱਜ ਗੈਂਗਸਟਰਾਂ ਦੀ ਪਨਾਹਗਾਹ ਵਜੋਂ ਉੱਭਰਿਆ ਹੈ, ਪਰ ਭਾਜਪਾ ਆਗੂ ਇਸ ਗੰਭੀਰ ਮੁੱਦੇ ’ਤੇ ਕਿਉਂ ਨਹੀਂ ਬੋਲ ਰਹੇ । ਉਨ੍ਹਾਂ ਕਿਹਾ ਕਿ ਅਸਲ ਵਿਚ ਇਸ ਵੇਲੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸਿਰਫ਼ ਪੰਜਾਬ ਸਰਕਾਰ ਵਲੋਂ ਤੇ ਲੋਕਾਂ ਦੇ ਸਹਿਯੋਗ ਨਾਲ ਪੂਰੀ ਤਨਦੇਹੀ ਨਾਲ ਲੜੀ ਜਾ ਰਹੀ ਹੈ । ਇਸੇ ਗੱਲ ਤੋਂ ਘਬਰਾ ਕੇ ਭਾਜਪਾ ਨੇ ਜਿਹੜੀ ਯਾਤਰਾ ਕੱਢਣ ਦੀ ਕੋਸ਼ਿਸ਼ ਕੀਤੀ ਸੀ, ਉਹ ਨਸ਼ੇ ਦੇ ਮਾਮਲੇ ਵਿਚ ਪੂਰੀ ਤਰ੍ਹਾਂ ਸੁਪਰ ਫਲਾਪ ਸਾਬਤ ਹੋਈ ਹੈ । ਇਸੇ ਬੁਖਲਾਹਟ ਦੇ ਚੱਲਦਿਆਂ ਹੀ ਭਾਜਪਾ ਆਗੂ ਪੰਜਾਬ ਸਰਕਾਰ ਦੇ ਉਤੇ ਬੇਬੁਨਿਆਦ ਸਵਾਲ ਚੁੱਕ ਰਹੇ ਹਨ ।
ਗੁਜਰਾਤ ਰਾਹੀਂ ਆ ਰਹੇ ਨਸ਼ੇ ਨੂੰ ਰੋਕਣ ਲਈ ਭਾਜਪਾ ਨੇ ਕੀ ਕਦਮ ਚੁੱਕੇ-ਬਲਤੇਜ ਪੰਨੂ
ਗੁਜਰਾਤ ਰਾਹੀਂ ਆ ਰਹੇ ਨਸ਼ੇ ਨੂੰ ਰੋਕਣ ਲਈ ਭਾਜਪਾ ਨੇ ਕੀ ਕਦਮ ਚੁੱਕੇ-ਬਲਤੇਜ ਪੰਨੂ
ਅਜੀਤ ਡੈਸਕ
19-11-2026