21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਬ੍ਰਿਟਿਸ਼ ਕੋਲੰਬੀਆ ’ਚ 98 ਸਾਲ ਬਾਅਦ ਬਣੀ ਕੰਜ਼ਰਵੇਟਿਵ ਸਰਕਾਰ

ਐਬਟਸਫੋਰਡ, 21 ਨਵੰਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਆਫ਼ ਬੀ.ਸੀ. ਦੇ ਨੇਤਾ ਲੋਰਨ ਡੋਰਕਸਨ ਨੇ ਅੱਜ ਸੂਬੇ ਦੇ 38ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਧਾਨੀ ਵਿਕਟੋਰੀਆ ਸਥਿਤ ਗੌਰਮਿੰਟ ਹਾਊਸ ਵਿਖੇ ਕਰਵਾਏ ਗਏ ਸਹੁੰ ਚੁੱਕ ਸਮਾਗਮ ਦੀ ਸ਼ੁਰੂਆਤ ਕੈਨੇਡਾ ਦੇ ਕੌਮੀ ਤਰਾਨੇ ‘ਓ ਕੈਨੇਡਾ’ ਨਾਲ ਹੋਈ। ਉਪਰੰਤ ਬ੍ਰਿਟਿਸ਼ ਕੋਲੰਬੀਆ ਦੀ ਲੈਫਟੀਨੈਂਟ ਗਵਰਨਰ ਵੈਂਡੀ ਇਸਰਾਰ ...

ਅਜੀਤ ਡੈਸਕ 22-11-2026

ਐਬਟਸਫੋਰਡ, 21 ਨਵੰਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਆਫ਼ ਬੀ.ਸੀ. ਦੇ ਨੇਤਾ ਲੋਰਨ ਡੋਰਕਸਨ ਨੇ ਅੱਜ ਸੂਬੇ ਦੇ 38ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਧਾਨੀ ਵਿਕਟੋਰੀਆ ਸਥਿਤ ਗੌਰਮਿੰਟ ਹਾਊਸ ਵਿਖੇ ਕਰਵਾਏ ਗਏ ਸਹੁੰ ਚੁੱਕ ਸਮਾਗਮ ਦੀ ਸ਼ੁਰੂਆਤ ਕੈਨੇਡਾ ਦੇ ਕੌਮੀ ਤਰਾਨੇ ‘ਓ ਕੈਨੇਡਾ’ ਨਾਲ ਹੋਈ। ਉਪਰੰਤ ਬ੍ਰਿਟਿਸ਼ ਕੋਲੰਬੀਆ ਦੀ ਲੈਫਟੀਨੈਂਟ ਗਵਰਨਰ ਵੈਂਡੀ ਇਸਰਾਰ ਕੋਕਚੀਆ ਨੇ ਮੁੱਖ ਮੰਤਰੀ ਲੋਰਨ ਡੋਰਕਸਨ ਦੇ ਕੈਬਨਿਟ ਤੇ ਰਾਜ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ।

ਲੋਰਨ ਡੋਰਕਸਨ ਦੀ ਨਵੀਂ ਵਜ਼ਾਰਤ ਵਿਚ 18 ਕੈਬਨਿਟ ਮੰਤਰੀ, 6 ਰਾਜ ਮੰਤਰੀ ਅਤੇ 12 ਪਾਰਲੀਮਾਨੀ ਸਕੱਤਰ ਬਣਾਏ ਗਏ ਹਨ, ਜਿਨ੍ਹਾਂ ਵਿਚ 1 ਪੰਜਾਬਣ ਤੇ 5 ਪੰਜਾਬੀ ਵਿਧਾਇਕ ਵੀ ਸ਼ਾਮਿਲ ਹਨ। ਨਵੀਂ ਬਣੀ ਕੈਬਨਿਟ ਵਿਚ 16 ਮਰਦ ਤੇ 8 ਔਰਤਾਂ ਨੂੰ ਮੰਤਰੀ ਬਣਾਇਆ ਗਿਆ ਹੈ। ਪਹਿਲਵਾਨ, ਕਬੱਡੀ ਖਿਡਾਰੀ ਤੇ ਪੁਲਿਸ ਅਧਿਕਾਰੀ ਤੋਂ ਸਿਆਸਤਦਾਨ ਬਣੇ ਤੇ ਗੁਰਾਇਆ ਨੇੜਲੇ ਪਿੰਡ ਚੱਕ ਦੇਸ ਰਾਜ ਸਿੰਘ ਪਾਲ ਸਿੰਘ ਸਹੋਤਾ ਦੇ ਫਰਜੰਦ ਤੇ ਪਹਿਲੀ ਵਾਰ ਵਿਧਾਇਕ ਬਣੇ ਜਸਪ੍ਰੀਤ ਸਿੰਘ ‘ਜੈਸੀ’ ਸਹੋਤਾ ਨੂੰ ਸੋਲਿਸਟਰ ਜਨਰਲ ਤੇ ਜਨਤਕ ਸੁਰੱਖਿਆ ਮੰਤਰੀ ਬਣਾਇਆ ਗਿਆ ਹੈ। ਲੈਗਲੀ-ਐਬਟਸਫੋਰਡ ਤੋਂ ਦੂਸਰੀ ਵਾਰ ਵਿਧਾਇਕ ਬਣੇ ਤੇ ਜਲੰਧਰ ਨੇੜਲੇ ਪਿੰਡ ਪੂਰਨਪੁਰ ਦੇ ਸਵ. ਬਲਵਿੰਦਰ ਸਿੰਘ ਭੰਗੂ ਦੇ ਪੁੱਤਰ ਹਰਮਨ ਭੰਗੂ ਨੂੰ ਕਿਰਤ ਰਾਜ ਮੰਤਰੀ ਬਣਾਇਆ ਗਿਆ ਹੈ।

ਪਾਕਿਸਤਾਨੀ ਮੂਲ ਦੇ ਪੰਜਾਬੀ ਤੇ ਇੰਜੀਨੀਅਰ ਤੋਂ ਪਹਿਲੀ ਵਾਰ ਵਿਧਾਇਕ ਬਣੇ ਜੀਸ਼ਾਨ ਵਾਹਲਾ ਨੂੰ ਹਾਊਸਿੰਗ ਰਾਜ ਮੰਤਰੀ ਬਣਾਇਆ ਗਿਆ ਹੈ, ਜਦਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਹੇ ਤੇ ਬਾਬਾ ਬਕਾਲਾ ਨੇੜਲੇ ਪਿੰਡ ਸਠਿਆਲਾ ਦੇ ਜੰਮਪਲ ਤੇ ਦੂਸਰੀ ਵਾਰੀ ਵਿਧਾਇਕ ਬਣੇ ਮਨਦੀਪ ਸਿੰਘ ਧਾਲੀਵਾਲ ਨੂੰ ਖੇਡਾਂ ਤੇ ਸੱਭਿਆਚਾਰ ਦਾ ਸੰਸਦੀ ਸਕੱਤਰ ਬਣਾਇਆ ਗਿਆ ਹੈ। ਲੈਗਲੀ-ਵਿਲੋਬਰੁੱਕ ਤੋਂ ਦੂਸਰੀ ਵਾਰ ਵਿਧਾਇਕਾ ਬਣੀ ਤੇ ਮੁੱਲਾਂਪੁਰ ਦਾਖਾ ਨੇੜਲੇ ਪਿੰਡ ਰਕਬਾ ਦੇ ਅਵਤਾਰ ਸਿੰਘ ਬੱਲ ਦੀ ਧੀ ਜੋਡੀ ਤੂਰ ਨੂੰ ਟੂਰਿਜ਼ਮ ਦਾ ਸੰਸਦੀ ਸਕੱਤਰ ਬਣਾਇਆ ਗਿਆ ਹੈ।

80ਵੇਂ ਦਹਾਕੇ ’ਚ ਉੱਘੇ ਪੰਜਾਬੀ ਗਾਇਕ ਰਹੇ ਕੇ.ਐਸ. ਕੂਨਰ ਦੇ ਪੁੱਤਰ ਤੇ ਦੂਜੀ ਵਾਰ ਵਿਧਾਇਕ ਬਣੇ ਐਡਵੋਕੇਟ ਸਟੀਵ ਕੂਨਰ ਨੂੰ ਇੰਸ਼ੋਰੈਂਸ ਕਾਰਪੋਰੇਸ਼ਨ ਬ੍ਰਿਟਿਸ਼ ਕੋਲੰਬੀਆ ਦਾ ਪਾਰਲੀਮਾਨੀ ਸਕੱਤਰ ਬਣਾਇਆ ਗਿਆ ਹੈ। ਪ੍ਰੋਫ਼ੈਸਰ ਤੋਂ ਪਹਿਲੀ ਵਾਰ ਵਿਧਾਇਕ ਬਣੇ ਡਾ. ਹਰਜ਼ ਧਾਲੀਵਾਲ ਨੂੰ ਟਰਾਂਸਲਿੰਕ ਦਾ ਸੰਸਦੀ ਸਕੱਤਰ ਬਣਾਇਆ ਗਿਆ ਹੈ। ਬ੍ਰਿਟਿਸ਼ ਕੋਲੰਬੀਆ ’ਚ ਸੱਤਾਧਾਰ ਕੰਜ਼ਰਵੇਟਿਵ ਪਾਰਟੀ ਆਫ਼ ਬੀ.ਸੀ. ਦੇ 64, ਨਿਊ ਡੈਮੋਕਰੈਟਿਕ ਪਾਰਟੀ ਦੇ 27 ਅਤੇ ਗਰੀਨ ਪਾਰਟੀ ਦੇ 2 ਵਿਧਾਇਕ ਹਨ। ਵਰਣਨਯੋਗ ਹੈ ਕਿ ਸੰਨ 1903 ਵਿਚ ਹੋਂਦ ਵਿਚ ਆਈ ਕੰਜ਼ਰਵੇਟਿਵ ਪਾਰਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੀ 1928 ’ਚ ਸਰਕਾਰ ਬਣੀ ਸੀ ਤੇ ਉਸ ਤੋਂ ਬਾਅਦ ਹੁਣ ਬਣੀ ਹੈ।

 

ਪਿਛਲੀ ਖ਼ਬਰ ਪੁਤਿਨ ਤੇ ਸ਼ੀ ਨਾਲ ਨੇੜਤਾ ਦਾ ਟਰੰਪ ਵਲੋਂ ਬਚਾਅ ਅਗਲੀ ਖ਼ਬਰ ਕਿਰਪਾਨ ਸੰਬੰਧੀ ਮੌਜੂਦਾ ਕਾਨੂੰਨ ਬਦਲਣ ਦਾ ਸਰਕਾਰ ਦਾ ਕੋਈ ਇਰਾਦਾ ਨਹੀਂ-ਜਸ ਅਠਵਾਲ