ਪੰਥ ਦੀ ਮਰਜ਼ੀ ਤੋਂ ਬਗੈਰ ਕਿਸੇ ਵੀ ਸਰਕਾਰ ਵਲੋਂ ਸਿੱਖ ਧਰਮ ਸਬੰਧੀ ਬਣਾਇਆ ਕੋਈ ਵੀ ਕਾਨੂੰਨ ਪੰਥ ਨੂੰ ਪਰਵਾਨ ਨਹੀਂ ਹੋਵੇਗਾ- ਜਥੇਦਾਰ ਗੜਗੱਜ, ਐਡਵੋਕੇਟ ਧਾਮੀ
ਬਾਬਾ ਬਕਾਲਾ ਸਾਹਿਬ/ਅੰਮ੍ਰਿਤਸਰ, 31 ਮਈ (ਜਸਵੰਤ ਸਿੰਘ ਜੱਸ/ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਇੱਥੇ ਜਥੇਦਾਰ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਸੱਦੇ ਗਏ ਵਿਸ਼ਾਲ ਪੰਥਕ ਸੰਮੇਲਨ ਵਿਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਣਾਇਆ ਗਿਆ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਗੁਰੂ ਗ੍ਰੰਥ ਨਾਲੋਂ ਗੁਰੂ ਪੰਥ ਨੂੰ ਤੋੜਨ ਦੀ ਸਾਜਿਸ਼ ਅਤੇ ਸਿੱਖ ਪੰਥ ਦੇ ਅਧਿਕਾਰਾਂ ਵਿਚ ਸਿੱਧਾ ਦਖ਼ਲ ਹੈ, ਜਿਸ ਨੂੰ ਸਿੱਖ ਪੰਥ ਵਲੋਂ ਪ੍ਰਵਾਣ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਿੱਖ ਪੰਥ ਦੇ ਅੰਦਰੂਨੀ ਧਾਰਮਿਕ ਮਾਮਲਿਆਂ ਚ ਜੋ ਸਰਕਾਰ ਬੇਲੋੜੀ ਦਖਲ ਅੰਦਾਜੀ ਕਰ ਰਹੀ ਹੈ,ਨੂੰ ਪੰਥ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਓਹਨਾ ਕਿਹਾ ਕਿ ਘੱਲੂਘਾਰਾ ਹਫਤੇ ਉਪਰੰਤ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸਦ ਕੇ ਇਸ ਮਸਲੇ ਤੇ ਸਖਤ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖ ਪੰਥ ਦੀ ਮਰਜ਼ੀ ਤੋਂ ਬਗੈਰ ਕੋਈ ਵੀ ਕਾਨੂੰਨ ਕਿਸੇ ਵੀ ਸਰਕਾਰ ਵਲੋਂ ਲਾਗੂ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਇਕ ਮਤਾ ਵੀ ਪੜਿਆ ਗਿਆ ਜਿਸ ਵਿਚ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਗਈ ਕਿ ਉਹ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਬੁਲਾ ਕੇ ਇਸ ਮਾਮਲੇ ਵਿਚ ਸਿੱਖ ਪੰਥ ਅਤੇ ਸ਼੍ਰੋਮਣੀ ਕਮੇਟੀ ਨੂੰ ਯੋਗ ਆਦੇਸ਼ ਦੇਣ, ਜਿਸ ਨੂੰ ਸੰਗਤਾਂ ਨੇ ਹੱਥ ਖੜੇ ਕਰਕੇ ਤੇ ਜੈਕਾਰੇ ਬੁਲਾ ਕੇ ਪ੍ਰਵਾਨਗੀ ਦਿੱਤੀ। ਇਸ ਸੰਮੇਲਨ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਸ਼੍ਰੋਮਣੀ ਪੰਥਕ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਵੀਰ ਸਿੰਘ ਅਕਾਲੀ 96 ਕਰੋੜੀ ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਸਮੇਤ ਹੋਰ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਪੰਥਕ ਸੰਮੇਲਨ ਦੌਰਾਨ ਵਿਚਾਰ ਸਾਂਝੇ ਕੀਤੇ ਗਏ। ਇਸ ਤੋਂ ਬਾਅਦ ਜਥੇਦਾਰ ਗੜਗੱਜ ਅਤੇ ਐਡਵੋਕੇਟ ਧਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ।
;
;
;
;
;
;
;
;
;