ਬੇਅਦਬੀ ਐਕਟ ਸਬੰਧੀ ਪੰਥਕ ਇਤਰਾਜ਼ਾਂ ਤੋਂ ਸੰਗਤਾਂ ਨੂੰ ਜਾਣੂੰ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਸਾਹਿਬਾਨ ਦੇ ਬਾਹਰ ਲਗਾਏ ਗਏ ਫਲੈਕਸ ਬੋਰਡ
ਅੰਮ੍ਰਿਤਸਰ, 16 ਮਈ (ਜਸਵੰਤ ਸਿੰਘ ਜੱਸ)- ਪੰਜਾਬ ਸਰਕਾਰ ਵਲੋਂ ਪਾਸ ਕੀਤੇ ਗਏ ’ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ (2026)’ ਵਿਚ ਮੌਜੂਦ ਖਾਮੀਆਂ ਅਤੇ ਪੰਥਕ ਇਤਰਾਜ਼ਾਂ ਬਾਰੇ ਸੰਗਤ ਨੂੰ ਜਾਣੂੰ ਕਰਵਾਉਣ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਬਾਹਰ ਜਾਣਕਾਰੀ ਭਰਪੂਰ ਫਲੈਕਸ ਬੋਰਡ ਲਗਾਏ ਗਏ ਹਨ। ਇਨ੍ਹਾਂ ਬੋਰਡਾਂ ਵਿਚ ਸਰਕਾਰ ਵਲੋਂ ਬਣਾਏ ਐਕਟ ਵਿਚ ਕਸਟੋਡੀਅਨ ਸ਼ਬਦ ਜ਼ਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਕ ਧਿਰ, ਗ੍ਰੰਥੀ ਤੇ ਅਖੰਡਪਾਠੀ ਸਿੰਘਾਂ, ਗੁਰਦੁਆਰਾ ਕਮੇਟੀਆਂ ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਵਾਲੇ ਸ਼ਰਧਾਲੂਆਂ ਨੂੰ ਬੇਅਦਬੀ ਜਾਂ ਮਰਿਯਾਦਾ ਦੀ ਉਲੰਘਣਾ ਦੇ ਮਾਮਲਿਆਂ ਵਿਚ ਜ਼ਿੰਮੇਵਾਰ ਬਣਾ ਕੇ ਸਜ਼ਾ ਤੇ ਜ਼ੁਰਮਾਨਿਆਂ ਦੇ ਘੇਰੇ ਵਿਚ ਲਿਆਉਣ, ਮਰਿਆਦਾ ਦੀ ਉਲੰਘਣਾ ਨੂੰ ਕਨੂੰਨੀ ਉਲੰਘਣਾ ਵਜੋਂ ਦੋਸ਼ ਦੇ ਘੇਰੇ ਵਿਚ ਲਿਆ ਕੇ ਸੰਗਤਾਂ ਅੰਦਰ ਡਰ ਪੈਦਾ ਕਰਨ, ਪੁਲਿਸ ਵਲੋਂ ਗੁਰਦੁਆਰਾ ਸਾਹਿਬਾਨ ਅੰਦਰ ਸਿੱਧਾ ਦਖ਼ਲ ਦੇਣ ਲਈ ਰਾਹ ਬਨਾਉਣ, ਪੰਥਕ ਸ਼ਬਦਾਵਲੀ ਨੂੰ ਬਦਲਣ ਅਤੇ ਸੇਵਾ ਸੰਭਾਲ ਨਾਲ ਜੁੜੀ ਸ਼ਬਦਾਵਲੀ ਤੇ ਅਸਥਾਨਾਂ ਨੂੰ ਸਿੱਖ ਭਾਵਨਾਵਾਂ ਅਨੁਸਾਰ ਪ੍ਰਭਾਸ਼ਿਤ ਨਾ ਕਰਨ ਸਬੰਧੀ ਜਾਣਕਾਰੀ ਸ਼ਾਮਲ ਕੀਤੀ ਗਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਇਹ ਕੌਮ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਬੇਹੱਦ ਸੰਜੀਦਾ ਮਾਮਲਾ ਹੈ। ਪੰਜਾਬ ਸਰਕਾਰ ਵਲੋਂ ਪਾਸ ਕੀਤੇ ਗਏ ਐਕਟ ਬਾਰੇ ਸਿੱਖ ਵਿਦਵਾਨਾਂ ਅਤੇ ਬੁੱਧੀਜੀਵੀਆਂ ਵਲੋਂ ਗੰਭੀਰ ਇਤਰਾਜ਼ ਪ੍ਰਗਟ ਕੀਤੇ ਗਏ ਹਨ। ਇਨ੍ਹਾਂ ਗੰਭੀਰ ਇਤਰਾਜ਼ਾਂ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆ ਜਾਣਾ ਬੇਹੱਦ ਜ਼ਰੂਰੀ ਹੈ। ਇਸੇ ਦੇ ਮੱਦੇਨਜ਼ਰ ਇਹ ਬੋਰਡ ਲਗਾਏ ਗਏ ਹਨ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਬਹੁਤ ਹੀ ਸੰਵੇਦਨਸ਼ੀਲ ਹਨ ਅਤੇ ਇਸ ਸਬੰਧੀ ਬਣਾਇਆ ਜਾਣ ਵਾਲਾ ਕੋਈ ਵੀ ਕਾਨੂੰਨ ਪੰਥਕ ਭਾਵਨਾਵਾਂ, ਗੁਰਮਤਿ ਸਿਧਾਂਤਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਅਨੁਸਾਰ ਹੋਣਾ ਲਾਜ਼ਮੀ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਸਬੰਧੀ ਜਾਗਰੂਕ ਰਹਿਣ ਅਤੇ ਪੰਥਕ ਏਕਤਾ ਤੇ ਸਿਧਾਂਤਾਂ ਦੀ ਰੱਖਿਆ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਇਕਜੁੱਟ ਹੋਣ।
;
;
;
;
;
;
;
;