ਫਰਨੀਚਰ ਫੈਕਟਰੀ 'ਚ ਭਿਆਨਕ ਅੱਗ, ਕਰੋੜਾਂ ਦਾ ਫਰਨੀਚਰ ਸੜ੍ਹ ਕੇ ਸੁਆਹ
ਜਗਰਾਉਂ, 16 ਮਈ (ਕੁਲਦੀਪ ਸਿੰਘ ਲੋਹਟ)- ਜਗਰਾਉਂ ਦੇ ਕੋਠੇ ਖਜੂਰਾਂ ਤੋਂ ਲੁਧਿਆਣਾ ਰੋਡ 'ਤੇ ਸਥਿਤ ਇਕ ਫਰਨੀਚਰ ਫੈਕਟਰੀ ਵਿਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਫਰਨੀਚਰ ਅਤੇ ਕੀਮਤੀ ਸਮਾਨ ਸੜ੍ਹ ਕੇ ਤਬਾਹ ਹੋ ਗਿਆ। ਅੱਗ ਲੱਗਣ ਦੀ ਘਟਨਾ ਨਾਲ ਇਲਾਕੇ ਵਿਚ ਹੜਕੰਪ ਮਚ ਗਿਆ ਅਤੇ ਦੂਰ-ਦੂਰ ਤੱਕ ਧੂੰਏਂ ਦੇ ਗੁਬਾਰ ਦਿਖਾਈ ਦੇਣ ਲੱਗੇ।
ਪ੍ਰਾਪਤ ਜਾਣਕਾਰੀ ਅਨੁਸਾਰ, ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੁਝ ਹੀ ਸਮੇਂ ਵਿਚ ਉਸ ਨੇ ਫੈਕਟਰੀ ਦੇ ਵੱਡੇ ਹਿੱਸੇ ਨੂੰ ਆਪਣੀ ਲਪੇਟ ਵਿਚ ਲੈ ਲਿਆ। ਫੈਕਟਰੀ ਅੰਦਰ ਪਿਆ ਲੱਕੜ, ਪਲਾਈਵੁੱਡ, ਤਿਆਰ ਫਰਨੀਚਰ ਅਤੇ ਹੋਰ ਜਲਣਸ਼ੀਲ ਸਮੱਗਰੀ ਅੱਗ ਦੀ ਲਪੇਟ ਵਿਚ ਆ ਗਈ, ਜਿਸ ਕਾਰਨ ਅੱਗ ਨੇ ਹੋਰ ਵੀ ਭਿਆਨਕ ਰੂਪ ਧਾਰਨ ਕਰ ਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਜਗਰਾਉ ਦੇ ਨਾਲ-ਨਾਲ ਦਾਖਾ ਅਤੇ ਰਾਏਕੋਟ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਉਣ ਲਈ ਜੱਦੋਜਹਿਦ ਸ਼ੁਰੂ ਕੀਤੀ। ਫਾਇਰ ਕਰਮਚਾਰੀਆਂ ਵਲੋਂ ਲਗਾਤਾਰ ਸਖ਼ਤ ਮਿਹਨਤ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ਾਂ ਜਾਰੀ ਹਨ।
ਮੁੱਢਲੀ ਜਾਣਕਾਰੀ ਮੁਤਾਬਕ, ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ, ਪਰ ਸ਼ਾਰਟ ਸਰਕਿਟ ਨੂੰ ਸੰਭਾਵਿਤ ਕਾਰਨ ਮੰਨਿਆ ਜਾ ਰਿਹਾ ਹੈ। ਘਟਨਾ ਸਬੰਧੀ ਫੈਕਟਰੀ ਮਾਲਕ ਨੇ ਫੁੱਟ-ਫੁੱਟ ਰੋਂਦਿਆਂ ਦੱਸਿਆ ਕਿ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਘਟਨਾ ਸਥਾਨ 'ਤੇ ਮੌਕੇ 'ਤੇ ਪਹੁੰਚੇ ਇੰਸਪੈਕਟਰ ਪਰਮਿੰਦਰ ਸਿੰਘ ਵਲੋਂ ਪ੍ਰਸ਼ਾਸਨ ਤੇ ਲੋਕਾਂ ਦੇ ਸਹਿਯੋਗ ਨਾਲ ਫੈਕਟਰੀ 'ਚ ਪਿਆ ਫਰਨੀਚਰ ਕੱਢਣ ਲਈ ਜੱਦੋਜਹਿਦ ਕੀਤੀ ਜਾ ਰਹੀ ਹੈ।
;
;
;
;
;
;
;
;