JALANDHAR WEATHER

ਸਮੂਹ ਪਾਰਟੀਆਂ ਦੇ ਨੇਤਾਵਾਂ ਅਤੇ ਵਰਕਰਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਵਿਰੁੱਧ ਕੀਤੀ ਨਾਅਰੇਬਾਜ਼ੀ

ਰਾਮਾਂ ਮੰਡੀ, 16 ਮਈ (ਤਰਸੇਮ ਸਿੰਗਲਾ)- ਅੱਜ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਦੀ ਆਖ਼ਿਰੀ ਮਿਤੀ ਦੇ ਕਾਰਨ ਨਗਰ ਕੌਂਸਲ ਦਫ਼ਤਰ ਰਾਮਾਂ ਦੇ ਬਾਹਰ ਪੁਲਿਸ ਵਲੋਂ ਏਰੀਏ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕੀਤਾ ਗਿਆ ਸੀ ਅਤੇ ਦਫ਼ਤਰ ਤੋਂ 200 ਮੀਟਰ ਤੇ ਬੈਰੀਗੇਟਿੰਗ ਕਰਕੇ ਮੌਜੂਦਾ ਆਪ ਸਰਕਾਰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਾਗਜ਼ ਦਾਖਲ ਕਰਨ ਲਈ ਅੰਦਰ ਜਾਣ ਤੋਂ ਸਖ਼ਤੀ ਨਾਲ ਰੋਕਿਆ ਜਾ ਰਿਹਾ ਸੀ। ਜਿਸ ਕਾਰਨ ਤਨਾਅ ਅਤੇ ਟਕਰਾਅ ਦਾ ਮਹੌਲ ਬਣਿਆ ਰਿਹਾ।

ਆਖਿਰ ਨੇਤਾਵਾਂ ਅਤੇ ਵਰਕਰਾਂ ਦੇ ਸੰਘਰਸ਼ ਅੱਗੇ ਪੁਲਿਸ ਨੂੰ ਝੁਕਣਾ ਪਿਆ ਅਤੇ ਸਮੂਹ ਉਮੀਦਵਾਰਾਂ ਨੂੰ ਅੰਦਰ ਜਾਣ ਦਿੱਤਾ ਗਿਆ। ਪਰ ਨਗਰ ਕੌਂਸਲ ਦਫ਼ਤਰ ਦੇ ਅੰਦਰ ਉਸ ਸਮੇਂ ਪੁਲਿਸ ਦੀ ਘਟੀਆਂ ਕਾਰਗੁਜ਼ਾਰੀ ਸਾਹਮਣੇ ਆਈ ਜਦੋਂ ਕੁਝ ਸ਼ਰਾਰਤੀ ਅਨਸਰ ਉਮੀਦਵਾਰਾਂ ਦੀਆਂ ਨਾਮਜ਼ਦਗੀ ਕਾਗਜ਼ ਵਾਲੀਆਂ ਫਾਇਲਾਂ ਖੋਹ ਕੇ ਭੱਜ ਗਏ ਅਤੇ ਪਾੜ ਦਿੱਤੀਆਂ। ਜਿਸਤੋਂ ਬਾਅਦ ਸਮੂਹ ਪਾਰਟੀਆਂ ਦੇ ਨੇਤਾਵਾਂ ਅਤੇ ਵਰਕਰਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੇ ਪਿੱਛਾ ਕਰਕੇ ਉਨ੍ਹਾਂ ਵਿਚੋਂ ਤਿੰਨ ਅਨਸਰਾਂ ਨੂੰ ਫੜ ਲਿਆ ਅਤੇ ਖੂਬ ਕੁਟਾਪਾ ਚਾੜਿਆ।

ਵਰਕਰਾਂ ਦਾ ਕਹਿਣਾ ਹੈ ਕਿ ਜਦੋ ਉਮੀਦਵਾਰਾਂ ਨੂੰ ਅੰਦਰ ਜਾਣ ਤੋਂ ਪੁਲਿਸ ਰੋਕ ਰਹੀ ਹੈ, ਤਾਂ ਸ਼ਰਾਰਤੀ ਅਨਸਰ ਅੰਦਰ ਕਿਵੇਂ ਚਲੇ ਗਏ। ਸਮੂਹ ਵਿਰੋਧੀ ਨੇਤਾਵਾਂ ਅਤੇ ਵਰਕਰਾਂ ਨੇ ਕਿਹਾ ਕਿ ਉਮੀਦਵਾਰਾਂ ਨੂੰ ਚੋਣਾਂ ਤੋਂ ਪਹਿਲਾਂ ਨਾਮਜ਼ਦਗੀ ਕਾਗਜ਼ ਦਾਖਲ ਕਰਨ ਲਈ ਵੀ ਲੜਣਾ ਪੈ ਰਿਹਾ ਹੈ। ਸਮਾਚਾਰ ਲਿਖੇ ਜਾਣ ਤੱਕ ਕਾਗਜ਼ ਦਾਖਲ ਕਰਨ ਲਈ ਸਮੂਹ ਉਮੀਦਵਾਰਾਂ ਵੱਲੋਂ ਜੱਦੋਜਹਿਦ ਜਾਰੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ