ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ ਉਤੇ ਲੱਗੀ ਭਿਆਨਕ ਅੱਗ
ਫ਼ਾਜ਼ਿਲਕਾ, 12 ਅਪ੍ਰੈਲ : (ਪ੍ਰਦੀਪ ਕੁਮਾਰ)- ਭਾਰਤ-ਪਾਕ ਕੌਮਾਂਤਰੀ ਸਰਹੱਦ ਦੀ ਸਾਦਕੀ ਚੌਕੀ ਦੀ ਜ਼ੀਰੋ ਲਾਈਨ ਨੇੜੇ ਸਰਕੰਡਿਆਂ ਵਿਚ ਅਚਾਨਕ ਅੱਗ ਲੱਗਣ ਨਾਲ ਇਲਾਕੇ ਵਿਚ ਹੜਕੰਪ ਮਚ ਗਿਆ। ਜਾਣਕਾਰੀ ਮੁਤਾਬਕ ਇਹ ਅੱਗ ਪਾਕਿਸਤਾਨ ਵਲੋਂ ਫੈਲਦੀ ਹੋਈ ਭਾਰਤੀ ਹੱਦਾਂ ਵਿਚ ਦਾਖਲ ਹੋ ਗਈ, ਜਿਸ ਨਾਲ ਸਰਹੱਦੀ ਪਿੰਡਾਂ ਦੇ ਨੇੜੇ ਖੜ੍ਹੀ ਕਣਕ ਦੀ ਫਸਲ ’ਤੇ ਖਤਰਾ ਬਣ ਗਿਆ। ਪਰ ਪਿੰਡ ਪੱਕਾ ਚਿਸ਼ਤੀ ਦੇ ਲੋਕਾਂ ਅਤੇ ਬੀ. ਐਸ. ਐਫ. ਦੇ ਜਵਾਨਾਂ ਨੇ ਅੱਗ ਨੂੰ ਖੇਤਾਂ ਤੱਕ ਜਾਣ ਤੋਂ ਰੋਕੀ ਰੱਖਿਆ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਮੌਕਾ ਸੰਭਾਲਿਆ। ਦੂਜੇ ਪਾਸੇ ਪਾਕਿਸਤਾਨ ਵਲੋਂ ਵੀ ਆਪਣੇ ਇਲਾਕ਼ੇ ਵਿਚ ਅੱਗ ਨੂੰ ਵਧਣ ਤੋਂ ਰੋਕਿਆ ਗਿਆ।
ਬੀਐਸਐਫ ਦੇ ਜਵਾਨਾਂ ਨੇ ਇਸ ਦੀ ਸੂਚਨਾ ਤੁਰੰਤ ਅਧਿਕਾਰੀਆਂ ਨੂੰ ਦਿੱਤੀ। ਜਵਾਨਾਂ ਅਤੇ ਸਥਾਨਕ ਪਿੰਡ ਵਾਸੀਆਂ ਨੇ ਨਾਲ ਮਿਲ ਕੇ ਅੱਗ ਬੁਝਾਉਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ। ਤੇਜ਼ ਹਵਾਵਾਂ ਕਾਰਨ ਅੱਗ ਤੇਜ਼ੀ ਨਾਲ ਫੈਲ ਰਹੀ ਸੀ, ਜਿਸ ਨਾਲ ਹਾਲਾਤ ਗੰਭੀਰ ਹੋ ਗਏ ਸਨ, ਪਰ ਜਵਾਨਾਂ ਅਤੇ ਲੋਕਾਂ ਦੀ ਮੁਸਤੈਦੀ ਨਾਲ ਸਮੇਂ ਸਿਰ ਅੱਗ ’ਤੇ ਕਾਬੂ ਪਾ ਲਿਆ ਗਿਆ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਉਤੇ ਪੁੱਜੇ ਕੇ ਅੱਗ ਉਤੇ ਕਾਬੂ ਪਾਇਆ। ਇਸ ਦੌਰਾਨ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਦੇ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਪਾਕਿਸਤਾਨ ਤੋਂ ਭਾਰਤ ਵਿਚ ਆਈ ਸੀ। ਪਰ ਸਮੇਂ ਰਹਿੰਦਿਆਂ ਅੱਗ ਉਤੇ ਕਾਬੂ ਪਾ ਲਿਆ ਗਿਆ ਹੈ। ਪਿੰਡ ਵਾਸੀਆਂ ਅਨੁਸਾਰ ਪਾਕਿਸਤਾਨ ਨੇ ਆਪਣੇ ਇਲਾਕ਼ੇ ਵਿਚ ਸਰਕੰਡਿਆਂ ਨੂੰ ਅੱਗ ਲਗਾਈ ਸੀ ਜੋ ਕਿ ਭਾਰਤੀਆਂ ਖ਼ੇਤਰ ਤੱਕ ਪੁੱਜ ਗਈ। ਜਿਸ ਤੋਂ ਬਾਅਦ ਦੋਨਾਂ ਮੁਲਕਾਂ ਨੇ ਆਪਣੇ ਆਪਣੇ ਇਲਾਕ਼ੇ ਵਿਚ ਇਸ ਅੱਗ ਉਤੇ ਕਾਬੂ ਪਾਇਆ। ਜੇ ਅੱਗ ਸਮੇਂ ਸਿਰ ਕਾਬੂ ਨਾ ਕੀਤੀ ਜਾਂਦੀ ਤਾਂ ਵੱਡੇ ਪੱਧਰ ’ਤੇ ਨੁਕਸਾਨ ਹੋ ਸਕਦਾ ਸੀ। ਇਸ ਸਮੇਂ ਹਾਲਾਤ ਕਾਬੂ ਵਿਚ ਹਨ ਅਤੇ ਇਲਾਕੇ ’ਚ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।
;
;
;
;
;
;
;
;