JALANDHAR WEATHER

180 ਈਟੀਟੀ ਰੈਗੂਲਰ ਅਧਿਆਪਕ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਿਰੁੱਧ ਚੜ੍ਹੇ ਪਾਣੀ ਵਾਲੀ ਟੈਂਕੀ ਉਤੇ

ਦਿੜ੍ਹਬਾ ਮੰਡੀ (ਸੰਗਰੂਰ), 3 ਮਾਰਚ (ਜਸਵੀਰ ਸਿੰਘ ਔਜਲਾ) - ਪੰਜਾਬ ਭਰ ਤੋਂ ਆਏ 180 ਈਟੀਟੀ ਰੈਗੂਲਰ ਅਧਿਆਪਕਾਂ ਨੇ ਦਿੜ੍ਹਬਾ ਸ਼ਹਿਰ ਵਿਚ ਇਕੱਠੇ ਹੋ ਕੇ ਹਲਕੇ ਦੇ 25 ਪਿੰਡਾਂ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਿਰੁੱਧ ਪ੍ਰਦਰਸ਼ਨ ਸ਼ੁਰੂ ਕੀਤਾ । ਸੂਲਰ ਘਰਾਟ ਵਿਖੇ ਪੁੱਜਣ 'ਤੇ ਕੁਝ ਅਧਿਆਪਕ ਸਾਥੀ ਸੰਗਰੂਰ ਪਾਤੜਾਂ ਰੋਡ 'ਤੇ ਬਣੀ ਟੈਂਕੀ ਉੱਪਰ ਚੜ੍ਹ ਗਏ । ਉਨ੍ਹਾਂ ਨੇ ਹਰਪਾਲ ਚੀਮਾ ਮੁਰਦਾਬਾਦ ਦੇ ਪੋਸਟਰ ਮੋਬਾਈਲ ਟਾਵਰ ਤੋਂ ਪਿੰਡ ਵਿਚ ਸੁੱਟੇ ।
ਇਸ ਤੋਂ ਬਾਅਦ ਇਹ 180 ਅਧਿਆਪਕ ਪਿੰਡ ਢੰਡੋਲੀ ਕਲਾਂ ਵਿਚ ਪਾਣੀ ਵਾਲੀ ਟੈਂਕੀ ਉੱਪਰ ਵੀ ਮਹਿਲਾ ਅਧਿਆਪਕਾਂ ਸਮੇਤ ਚੜ੍ਹ ਕੇ ਹਰਪਾਲ ਚੀਮਾ ਮੁਰਦਾਬਾਦ ਦੇ ਪੋਸਟਰ ਸੁੱਟਣ ਜਾ ਰਹੇ ਹਨ। ਅਧਿਆਪਕਾਂ ਵਲੋਂ ਦਿੜ੍ਹਬਾ ਹਲਕੇ ਦੇ 25 ਪਿੰਡਾਂ ਵਿਚ ਟੈਂਕੀਆਂ ਟਾਵਰਾਂ ਉੱਪਰ ਚੜ੍ਹ ਕੇ ਹਰਪਾਲ ਚੀਮਾ ਦੇ ਲਾਰਿਆਂ ਦੀ ਪੋਲ ਖੋਲ੍ਹਣ ਦਾ ਰੂਟ ਪਲਾਨ ਬਣਾ ਕੇ ਲੜੀ ਦਰ ਲੜੀ ਹਰਪਾਲ ਚੀਮਾ ਵਿਰੱਧ ਪ੍ਰਚਾਰ ਕੀਤਾ ਗਿਆ । ਸੂਬਾ ਪ੍ਰਧਾਨ ਕਮਲ ਠਾਕੁਰ ਜੀ ਨੇ ਦੱਸਿਆ ਕਿ ਹਰਪਾਲ ਸਿੰਘ ਚੀਮਾ ਲਗਾਤਾਰ ਕਈ ਮਹੀਨਿਆਂ ਤੋਂ ਹਰ 15 ਦਿਨ ਬਾਅਦ ਸਾਡਾ ਮਸਲਾ ਹੱਲ ਕਰਨ ਲਈ ਸਾਨੂੰ ਬੁਲਾ ਕੇ ਪੱਤਰ ਜਾਰੀ ਕਰਨ ਦੀ ਗੱਲ ਕਰਦੇ ਹਨ ਪ੍ਰੰਤੂ ਮੌਕੇ 'ਤੇ ਟਾਲ ਮਟੋਲ ਕਰਦਿਆਂ ਅੱਗੇ ਪਾ ਦਿੰਦੇ ਹਨ । ਸੋ ਅਸੀਂ ਇਨ੍ਹਾਂ ਲਾਰਿਆਂ ਤੋਂ ਤੰਗ ਆ ਕੇ ਅੱਜ ਹਲਕੇ ਦੇ 25 ਪਿੰਡਾਂ ਵਿਚ ਉੱਚੀ ਥਾਂ ਟੈਂਕੀਆਂ ਟਾਵਰਾਂ 'ਤੇ ਚੜ੍ਹ ਕੇ ਆਪਣੇ ਪਰਿਵਾਰਾਂ ਸਮੇਤ ਹਰਪਾਲ ਚੀਮਾ ਦੀ ਮੁਰਦਾਬਾਦ ਕਰ ਰਹੇ ਹਾਂ ।
ਜਰਨਲ ਸਕੱਤਰ ਸੋਹਨ ਸਿੰਘ ਬਰਨਾਲਾ ਨੇ ਦੱਸਿਆ ਕਿ ਹਰਪਾਲ ਸਿੰਘ ਚੀਮਾ ਵਲੋਂ ਬੀਤੀ 27 ਫਰਵਰੀ ਨੂੰ ਵੀ ਮਸਲਾ ਹੱਲ ਕਰਕੇ ਸਾਨੂੰ ਪੱਤਰ ਦੇਣ ਲਈ ਬੁਲਾਇਆ ਗਿਆ ਸੀ ਪ੍ਰੰਤੂ ਵਿਤ ਮੰਤਰੀ ਉਸ ਮੀਟਿੰਗ ਤੋਂ ਗੈਰ ਹਾਜ਼ਰ ਰਹੇ ।
ਸੂਬਾ ਖਜਾਨਚੀ ਗੁਰਮੁਖ ਸਿੰਘ ਪਟਿਆਲਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ 25 ਪਿੰਡਾਂ ਵਾਲਾ ਸੰਘਰਸ਼ ਮਸਲਾ ਹੱਲ ਹੋਣ ਤੱਕ ਜਾਰੀ ਰਹੇਗਾ । 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ