ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਬਾਂਹ ਫੜਨ ਵਾਸਤੇ ਗੁਰਪ੍ਰੀਤ ਘੁੱਗੀ ਡੇਰਾ ਬਾਬਾ ਨਾਨਕ ਪੁੱਜੇ
ਡੇਰਾ ਬਾਬਾ ਨਾਨਕ, 4 ਨਵੰਬਰ (ਹੀਰਾ ਸਿੰਘ ਮਾਂਗਟ)-ਪੰਜਾਬੀ ਅਦਾਕਾਰ ਤੇ ਹਾਸਰਸ ਕਲਾਕਾਰ ਗੁਰਪ੍ਰੀਤ ਘੁੱਗੀ ਅੱਜ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਬਾਂਹ ਫੜਨ ਵਾਸਤੇ ਡੇਰਾ ਬਾਬਾ ਨਾਨਕ ਵਿਖੇ ਪੁੱਜੇ, ਜਿਥੇ ਉਨ੍ਹਾਂ ਵਲੋਂ ਖੁਦ ਟਰੈਕਟਰ ਚਲਾ ਕੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਕਣਕ ਦੀ ਬੀਜਾਈ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਦੇ ਸਹਿਯੋਗ ਤੇ ਦੁਬਈ ਦੀ ਟਰਾਂਸਪੋਰਟ ਪੰਜਾਬੀ ਕਮਿਊਨਿਟੀ ਦੇ ਸਹਿਯੋਗ ਸਦਕਾ ਅੱਜ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਕਣਕ ਦੀ ਬੀਜਾਈ ਕਰਨ ਵਾਸਤੇ ਪੁੱਜੇ ਹਨ। ਉਨ੍ਹਾਂ ਕਿਹਾ ਕਿ ਦੁਬਈ ਦੇ ਡਰਾਈਵਰ ਭਾਈਚਾਰੇ ਵਲੋਂ ਇਨ੍ਹਾਂ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ 2500 ਏਕੜ ਦੇ ਕਰੀਬ ਕਣਕ ਦੀ ਬੀਜਾਈ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਖਾਦ, ਬੀਜ ਤੇ ਡੀਜ਼ਲ ਸਮੇਤ ਸਾਰਾ ਬੰਦੋਬਸਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਉਹ ਅੱਜ 600 ਏਕੜ ਕਣਕ ਲਈ ਬੀਜ ਤੇ ਖਾਦ ਲੈ ਕੇ ਪੁੱਜੇ ਹਨ। ਇਸ ਤੋਂ ਪਹਿਲਾਂ ਗੁਰਪ੍ਰੀਤ ਘੁੱਗੀ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਵਿਖੇ ਪੁੱਜੇ ਜਿਥੇ ਉਨ੍ਹਾਂ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਗੁਰਦੁਆਰਾ ਸ੍ਰੀ ਚੋਲਾ ਸਾਹਿਬ ਵਿਖੇ ਪੁੱਜਣ ਉਤੇ ਬਾਬਾ ਅਵਤਾਰ ਸਿੰਘ ਜੀ ਬੇਦੀ ਚੋਲਾ ਸਾਹਿਬ ਵਾਲਿਆਂ ਵਲੋਂ ਗੁਰਪ੍ਰੀਤ ਘੁੱਗੀ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ ਉਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਬਾਬਾ ਅਵਤਾਰ ਸਿੰਘ ਬੇਦੀ ਸ੍ਰੀ ਚੋਲਾ ਸਾਹਿਬ ਵਾਲੇ, ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ, ਸੂਬਾ ਕਿਸਾਨ ਆਗੂ ਕੰਵਲਜੀਤ ਸਿੰਘ ਖੁਸ਼ਹਾਲਪੁਰ, ਨਿਰਮਲ ਸਿੰਘ, ਬਹਾਦਰ ਸਿੰਘ, ਅਮਨਦੀਪ ਸਿੰਘ, ਅੰਗਰੇਜ਼ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਤੇ ਗੁਰਪ੍ਰੀਤ ਘੁੱਗੀ ਦੇ ਸਾਥੀ ਹਾਜ਼ਰ ਸਨ।
;
;
;
;
;
;
;
;