JALANDHAR WEATHER

ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ 12 ਹਿੰਦੂ ਸ਼ਰਧਾਲੂਆਂ ਨੂੰ ਪਾਕਿਸਤਾਨ ਕਸਟਮ-ਇਮੀਗ੍ਰੇਸ਼ਨ ਨੇ ਭੇਜਿਆ ਵਾਪਸ

ਅਟਾਰੀ (ਅੰਮ੍ਰਿਤਸਰ), 4 ਨਵੰਬਰ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਪਾਕਿਸਤਾਨ ਸਰਕਾਰ ਦੇ ਉੱਚ ਅਧਿਕਾਰੀਆਂ ਨੇ ਹਿੰਦੂ ਪਰਿਵਾਰ ਦੇ 12 ਮੈਂਬਰਾਂ ਨੂੰ ਭਾਰਤ ਵਾਪਸ ਕਰ ਦਿੱਤਾ ਹੈ। ਉਹ 5 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ 556ਵੇਂ ਪ੍ਰਕਾਸ਼ ਗੁਰਪੁਰਬ ਮੌਕੇ ਨਤਮਸਤਕ ਹੋਣ ਜਾ ਰਹੇ ਸਨ। ਅੱਜ 4 ਨਵੰਬਰ ਨੂੰ ਭਾਰਤ ਤੋਂ 1942 ਸਿੱਖ ਸ਼ਰਧਾਲੂ ਅੰਤਰਰਾਸ਼ਟਰੀ ਅਟਾਰੀ-ਵਾਹਗਾ ਸਰਹੱਦ ਸੜਕ ਰਸਤੇ ਪਾਕਿਸਤਾਨ ਗਏ ਹਨ, ਜਿਨ੍ਹਾਂ ਵਿਚ ਇਹ 12 ਸ਼ਰਧਾਲੂ ਵੀ ਗੁਰਧਾਮਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਬਣਾਉਣ ਗਏ ਸਨ। ਇਨ੍ਹਾਂ ਯਾਤਰੀਆਂ ਵਿਚ ਤਿੰਨ ਸ਼ਰਧਾਲੂ 60 ਸਾਲ ਤੋਂ ਵੱਧ ਉਮਰ ਦੇ ਅਤੇ ਅਮੀਰ ਚੰਦ ਪਤੀ-ਪਤਨੀ 55 ਸਾਲ ਦੇ ਹਨ। ਸ਼ਰਧਾਲੂ ਅਮੀਰ ਚੰਦ ਨੇ ਹੰਝੂ ਭਰੀਆਂ ਅੱਖਾਂ ਅਤੇ ਦੁਖੀ ਮਨ ਨਾਲ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੂੰ ਬੜੀ ਖੁਸ਼ੀ ਸੀ। ਉਹ ਬੜੇ ਚਾਅ ਨਾਲ ਪਾਕਿਸਤਾਨ ਗਏ ਸਨ ਤਾਂ ਕਿ ਜਿਊਂਦੇ ਜੀਅ ਪਰਿਵਾਰ ਸਮੇਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਣ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਕਸਟਮ-ਇਮੀਗ੍ਰੇਸ਼ਨ ਦੇ ਉੱਚ ਅਧਿਕਾਰੀਆਂ ਵਲੋਂ ਕਿਹਾ ਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਸਿੱਖ ਹੀ ਜਾ ਸਕਦੇ ਹਨ। ਹਿੰਦੂ ਸ਼ਰਧਾਲੂਆਂ ਨੂੰ ਸਿੱਖ ਜਥੇ ਨਾਲ ਜਾਣ ਦੀ ਆਗਿਆ ਨਹੀਂ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਕੌਮਾਂਤਰੀ ਅਟਾਰੀ ਸਰਹੱਦ ਉਤੇ ਸਥਿਤ ਇੰਟੀਗਰੇਟਡ ਚੈੱਕ ਪੋਸਟ ਵਿਖੇ ਤਾਇਨਾਤ ਭਾਰਤੀ ਇਮੀਗਰੇਸ਼ਨ ਅਤੇ ਕਸਟਮ ਵਲੋਂ ਹਿੰਦੂ ਸ਼ਰਧਾਲੂਆਂ ਨੂੰ ਪਹਿਲ ਦੇ ਆਧਾਰ ਉਤੇ ਕਲੀਅਰੈਂਸ ਦਿੱਤੀ ਗਈ ਤਾਂ ਕਿ ਉਹ ਪਰਿਵਾਰ ਨਾਲ ਸਮੇਂ-ਸਿਰ ਆਪਣੀ ਮੰਜ਼ਿਲ ਉਤੇ ਪਹੁੰਚ ਸਕਣ। ਇਨ੍ਹਾਂ 12 ਸ਼ਰਧਾਲੂਆਂ ਨੂੰ ਕਈ ਘੰਟੇ ਪਾਕਿਸਤਾਨ ਦੇ ਵਾਹਗਾ ਬਾਰਡਰ ਸਟੇਸ਼ਨ ਉਤੇ ਰੋਕੀ ਰੱਖਿਆ ਅਤੇ ਬਾਅਦ ਵਿਚ ਭਾਰਤ ਵਾਪਸ ਭੇਜ ਦਿੱਤਾ ਗਿਆ। ਦੱਸ ਦਈਏ ਕਿ ਇਹ ਪਾਕਿਸਤਾਨੀ ਹਿੰਦੂ ਪਰਿਵਾਰ ਮੁਸਲਮਾਨ ਕੱਟੜ ਪੰਥੀਆਂ ਤੋਂ ਡਰਦੇ ਹੋਏ ਸਾਲ 1999 ਵਿਚ ਭਾਰਤ ਰਹਿੰਦੇ ਰਿਸ਼ਤੇਦਾਰਾਂ ਕੋਲ ਰਾਜਧਾਨੀ ਦਿੱਲੀ ਆ ਗਏ ਸਨ। ਭਾਰਤ ਸਰਕਾਰ ਨੇ ਉਨ੍ਹਾਂ ਦੇ ਦੁੱਖੜੇ ਸੁਣਦੇ ਹੋਏ ਸਾਲ 2008 ਵਿਚ ਇਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਦੇ ਦਿੱਤੀ ਸੀ ਤਾਂ ਕਿ ਉਹ ਮੁਸਲਮਾਨ ਕੱਟੜ ਪੰਥੀਆਂ ਦੇ ਜ਼ੁਲਮਾਂ ਤੋਂ ਬਚ ਸਕਣ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ