ਸੀ.ਬੀ.ਆਈ. ਵਲੋਂ ਮੁਅੱਤਲ ਡੀ.ਆਈ.ਜੀ. ਮਾਮਲੇ 'ਚ ਮਾਛੀਵਾੜਾ 'ਚ ਵੱਖ-ਵੱਖ ਥਾਵਾਂ 'ਤੇ ਜਾਂਚ
ਮਾਛੀਵਾੜਾ ਸਾਹਿਬ, 4 ਨਵੰਬਰ (ਰਾਜਦੀਪ ਸਿੰਘ ਅਲਬੇਲਾ)-ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਮਾਮਲੇ ਵਿਚ ਸੀ.ਬੀ.ਆਈ. ਟੀਮ ਨੇ ਅੱਜ ਫਿਰ ਮਾਛੀਵਾੜਾ ਸਾਹਿਬ ਅਤੇ ਆਸ-ਪਾਸ ਇਲਾਕਿਆਂ ਵਿਚ ਜਾਂਚ ਕੀਤੀ। ਜਾਣਕਾਰੀ ਅਨੁਸਾਰ ਸੀ.ਬੀ.ਆਈ. ਟੀਮ ਵਲੋਂ ਡੀ.ਆਈ.ਜੀ. ਭੁੱਲਰ ਦੇ ਘਰ ਮਿਲੇ ਪ੍ਰਾਪਰਟੀ ਕਾਗਜ਼ਾਤ ਜਿਸ ਵਿਚ ਨੇੜਲੇ ਪਿੰਡ ਮੰਡ ਸ਼ੇਰੀਆਂ ਵਿਖੇ 55 ਏਕੜ ਵਿਚ ਸਥਿਤ ਭੁੱਲਰ ਫਾਰਮ ਅਤੇ ਸ਼ਹਿਰ ਵਿਚ ਜੋ ਦੁਕਾਨਾਂ ਹਨ, ਉਸ ਸਬੰਧੀ ਜਾਂਚ ਕਰ ਰਹੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮੁਅੱਤਲ ਡੀ.ਆਈ.ਜੀ. ਭੁੱਲਰ ਨੇ ਜਿਨ੍ਹਾਂ ਤੋਂ ਪ੍ਰਾਪਰਟੀਆਂ ਖਰੀਦੀਆਂ ਸਨ, ਉਨ੍ਹਾਂ ਨੂੰ ਜਾਂਚ ਦੇ ਘੇਰੇ ਵਿਚ ਲਿਆ ਜਾ ਰਿਹਾ ਹੈ। ਮੰਡ ਸ਼ੇਰੀਆਂ ਵਿਖੇ ਜੋ ਜ਼ਮੀਨ ਡੀ.ਆਈ.ਜੀ. ਭੁੱਲਰ ਵਲੋਂ ਕੁਝ ਸਾਲ ਪਹਿਲਾਂ ਖਰੀਦੀ ਗਈ ਹੈ, ਉਸਨੂੰ ਵੇਚਣ ਵਾਲਿਆਂ ਨੂੰ ਸੀ.ਬੀ.ਆਈ. ਸੰਪਰਕ ਕਰ ਰਹੀ ਹੈ।
ਸੀ.ਬੀ.ਆਈ. ਵਲੋਂ ਇਹ ਜਾਂਚ ਵੀ ਕੀਤੀ ਜਾ ਰਹੀ ਹੈ ਅਤੇ ਪਿੰਡ ਮੰਡ ਸ਼ੇਰੀਆਂ ਵਿਖੇ ਫਾਰਮ ਹਾਊਸ ਉਤੇ ਦੁਕਾਨਾਂ ਤੋਂ ਇਲਾਵਾ ਉਸਦੀ ਕੋਈ ਬੇਨਾਮੀ ਜਾਇਦਾਦ ਤਾਂ ਨਹੀਂ ਅਤੇ ਜੇਕਰ ਹੈ ਤਾਂ ਉਹ ਕਿਸ ਦੇ ਨਾਂਅ ’ਤੇ ਹੈ। ਸੀ.ਬੀ.ਆਈ. ਵਲੋਂ ਅੱਜ ਥਾਣਾ ਕੂੰਮਕਲਾਂ ਦੇ ਇੱਕ ਪਿੰਡ ਵਿਚ ਵੀ ਛਾਪੇਮਾਰੀ ਕੀਤੀ ਗਈ ਅਤੇ ਉੱਥੇ ਲਗਾਤਾਰ ਤਲਾਸ਼ੀ ਲਈ ਗਈ ਜਿਸਦੇ ਤਾਰ ਵੀ ਮੁਅੱਤਲ ਡੀ.ਆਈ.ਜੀ. ਭੁੱਲਰ ਨਾਲ ਜੁੜੇ ਹੋਏ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸੀ.ਬੀ.ਆਈ. ਟੀਮ ਮਾਛੀਵਾੜਾ ਵਿਚ ਕਾਫ਼ੀ ਦੇਰ ਸਰਗਰਮ ਰਹੀ। ਇਸ ਤੋਂ ਇਲਾਵਾ ਕੂੰਮ ਕਲਾਂ ਦੇ ਇਕ ਪਿੰਡ ਵਿਚ ਕਰੀਬ 7 ਮੈਂਬਰੀ ਟੀਮ 6 ਘੰਟੇ ਜਾਂਚ ਵਿਚ ਲੱਗੀ ਰਹੀ। ਜਦੋਂ ਕੂੰਮ ਕਲਾਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਟੀਮ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਵੀ ਮੌਕੇ ’ਤੇ ਪੁੱਜ ਗਏ। ਅੱਜ ਸੀ.ਬੀ.ਆਈ. ਟੀਮ ਨੂੰ ਕੂੰਮ ਕਲਾਂ ਤੇ ਮਾਛੀਵਾੜਾ ਇਲਾਕੇ ’ਚੋਂ ਮੁਅੱਤਲ ਡੀ.ਆਈ.ਜੀ. ਭੁੱਲਰ ਦੇ ਮਾਮਲੇ ’ਚ ਕੀ ਕੁਝ ਮਿਲਿਆ, ਇਸ ਸੰਬੰਧੀ ਕੋਈ ਖੁਲਾਸਾ ਨਾ ਹੋ ਸਕਿਆ। ਮਾਛੀਵਾੜਾ ’ਚ ਜਾਂਚ ਲਈ ਆਏ ਸੀ.ਬੀ.ਆਈ. ਟੀਮ ਦੇ ਅਧਿਕਾਰੀ ਨਾਲ ਜਦੋਂ ਗੱਲ ਕਰਨੀ ਚਾਹੀ ਤਾਂ ਉਹ ਕੁਝ ਵੀ ਨਾ ਬੋਲੇ।
;
;
;
;
;
;
;
;