ਪਿੰਡ ਰਾਏਕੇ ਕਲਾਂ ਵਿਖੇ ਮੇਲੇ ਦੌਰਾਨ ਦੋ ਧਿਰਾਂ 'ਚ ਲੜਾਈ, ਅੱਧੀ ਦਰਜਨ ਨੌਜਵਾਨ ਜ਼ਖ਼ਮੀ

ਸੰਗਤ ਮੰਡੀ, 18 ਸਤੰਬਰ (ਅੰਮ੍ਰਿਤਪਾਲ ਸ਼ਰਮਾ)-ਬੀਤੀ ਰਾਤ ਥਾਣਾ ਨੰਦਗੜ੍ਹ ਦੇ ਪਿੰਡ ਰਾਏਕੇ ਕਲਾਂ ਵਿਖੇ ਚੱਲ ਰਹੇ ਮੇਲੇ ਦੌਰਾਨ ਨੌਜਵਾਨਾਂ ਦੇ ਦੋ ਧੜਿਆਂ ਦੀ ਆਪਸੀ ਤਕਰਾਰ ਤੋਂ ਬਾਅਦ ਲੜਾਈ ਹੋ ਗਈ, ਜੋ ਖੂਨੀ ਰੂਪ ਧਾਰ ਗਈ। ਜਾਣਕਾਰੀ ਅਨੁਸਾਰ ਕਾਲਜ ਦੇ ਮੁੰਡਿਆਂ ਦੀ ਪ੍ਰਧਾਨਗੀ ਸਬੰਧੀ ਵੋਟਾਂ ਬਾਰੇ ਰੰਜਿਸ਼ ਤਹਿਤ ਮੇਲੇ ਵਿਚ ਆਏ ਨੌਜਵਾਨਾਂ ਦੀ ਆਪਸੀ ਤਕਰਾਰ ਹੋ ਗਈ। ਬਾਹਰੀ ਪਿੰਡ ਦੇ ਇਕ ਨੌਜਵਾਨ ਵਲੋਂ ਤੇਜ਼ਧਾਰ ਹਥਿਆਰ ਨਾਲ ਪਿੰਡ ਦੇ ਕਿਸੇ ਨੌਜਵਾਨ ਉਤੇ ਹਮਲਾ ਕਰ ਦਿੱਤਾ ਅਤੇ ਭੱਜ ਕੇ ਉਹ ਪਿੰਡ ਦੇ ਕਿਸੇ ਘਰ ਵੜ ਗਿਆ। ਪਿੰਡ ਵਾਸੀ ਉਸ ਨੂੰ ਬਾਹਰ ਕੱਢਣ ਦਾ ਯਤਨ ਕਰ ਰਹੇ ਸਨ ਤਾਂ ਥਾਣਾ ਨੰਦਗੜ੍ਹ ਦੇ ਮੁਖੀ ਇੰਸਪੈਕਟਰ ਰਵਿੰਦਰ ਸਿੰਘ, ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਸਮੇਤ ਪੁਲਿਸ ਮੁਲਾਜ਼ਮ ਉਥੇ ਪੁੱਜ ਗਏ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਲੜਾਈ ਦੌਰਾਨ ਨੌਜਵਾਨਾਂ ਵਲੋਂ ਪੁਲਿਸ ਪਾਰਟੀ ਉਤੇ ਵੀ ਹਮਲਾ ਕਰ ਦਿੱਤਾ ਗਿਆ, ਜਿਸ ਵਿਚ ਐਸ. ਐਚ. ਓ. ਸਮੇਤ 3 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਅਤੇ ਅੱਧੀ ਦਰਜਨ ਹੋਰ ਨੌਜਵਾਨਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ, ਜੋ ਕਿ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਹਨ। ਹਰਜੀਤ ਸਿੰਘ ਮਾਨ ਡੀ. ਐਸ. ਪੀ. ਬਠਿੰਡਾ ਦਿਹਾਤੀ ਵਲੋਂ ਮੌਕੇ ਉਤੇ ਪਹੁੰਚ ਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।