ਭੋਪਾਲ ਦੇ ਮੁਸਲਿਮ ਵਿਧਾਇਕ ਆਰਿਫ ਮਸੂਦ ਅਤੇ ਭੋਪਾਲ ਵਾਸੀਆਂ ਵਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਛੇ ਟਰੱਕ ਰਾਹਤ ਸਮਗਰੀ ਭੇਜੀ

ਅੰਮ੍ਰਿਤਸਰ, 18 ਸਤੰਬਰ (ਜਸਵੰਤ ਸਿੰਘ ਜੱਸ)- ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਭੋਪਾਲ ਵਸਦਾ ਮੁਸਲਿਮ ਭਾਈਚਾਰਾ ਵੀ ਅੱਗੇ ਆਇਆ ਹੈ। ਭੋਪਾਲ ਦੇ ਇਕ ਮੁਸਲਮਾਨ ਵਿਧਾਇਕ ਆਰਿਫ ਮਸੂਦ ਦੀ ਅਗਵਾਈ ਵਿਚ ਭੋਪਾਲ ਵਾਸੀਆਂ ਵਲੋਂ ਪੰਜਾਬ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਰਾਹਤ ਸਮੱਗਰੀ ਦੇ ਛੇ ਟਰੱਕ ਸ਼੍ਰੋਮਣੀ ਕਮੇਟੀ ਨੂੰ ਭੇਟ ਕੀਤੇ ਗਏ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ, ਮੈਨੇਜਰ ਰਜਿੰਦਰ ਸਿੰਘ ਰੂਬੀ ਤੇ ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ ਵਲੋਂ ਰਾਹਤ ਸਮਗਰੀ ਲੈ ਕੇ ਭੋਪਾਲ ਤੋਂ ਪੁੱਜੇ। ਮੁਸਲਿਮ ਭਾਈਚਾਰੇ ਦੇ ਆਗੂਆਂ ਅਤੇ ਹੋਰਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ ਮੈਨੇਜਰ ਧੰਗੇੜਾ ਨੇ ਦੱਸਿਆ ਕਿ ਰਾਹਤ ਸਮਗਰੀ ਹੜ੍ਹ ਪੀੜਤ ਇਲਾਕਿਆਂ ਦੇ ਲੋੜਵੰਦਾਂ ਤੱਕ ਸ਼੍ਰੋਮਣੀ ਕਮੇਟੀ ਵਲੋਂ ਪੁੱਜਦਾ ਕੀਤੀ ਜਾਵੇਗੀ।