ਰਾਵੀ ਦਰਿਆ ਵਿਚ ਆਏ ਹੜ੍ਹਾਂ ਕਾਰਨ ਪਏ ਪਾੜ ਨੂੰ ਪੂਰਨ ਸਮੇਂ ਵਾਪਰਿਆ ਵੱਡਾ ਹਾਦਸਾ

ਅਜਨਾਲਾ, ਗੱਗੋਮਾਹਲ, ਰਮਦਾਸ (ਅੰਮ੍ਰਿਤਸਰ), 18 ਸਤੰਬਰ (ਢਿੱਲੋਂ/ਸੰਧੂ/ਵਾਹਲਾ)- ਰਾਵੀ ਦਰਿਆ ਵਿਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਟੁੱਟੇ ਬੰਨ੍ਹਾਂ ਨੂੰ ਪੂਰਨ ਲਈ ਕਾਰ ਸੇਵਾ ਗੁਰੂ ਕਾ ਬਾਗ ਵਾਲੇ ਮਹਾਂਪੁਰਖਾਂ ਵਲੋਂ ਸੇਵਾ ਕੀਤੀ ਜਾ ਰਹੀ ਹੈ, ਜੋ ਕਿ ਲਗਾਤਾਰ ਕਾਫ਼ੀ ਦਿਨਾਂ ਤੋਂ ਚੱਲ ਰਹੀ ਸੀ ਪਰ ਅੱਜ ਉਸ ਸਮੇਂ ਇਕ ਵੱਡਾ ਹਾਦਸਾ ਵਾਪਰ ਗਿਆ ਜਦੋਂ ਕਾਰ ਸੇਵਾ ਵਾਲੇ ਮਹਾਂਪੁਰਖਾਂ ਦੀ ਸੇਵਾ ਕਰ ਰਹੀ ਪੋਕਲੇਨ ਮਸ਼ੀਨ ਅਚਾਨਕ ਆਪਣਾ ਸੰਤੁਲਨ ਗਵਾ ਕੇ ਡੂੰਘੇ ਪਾਣੀ ਵਿਚ ਜਾ ਡਿੱਗੀ ਤੇ ਵੇਖਦੇ ਹੀ ਵੇਖਦੇ ਡੂੰਘੇ ਪਾਣੀ ਵਿਚ ਡੁੱਬ ਗਈ। ਮਸ਼ੀਨ ਚਾਲਕ ਵਲੋਂ ਛਾਲ ਮਾਰ ਕੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ਗਈ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਦੱਸਿਆ ਕਿ ਉਨ੍ਹਾਂ ਦੀ ਪੋਕਲੇਨ ਮਸ਼ੀਨ ਅੱਜ ਡੂੰਘੇ ਪਾਣੀ ਵਿਚ ਡੁੱਬ ਗਈ ਹੈ ਜੋ ਕਿ ਪਾਣੀ ਵਿਚ ਕਿਧਰੇ ਨਜ਼ਰ ਵੀ ਨਹੀਂ ਆ ਰਹੀ। ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਪਾਣੀ ਵਿਚ ਡੁੱਬੀ ਪੋਕਲੇਨ ਮਸ਼ੀਨ ਨੂੰ ਤੁਰੰਤ ਬਾਹਰ ਕੱਢਿਆ ਜਾਵੇ ਤਾਂ ਜੋ ਬੰਨ੍ਹ ਪੂਰਨ ਲਈ ਚਲਾਈਆਂ ਜਾ ਰਹੀਆਂ ਸੇਵਾਵਾਂ ਨੂੰ ਨਿਰਵਿਘਨ ਜਾਰੀ ਰੱਖਿਆ ਜਾ ਸਕੇ।